ਭਗਉਤੀ ਕੀ ਵਾਰ ਖੰਡ ਵਿਚ ਲਪੇਟ ਕੇ ਦਿੱਤੀ ਜਹਿਰ


ਭਗਉਤੀ ਕੀ ਵਾਰ ਖੰਡ ਵਿਚ ਲਪੇਟ ਕੇ ਦਿੱਤੀ ਜਹਿਰ

ਸਿਖ ਕੌਮ ਦੇ ਵਿਰੋਧੀਆਂ ਵਲੋਂ ਵਕਤ ਵਕਤ ਤੇ ਅਨੇਕਾਂ ਸਾਜਿਸ਼ਾ ਰਚਕੇ ਸਿਖਾਂ ਨੂੰ ਆਪਣੇ ਧੁਰੇ (ਇੱਕ ਅਕਾਲ ਪੁਰਖ) ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ| ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਵਲੋਂ ਅਨੇਕਾਂ ਤਰਾਂ ਦੀਆਂ ਝੂਠੀਆਂ ਸਾਖੀਆਂ ਘੜ ਕੇ, ਪਰੰਪਰਾਵਾਦ ਦਾ ਢੰਡੋਰਾ ਪਿੱਟਣ ਵਾਲਿਆਂ ਵਲੋਂ ਬੜੇ ਜੋਰ ਸ਼ੋਰ ਨਾਲ ਪ੍ਰਚਾਰ ਕਰਕੇ ਸਿਖਾਂ ਨੂੰ ਦਿਸ਼ਾਹੀਣ ਕਰਨ ਦੀ ਕੋਸ਼ਿਸ਼ ਕੀਤੀ ਗਈ| ਇਹਨਾਂ ਹੀ ਲੋਕਾਂ ਵਲੋਂ ਕਦੀ ਭਾਈ ਬਾਲਾ ਜੀ ਦੇ ਫਰਜੀ ਨਾਮ ਤੇ 'ਭਾਈ ਬਾਲੇ ਵਾਲੀ ਜਨਮ ਸਾਖੀ' ਘੜੀ ਗਈ ਤੇ ਉਸ ਵਿਚ ਰੱਜ ਕੇ ਗੁਰਮਤਿ ਵਿਚਾਰਧਾਰਾ ਦਾ ਮਜਾਕ ਉਡਾਇਆ ਗਿਆ ਤੇ ਬੜੇ ਟੇਢੇ ਤਰੀਕੇ ਦੇ ਨਾਲ ਗੁਰੂ ਨਾਨਕ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਉਸਨੂੰ ਵੀ ਇਹਨਾਂ ਅਖੌਤੀ ਪ੍ਰੰਪਰਾਵਾਦੀਆਂ ਨੇ ਰੱਜ ਕੇ ਪ੍ਰਚਾਰਿਆ | ਇਹ ਤਾਂ ਸ਼ੁਕਰ ਹੈ ਗਿਆਨੀ ਦਿੱਤ ਸਿੰਘ ਜੀ ਦਾ ਜਿਹਨਾਂ ਨੇ ਆਪਣੀ ਪੁਸਤਕ 'ਕੱਤਕ ਕਿ ਵਿਸਾਖ' ਰਾਹੀਂ ਸਿਖ ਕੌਮ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਤੇ ਇਸ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਅਸਲੀਅਤ ਨੂੰ ਸਿਖ ਸੰਗਤਾਂ ਮੂਹਰੇ ਪੇਸ਼ ਕੀਤਾ | ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਲੋਕਾਂ ਵਲੋਂ ਸਿਖ ਗੁਰੂਆਂ ਨੂੰ ਨੀਵਾਂ ਦਿਖਾਉਣ ਲਈ ਤੇ ਸਿਖਾਂ ਨੂੰ ਪੱਕੇ ਤੌਰ ਤੇ ਹਿੰਦੂਆਂ ਦੇ ਗੁਲਾਮ ਬਣਾਉਣ ਲਈ ਜਾਣੇ ਅਨਜਾਣੇ ਇੱਕ ਸਾਜਿਸ਼ ਅਤੇ ਸਮਝੌਤੇ ਦੇ ਅਧੀਨ ਸਿਖ ਰਹਿਤ ਮਰਿਯਾਦਾ ਦੇ ਨਾਮ ਹੇਠ ਇਸ ਭਗਉਤੀ ਨੂੰ ਸਿਖਾਂ ਦੇ ਗਲੇ ਅਰਦਾਸ ਬਣਾ ਕੇ ਮੜ ਦਿੱਤਾ ਗਿਆ ਹੈ ਜਿਸਤੋਂ ਕਿ ਅੱਜ ਖਹਿੜਾ ਛੁਡਾਉਣਾ ਬੜਾ ਮੁਸ਼ਕਿਲ ਹੋਇਆ ਪਿਆ ਹੈ | ਭੋਲੇ ਭਾਲੇ ਸਿਖ ਬਚਿੱਤਰ ਨਾਟਕ ਬਾਰੇ ਜਾਣਕਾਰੀ ਨਾਂ ਹੋਣ ਕਰਕੇ ਇਸ ਭਗਉਤੀ ਦੇ ਅੱਗੇ ਹੀ ਅਰਦਾਸਾਂ ਕਰਦੇ ਚਲੇ ਆ ਰਹੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਕਿ ਜਿਸ ਭਗਉਤੀ ਨੂੰ ਉਹ  ਸ਼ਕਤੀ ਵਾਚਕ ਤਲਵਾਰ ਸਮਝ ਰਹੇ ਹਨ  ਤੇ ਕੋਈ ਅਕਾਲ ਪੁਰਖ ਸਮਝ ਰਿਹਾ ਹੈ ਅਸਲ ਵਿਚ ਦੇਵੀ ਦੁਰਗਾ, ਕਾਲਕਾ, ਚੰਡਕਾ ਜਾਂ ਚੰਡੀ, ਕਾਲੀ ਤੇ ਭਗਉਤੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ| ਅਸਲ ਵਿਚ ਜਿਥੋਂ ਇਹ ਅਰਦਾਸ ਦੀ ਪਉੜੀ ਲਈ ਗਈ ਹੈ ਉਹ ਸਾਰੀ ਇਹਨਾਂ ਦੇਵੀਆਂ ਦੀ ਉਪਮਾ ਨਾਲ ਹੀ ਭਰੀ ਪਈ ਹੈ |

ਜਿਸਨੂੰ ਅੱਜ 'ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦' ਆਖਿਆ ਜਾਂਦਾ ਹੈ ਅਸਲ ਵਿਚ ਇਹ 'ਵਾਰ ਦੁਰਗਾ ਕੀ' ਸੀ ਜਿਸਨੂੰ ਬਦਲ ਕੇ ਅੱਜ ਵਾਲਾ ਪ੍ਰਚਲਿਤ ਨਾਮ ਦੇ ਦਿੱਤਾ ਗਿਆ ਤੇ ਇਸਦੇ ਟਾਈਟਲ ਨਾਲ ਇੱਕ ਸੋਚੀ ਸਮਝੀ ਸਾਜਿਸ਼ ਦੁਆਰਾ ਪਾਤਸ਼ਾਹੀ ੧੦ ਵੀ ਜੋੜ ਦਿੱਤਾ ਗਿਆ ਤਾਂ ਕਿ ਕੋਈ ਵੀ ਸਿਖ ਅਖਵਾਉਣ ਵਾਲਾ ਇਸਤੇ ਸ਼ੱਕ ਨਾਂ ਕਰ ਸਕੇ ਤੇ ਨਾਂ ਹੀ ਇਸਦੇ ਉਲਟ ਕੁਝ ਕਹਿਣ ਦੀ ਜੁਅਰੱਤ ਕਰ ਸਕੇ | ਇਥੇ ਸਿਖ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਭਾਗ ਸਿੰਘ ਜੀ ਅੰਬਾਲਾ ਦਾ ਵਿਸ਼ੇਸ਼ ਜਿਕਰ ਕਰਨਾ ਬਣਦਾ ਹੈ ਜਿਹਨਾਂ ਨੇ ਇਸ ਭਗਉਤੀ ਵਾਲੀ ਵਾਰ ਬਾਰੇ ਬੜੀ ਦੇਰ ਪਹਿਲਾਂ ਹੀ ਸਾਵਧਾਨ  ਕਰ ਦਿੱਤਾ ਸੀ ਅਜੋਕੇ ਸਮੇਂ ਅੰਦਰ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਉਹਨਾਂ ਤੋਂ ਬਾਅਦ ਪ੍ਰੋ: ਦਰਸ਼ਨ ਸਿੰਘ ਜੀ ਨੇ ਇਸ ਬਚਿੱਤਰ ਨਾਟਕ ਦੀਆਂ ਰਚਨਾਵਾਂ ਦਾ ਪਾਜ ਉਘਾੜਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ| ਇਸ ਵਾਰ ਅੰਦਰ ਥਾਂ ਪਰ ਥਾਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਵਿਚਾਰ ਦਿੱਤੇ ਹੋਏ ਹਨ ਇੱਕ ਥਾਂ ਕਵੀ ਲਿਖਦਾ ਹੈ ਕਿ :

ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥
ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥

ਇਸਦੇ ਸੌਖੇ ਅਰਥ ਕੀਤਿਆਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਯੁਧ ਸ਼ੁਰੂ ਹੋ ਗਿਆ ਤੇ ਦੁਰਗਾ ਨੇ ਕਿਰਪਾਨ ਨੂੰ ਧੂਹ ਕੇ ਦੈਂਤ ਤੇ ਬੜੀ ਜੋਰ ਨਾਲ ਵਾਰ ਕੀਤਾ ਤੇ ਉਹ ਕਿਰਪਾਨ ਉਸਦੇ ਸਿਰ ਤੋਂ ਹੁੰਦੀ ਹੋਈ ਉਸਦੇ ਸਰੀਰ ਨੂੰ ਚੀਰਦੀ ਹੋਈ, ਘੋੜੇ ਦੀ ਕਾਠੀ ਨੂੰ ਚੀਰ ਕੇ ਧਰਤੀ ਦੇ ਹੇਠਾਂ ਜਾ ਕੇ ਇਹਨਾਂ ਦੇ ਧਉਲੇ ਬਲਦ ਦੇ ਸਿੰਗਾਂ ਨੂੰ ਜਾ ਟਕਰਾਈ |
ਹੁਣ ਇਹ ਵਿਚਾਰਧਾਰਾ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਬਿਲਕੁੱਲ ਉਲਟ ਹੈ ਗੁਰਬਾਣੀ ਕਿਸੇ ਧਉਲੇ ਬਲਦ ਨੂੰ ਨਹੀਂ ਮੰਨਦੀ ਬਲਕਿ ਇਹ ਆਖਦੀ ਹੈ ਕਿ:

ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਹੁਣ ਜੇਕਰ ਇਹ ਦੁਰਗਾ ਕੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਹੁੰਦੀ ਤਾਂ ਉਹਨਾਂ ਦੇ ਵਿਚਾਰ ਗੁਰੂ ਨਾਨਕ ਜੀ ਨਾਲੋਂ ਵਖਰੇ ਕਿਵੇਂ ਹੋ ਸਕਦੇ ਸਨ ? ਗੁਰੂ ਨਾਨਕ ਜੀ ਨੇ ਤਾਂ ਕਿਸੇ ਧਉਲੇ ਬਲਦ ਨੂੰ ਨਹੀਂ ਮੰਨਿਆਂ ਬਲਕਿ ਇਹੋ ਜਿਹੀਆਂ ਗੱਪਾਂ ਮਾਰਨ ਵਾਲਿਆਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਤੁਸੀਂ ਕੋਈ ਧੌਲਾ ਬਲਦ ਮੰਨਦੇ ਹੋ ਤਾਂ ਉਹ ਕਿਸਦੇ ਤਲ ਤੇ ਖੜਾ ਹੈ ਆਖਿਰ ਉਹ ਵੀ ਤਾਂ ਧਰਤੀ ਦੇ ਉੱਤੇ ਹੀ ਖੜਾ ਹੋਵੇਗਾ ਤੇ ਫਿਰ ਇਸ ਤਰਾਂ ਗਿਣਤੀਆਂ ਮਿਣਤੀਆਂ ਕਰਦਿਆਂ ਹੋਇਆਂ ਆਖਿਰ ਕੋਈ ਤਲ ਤਾਂ ਮੰਨਣਾ ਹੀ ਪਵੇਗਾ ਪਰ ਗੁਰੂ ਨਾਨਕ ਜੀ ਨੇ ਤਾਂ ਦਇਆ ਦੇ ਪੁੱਤਰ ਧਰਮ ਨੂੰ ਹੀ ਦੁਨੀਆਂ ਦਾ ਸਹਾਰਾ ਮੰਨਿਆਂ ਹੈ ਤੇ ਸੰਤੋਖ ਰੂਪੀ ਸੂਤ ਦੇ ਨਾਲ ਇਸਨੂੰ ਟਿਕਿਆ ਹੋਇਆ ਦੱਸਿਆ ਹੈ |

ਹੋਰ ਵੀ ਅਨੇਕਾਂ ਥਾਵਾਂ ਤੇ ਕਵੀ ਨੇ ਦੇਵੀ ਦੁਰਗਾ ਦੀ ਉਸਤਤ ਕਰਦਿਆਂ ਰੱਜ ਕੇ ਗੱਪਾਂ ਮਾਰੀਆਂ ਨੇ ਕਿਤੇ ਦੈਂਤਾਂ ਵਲੋਂ ਸੂਰਤਾਂ (ਸ਼ਕਲਾਂ) ਵਧਾ ਲੈਣ ਦੀਆਂ ਗੱਪਾਂ ਨੇ ਤੇ ਕਿਤੇ ਦੈਂਤਾਂ ਦੇ ਲਹੂ ਵਿਚੋਂ ਹੋਰ ਦੈਂਤਾਂ ਦੇ ਜਨਮ ਲੈਣ ਦੀਆਂ ਗਪੋੜਾਂ ਹਨ ਭਲਾ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀਆਂ ਬੇ ਸਿਰ ਪੈਰ ਗੱਲਾਂ ਕਿਉਂ ਲਿਖਦੇ ?

ਹੁਣ ਵਧਦੇ ਹਾਂ ਇਸ ਵਾਰ ਦੀ ਆਖਰੀ ਪਉੜੀ ਵੱਲ ਜਿਥੇ ਕਵੀ ਆਖਦਾ ਹੈ ਕਿ ਦੁਰਗਾ ਨੇ ਸ਼ੁੰਭ ਨਿਸ਼ੁੰਭ ਦੈਂਤਾਂ ਨੂੰ ਜਮਪੁਰੀ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ ਤਿਲਕ ਦੇਣ ਲਈ ਬੁਲਾ ਲਿਆ ਤੇ ਇੰਦਰ ਦੇ ਸਿਰ ਉੱਤੇ ਛਤਰ ਝੁਲਾ ਦਿੱਤਾ, ਇਸ ਤਰਾਂ ਜਗਤ ਦੀ ਮਾਤਾ (ਦੁਰਗਾ) ਦਾ ਜੱਸ ਚੌਦਾਂ ਲੋਕਾਂ ਭਾਵ ਪੂਰੀ ਲੋਕਾਈ ਵਿਚ ਛਾ ਗਿਆ|

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖਨੋ ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥

ਹੁਣ ਵਧਦੇ ਹਾਂ ਇਸ ਪਉੜੀ ਦੀਆਂ ਆਖਰੀ ਤੁਕਾਂ ਵੱਲ ਜਿਥੇ ਜਾ ਕੇ ਸਾਰੀ ਗੱਲ ਹੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਸਾਰੀਆਂ ਪਉੜੀਆਂ ਦੁਰਗਾ ਦੇ ਪਰਥਾਏ ਹਨ ਅਤੇ ਆਮ ਲੋਕਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜਕੇ ਇਸਦੇ ਚੱਕਰ ਵਿਚ ਪੱਕੇ ਤੌਰ ਤੇ ਫਸਾਉਣ ਲਈ ਇੱਕ ਲਾਲਚ ਵੀ ਦੇ ਦਿੱਤਾ ਗਿਆ ਕਿ ਜਿਹੜਾ ਵੀ ਇਸਦਾ ਪਾਠ ਕਰੇਗਾ ਜਾਂ ਇਸ ਦੁਰਗਾ ਦੇ ਪਾਠ ਨੂੰ ਗਾਵੇਗਾ ਉਹ ਜਨਮ ਮਰਨ ਦੇ ਚੱਕਰਾਂ ਤੋਂ ਬਚ ਜਾਵੇਗਾ|

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥


ਇਸ ਅੰਤਲੀ ਪਉੜੀ ਨੂੰ ਪੜਿਆਂ ਵਿਚਾਰਿਆਂ ਸਭ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਰੀਆਂ 55 ਪਉੜੀਆਂ ਹੀ ਦੁਰਗਾ ਦੇ ਸਬੰਧ ਵਿਚ ਹਨ ਤੇ ਭਗਉਤੀ ਦੇ ਅਰਥ ਕਿਸੇ ਤਰਾਂ ਖਿਚ ਧੂਹ ਕੇ ਵੀ ਤਲਵਾਰ, ਸ਼ਕਤੀ ਜਾਂ ਅਕਾਲ ਪੁਰਖ ਕੀਤੇ ਹੀ ਨਹੀਂ ਜਾ ਸਕਦੇ ਕਿਉਂਕਿ ਇਸ ਅੰਤਲੀ ਪਉੜੀ ਨੇ ਸਾਰਾ ਕੁਝ ਹੀ ਸਪਸ਼ਟ ਕਰ ਦਿੱਤਾ ਹੈ| ਹੁਣ ਇਸ ਅੰਤਲੀ ਪਉੜੀ ਦੇ ਨਾਲ ਪਹਿਲੀ ਪਉੜੀ ਨੂੰ ਮੇਲ ਕੇ ਦੇਖੋ ਤਾਂ ਕਿਸੇ ਅਨਜਾਣ ਬੰਦੇ ਨੂੰ ਵੀ ਸਮਝ ਆ ਜਾਵੇਗੀ ਕਿ ਕਵੀ ਕਿਸੇ ਭਗਉਤੀ (ਦੇਵੀ ਦੁਰਗਾ) ਕੋਲੋਂ ਸਹਾਇਤਾ ਦੀ ਮੰਗ ਕਰ ਰਿਹਾ ਹੈ |
ਸ੍ਰੀ ਭਗਉਤੀ ਜੀ ਸਹਾਇ ॥ ਸਹਾਇਤਾ ਮੰਗਣਾ ਹੀ ਤਾਂ ਹੈ


ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥

ਇਥੇ ਬਚਿੱਤਰ ਨਾਟਕ ਦੇ ਲਿਖਾਰੀ ਨੇ ਬੜੀ ਸ਼ਰਾਰਤ ਦੇ ਨਾਲ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੂੰ ਭਗਉਤੀ ਦੇ ਅਧੀਨ ਕਰ ਦਿੱਤਾ ਹੈ ਤੇ ਸਿਖਾਂ ਦੇ ਗੁਰੂਆਂ ਦੇ ਨਾਮ ਵਰਤ ਕੇ ਤੇ ਵਖੋ ਵਖਰੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਕੇ ਸਿਖਾਂ ਨੂੰ ਖੰਡ ਵਿਚ ਜਹਿਰ ਲਪੇਟ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ  ਉਹਨਾਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੋ ਅਜੇ ਵੀ ਇਸ ਦੁਰਗਾ ਕੀ ਵਾਰ ਜਿਸਨੂੰ ਭਗਉਤੀ ਕੀ ਵਾਰ ਆਖਿਆ ਜਾਂਦਾ ਹੈ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਦੱਸੀ ਜਾ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਪੁਜਾਰੀ ਸਾਬਿਤ ਕਰਨ ਦੀ ਘਿਨਾਉਣੀ ਹਰਕਤ ਕਰ ਰਹੇ ਹਨ|ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਨਹੀਂ ਪੂਰੀ ਗੁਰੂ ਨਾਨਕ ਵਿਚਾਰਧਰਾ ਨੂੰ ਹੀ ਪੁਠਾ ਗੇੜਾ ਦੇਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਤੇ ਹਰ ਗੁਰਦਵਾਰੇ ਅੰਦਰ ਗੁਰੂ ਗਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬਾਨ ਨੂੰ ਦੇਵੀ ਦਾ ਉਪਾਸ਼ਕ ਆਖ ਕੇ ਗੁਰੂ ਗਰੰਥ ਸਾਹਿਬ ਜੀ ਦਾ ਮਜਾਕ ਉਡਾ ਰਹੇ ਹਨ ਆਖਿਰ ਅਸੀਂ ਇਹ ਕੁਕਰਮ ਕਦੋਂ ਤੱਕ ਕਰਦੇ ਰਹਾਂਗੇ ਆਖਿਰ ਆਵਾਜ ਤਾਂ ਬੁਲੰਦ ਕਰਨੀ ਹੀ ਪਵੇਗੀ ਤੇ ਇਸ ਹੋ ਰਹੇ ਸਿਖ ਸਿਧਾਂਤਾਂ ਦੇ ਘਾਣ ਨੂੰ ਰੋਕਣਾ ਤਾਂ ਪਵੇਗਾ ਹੀ, ਸੋ ਵੀਰੋ ਤੇ ਭੈਣੋ ਹਰ ਗੁਰਦਵਾਰੇ ਅੰਦਰ ਇਸ ਹੋ ਰਹੇ ਕੁਕਰਮ ਨੂੰ ਠੱਲ ਪਾਉਣ ਲਈ ਵਧ ਤੋਂ ਵਧ ਲੋਕਾਂ ਨੂੰ ਇਸ ਅਰਦਾਸ ਦੀ ਪਉੜੀ ਬਾਰੇ ਜਾਗਰੂਕ ਕਰੋ|ਆਉ ਇਸ ਬਚਿੱਤਰ ਨਾਟਕ ਦੀਆਂ ਰਚਨਾਵਾਂ, ਜੋ ਕੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਹੀ ਨਹੀਂ ਖਾਂਦੀਆਂ ਬਾਰੇ ਸਭਨੂੰ ਜਾਗਰੂਕ ਕਰਕੇ ਗੁਰੂ ਦੇ ਸਪੁੱਤਰ ਹੋਣ ਦਾ ਮਾਣ ਹਾਸਿਲ ਕਰੀਏ ਤੇ ਗੁਰੂ ਗਰੰਥ ਸਾਹਿਬ ਜੀ ਅੰਦਰ ਦਰਸਾਈ ਹੋਈ ਅਕਾਲ ਪੁਰਖ ਦੀ ਸਿਰਮੌਰਤਾ ਵਾਲੀ ਅਰਦਾਸ ਨੂੰ ਅਪਣਾਈਏ | ਵੈਸੇ ਤਾਂ ਗੁਰੂ ਗਰੰਥ ਸਾਹਿਬ ਜੀ ਅੰਦਰ ਬਹੁਤ ਤਰਾਂ ਦੀਆਂ ਮਨੁਖੱਤਾ ਦੇ ਭਲੇ ਲਈ ਅਰਦਾਸਾਂ ਕਰਨ ਦੀ ਜਾਚ ਸਿਖਾਈ ਹੋਈ ਹੈ ਪਰ ਅਕਾਲ ਪੁਰਖ ਜੀ ਦੀ ਸਿਰਮੋਰਤਾ ਵਾਲੀਆਂ ਕੁਝ ਅਰਦਾਸਾਂ ਦਾ ਵੰਨਗੀ ਮਾਤਰ ਇਥੇ ਜਿਕਰ ਕਰਨਾ ਠੀਕ ਸਮਝਦਾ ਹਾਂ ਜਿਵੇਂ ਕਿ ਗਉੜੀ ਰਾਗ ਅੰਦਰ ਪੰਨਾ 268 ਤੇ ਦਰਸਾਈ ਅਰਦਾਸ:

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥

ਗੁਰੂ ਗਰੰਥ ਸਾਹਿਬ ਜੀ ਦੇ ਪੰਨਾ 103 ਤੇ ਮਾਝ ਰਾਗ ਅੰਦਰ ਦਰਸਾਈ ਅਰਦਾਸ ਦਾ ਨਮੂਨਾ:

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥2॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥3॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥4॥

ਬਚਿੱਤਰ ਨਾਟਕ ਅੰਦਰ ਇੱਕ ਹੋਰ ਜਗਾ ਵੀ ਇਸ ਭਗਉਤੀ ਦੇ ਨਾਲ ਮਿਲਦੀ ਜੁਲਦੀ ਹੀ ਰਚਨਾ ਹੈ ਜਿਸਨੂੰ ਅੱਜ ਵੀ ਬਹੁਤ ਸਾਰੇ ਵੀਰ ਸੋਦਰ ਦੇ ਪਾਠ ਵੇਲੇ ਅਕਾਲ ਪੁਰਖ ਸਮਝ ਕੇ ਪਰ ਅਸਲ ਵਿਚ ਦੁਰਗਾ ਦੀ ਉਪਮਾ ਕਰਦੇ ਸੁਣੇ ਜਾ ਸਕਦੇ ਹਨ ਤੇ ਉਹ ਬੜੇ ਜੋਰ ਸ਼ੋਰ ਨਾਲ ਇਹ ਤੁਕਾਂ ਪੜਦੇ ਹਨ ਜਿਸ ਵਿਚ ਕਵੀ ਨੇ ਇਸ ਗਪੋੜ ਬਚਿੱਤਰ ਨਾਟਕ ਦੀ ਸੰਪੂਰਨਤਾ ਹੋਣ ਤੇ ਦੁਰਗਾ (ਜਗਤ ਦੀ ਮਾਤਾ) ਤੇ ਅਸਧੁਜ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਹਨਾਂ ਦਾ ਜੱਸ ਗਾਇਨ ਕੀਤਾ ਹੈ ਉਥੇ ਵੀ ਉਸਨੇ ਮਨ ਇਛਤ ਫਲ ਪਾਉਣ ਦੀ ਤੇ ਇਹਨਾਂ ਦੀ ਕਿਰਪਾ ਦੁਆਰਾ ਦੁਖਾਂ ਤੋਂ ਛੁਟਕਾਰਾ ਪਾਉਣ ਦੀ ਗੱਲ ਕੀਤੀ ਹੈ|

ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗਰੰਥ ਕਰਾ ਪੂਰਨ ਸੁਭ ਰਾਤਾ ॥
ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥402॥
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥
ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥403॥

ਸੋ ਵੀਰੋ ਤੇ ਭੈਣੋ ਆਉ ਸਾਰੇ ਰਲਕੇ ਇਸ ਬਚਿੱਤਰ ਨਾਟਕ ਵਾਲੀ ਅਰਦਾਸ ਨੂੰ ਤਿਆਗਦੇ ਹੋਏ ਗੁਰੂ ਗਰੰਥ ਸਾਹਿਬ ਜੀ ਅੰਦਰ ਦਰਸਾਈ ਹੋਈ ਅਰਦਾਸ ਨੂੰ ਅਪਣਾਈਏ| ਬਚਿੱਤਰ ਨਾਟਕ ਜਿਸਨੂੰ ਕਿ ਇੱਕ ਸਾਜਿਸ਼ ਦੁਆਰਾ ਸਿਖ ਕੌਮ ਦੇ ਵਿਹੜੇ ਅੰਦਰ ਵਾੜਿਆ ਗਿਆ ਹੈ, ਦੇ ਪਾਜ ਨੂੰ ਉਘਾੜ ਦੇਈਏ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ, ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਇੱਕ ਕਾਫਿਲੇ ਦੇ ਰੂਪ ਵਿਚ ਅੱਗੇ ਵਧੀਏ ਜਿਸਦੇ ਸਾਹਮਣੇ ਸਾਡੇ ਗੁਰੂ ਨੂੰ ਨੀਵਾਂ ਦਿਖਾਉਣ ਵਾਲਾ ਕੋਈ ਟਿਕ ਨਾਂ ਸਕੇ, ਕੋਈ ਵੀ ਸਾਡੇ ਗੁਰੂ ਦੀ ਤੌਹੀਨ ਕਰਨ ਦੀ ਜੁਅਰੱਤ ਨਾਂ ਕਰ ਸਕੇ|ਆਉ ਸਾਰੇ ਰਲਕੇ ਇੱਕ ਕਾਫਿਲੇ ਦੇ ਰੂਪ ਵਿਚ ਅੱਗੇ ਵਧੀਏ ਤੇ ਆਖੀਏ ਕਿ :
ਗੁਰੂ ਨੂੰ ਮੰਦਾ ਕਹਿਣ ਨੀਂ ਦੇਣਾ |
ਬਚਿੱਤਰ ਨਾਟਕ ਰਹਿਣ ਨੀਂ ਦੇਣਾ |

ਰੇਸ਼ਮ ਸਿੰਘ ਇੰਡਿਆਨਾ

ਰਾਗਮਾਲਾ- ਸਰਵਜੀਤ ਸਿੰਘ

ਰਾਗਮਾਲਾ- ਸਰਵਜੀਤ ਸਿੰਘ


ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ ਅਤੇ ਨਾ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹਨ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਫ ਇਹ ਹੀ ਇਕ ਰਚਨਾ ਹੈ ਜਿਸ ਦੇ ਲੇਖਕ ਬਾਰੇ ਜਾਣਕਾਰੀ ਨਹੀ ਮਿਲਦੀ, ਬਾਕੀ ਸਾਰੀ ਬਾਣੀ ਵਿਚ ਕੋਈ ਵੀ ਅਜਿਹੀ ਪੰਗਤੀ ਨਹੀ ਜਿਸ ਦੇ ਲੇਖਕ ਵਾਰੇ ਜਾਣਕਾਰੀ ਨਾ ਮਿਲਦੀ ਹੋਵੇ। ਇਸ ਬਾਰੇ ਵਾਦ-ਵਿਵਾਦ ਅਕਸਰ ਚਲਦਾ ਹੀ ਰਹਿੰਦਾ ਹੈ। ਅੱਜ ਇਹ ਵਾਦ-ਵਿਵਾਦ ਫੇਰ ਉਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਗੁਰਦਿੱਤ ਸਿੰਘ ਜੀ ਵਲੋ ਲਿਖੀ ਨਵੀ ਪੁਸਤਕ ‘ਮੁੰਦਾਵਣੀ’।
ਰਾਗਮਾਲਾ ਦੇ ਹਮਾਇਤੀ ਇਸ ਨੁੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਸਿ਼ਗਾਰ-ਰਸ ਦੀ ਰਚਨਾ। ਭਾਈ ਵੀਰ ਸਿੰਘ ਜੀ ਅਤੇ ਭਾਈ ਜੋਧ ਸਿੰਘ ਜੀ ਹਿਮਾਇਤੀਆਂ ਅਤੇ ਵਰੋਧੀਆਂ ਵਿੱਚ (ਦੋਵੇ ਪਾਸੇ) ਗਿਣੇ ਜਾਂਦੇ ਹਨ। ਜਿਸ ਦਾ ਕਾਰਨ ਵਿਦਵਾਨਾਂ ਨੇ ਨਿੱਜੀ ਦੱਸਿਆ ਹੈ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾ ਬਦਲਦੇ ਤਾ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1946 ਵਿੱਚ ਮਾਰੀ ਸੀ।
ਆਓ ਰਾਗਮਾਲਾ ਵਾਰੇ ਵਿਚਾਰ ਸਾਂਝੇ ਕਰੀਏ।
ਗਉੜੀ ਮਹਲਾ 5 ॥
ਜਿਸੁ ਸਿਮਰਤ ਦੂਖੁ ਸਭੁ ਜਾਇ ॥ ਨਾਮੁ ਰਤਨੁ ਵਸੈ ਮਨਿ ਆਇ ॥1॥
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥1॥ਰਹਾਉ॥
ਇਕਸੁ ਬਿਨੁ ਨਾਹੀ ਦੂਜਾ ਕੋਇ ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥2॥
ਸਾਜਨੁ ਮੀਤੁ ਸਖਾ ਕਰਿ ਏਕੁ ॥ ਹਰਿ ਹਰਿ ਅਖਰ ਮਨ ਮਹਿ ਲੇਖੁ ॥3॥
ਰਵਿ ਰਹਿਆ ਸਰਬਤ ਸੁਆਮੀ ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥4॥62॥131॥
ਗੁਰੂ ਅਰਜਨ ਸਾਹਿਬ ਜੀ ਦੇ ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿਚ ਹੁਣ ਤੱਕ 62 ਸ਼ਬਦ ਉਚਾਰੇ ਹਨ। ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੁ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿਚ ਸ਼ਬਦ ਉਚਾਰੇ ਹਨ ਉਹਨਾ ਸਾਰੇ ਸ਼ਬਦਾ ਦੀ ਗਿਣਤੀ 131 ਹੈ।
ਇਸ ਤੋ ਅਗਲਾ ਸ਼ਬਦ ਵੀ ਗੁਰੂ ਅਰਜਨ ਸਾਹਿਬ ਜੀ ਦਾ ਹੀ ਹੈ:
ਗਉੜੀ ਮਹਲਾ 5 ॥
ਭਉ ਨ ਵਿਆਪੈ ਤੇਰੀ ਸਰਣਾ ॥ ਜੋ ਤੁਧੁ ਭਾਵੈ ਸੋਈ ਕਰਣਾ ॥1॥ ਰਹਾਉ ॥
ਸੋਗ ਹਰਖ ਮਹਿ ਆਵਣ ਜਾਣਾ ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥2॥
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ ਸੇ ਸੀਤਲ ਜਿਨ ਸਤਿਗੁਰੁ ਪਾਇਆ ॥3॥
ਰਾਖਿ ਲੇਇ ਪ੍ਰਭੁ ਰਾਖਨਹਾਰਾ ॥ ਕਹੁ ਨਾਨਕ ਕਿਆ ਜੰਤ ਵਿਚਾਰਾ ॥4॥63॥132॥ {ਪੰਨਾ 192}
ਇਸ ਸ਼ਬਦ ਦੇ ਅਖੀਰ ਵਿਚ ਵੀ ॥4॥63॥132॥ ਹਿੰਦਸੇ ਹਨ। ਇਥੇ ਵੀ ਪਹਿਲਾ ਅੰਕ 4 ਸ਼ਬਦ ਦੇ ਚਾਰ ਪਦੇ ਹੋਣ ਦਾ ਹੀ ਸੰਕੇਤ ਹੈ ਪਰ ਅਗਲਾ ਅੰਕ 63 ਹੈ। ਭਾਵ, ਗੁਰੂ ਅਰਜਨ ਸਾਹਿਬ ਜੀ ਨੇ ਇਕ ਹੋਰ ਸ਼ਬਦ ਦਾ ਉਚਾਰਨ ਕੀਤਾ ਹੈ, ਅਤੇ ਆਖਰੀ ਅੰਕ 132 ਹੈ ਜਿਸ ਦਾ ਭਾਵ ਹੈ ਕੇ ਹੁਣ ਤੱਕ ਗਾੳੜੀ ਰਾਗ ਵਿਚ ਕੁਲ 132 ਸ਼ਬਦ ਉਚਾਰੇ ਜਾ ਚੁਕੇ ਹਨ। ਇਹ ਹੈ ਗੁਰੂ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਗਈ ਬਾਣੀ ਦੀ ਗਿਣਤੀ ਕਰਨ ਵਾਸਤੇ ਵਰਤਿਆ ਗਿਆ ਵਿਗਿਆਨਕ ਢੰਗ ਤਾਂ ਜੋ ਇਸ ਵਿਚ ਕੋਈ ਵਿਅਕਤੀ ਕਿਸੇ ਕਿਸਮ ਦੀ ਮਿਲਾਵਟ ਨਾ ਕਰ ਸਕੇ।
ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੀਤੀ ਗਈ ਹੈ ਉਹ ਸੱਭ ਤੋ ਅਖੀਰ ਵਿਚ ਹੀ ਕੀਤੀ ਗਈ ਹੈ; ਉਹ ਹੈ ਰਾਗ ਮਾਲਾ।
ੴ ਸਤਿਗੁਰ ਪ੍ਰਸਾਦਿ ॥
ਰਾਗ ਮਾਲਾ
ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥
ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥
ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥
ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥
ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥1॥
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥1॥
ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥
ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥
ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥
ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥
ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥1॥
ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥
ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥1॥
ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥
ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥
ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥
ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥
ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥1॥
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥1॥
ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥
ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥
ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥1॥
ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥
ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥1॥
ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥
ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥
ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥
ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋ ਕੇ 1 ਤੋ ਪਿਛੋ 2, 3, ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ ‘ਰਾਗਮਾਲਾ’ ਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀ ਹੈ, ਜਿਸ ਤੋ ਇਹ ਨਿਰਨਾ ਕੀਤਾ ਜਾ ਸਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਜਿਵੇ ਕੇ ਉਪਰ ਬੇਨਤੀ ਕੀਤੀ ਜਾ ਚੁੱਕੀ ਹੈ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਵੀ ਪੰਗਤੀ ਅਜੇਹੀ ਨਹੀ ਜਿਸ ਦੇ ਲਿਖਣ ਵਾਲੇ ਬਾਰੇ ਨਿਰਨਾ ਕਰਨਾ ਸਿੱਖਾਂ ੳੱਤੇ ਛੱਡਿਆ ਗਿਆ ਹੋਵੇ। ਇਥੇ ਇਹ ਅਨੋਖੀ ਗੱਲ ਕਿਉਂ?
ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ:
ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਇਹਨਾਂ ਰਾਗਾਂ ਤੋਂ ਇਲਾਵਾ 6 ਰਾਗ ਹੋਰ ਹਨ ਜਿਨ੍ਹਾ ਨੂੰ ਦੂਜੇ ਰਾਗਾਂ ਨਾਲ ਰਲ੍ਹਾ ਕੇ ਗਾਉਣ ਦੀ ਹਿਦਾਇਤ ਹੈ-
ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ, ਪੁੱਤਰ ਜਾਂ ਪੁੱਤਰ ਵਾਧੂ ਨਹੀਂ ਹੈ। ਪਰ ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆ ਅਤੇ ਪ੍ਰਵਾਰ।
ਰਾਗ ਭੈਰਉ
ਰਾਗ ਦੀਆਂ ਪੰਜ ਰਾਗਣੀਆਂ-ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ
ਰਾਗ ਦੇ ਅੱਠ ਪੁੱਤਰ-ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।
ਰਾਗ ਮਾਲਕਉਸਕ
ਰਾਗ ਦੀਆਂ ਪੰਜ ਰਾਗਣੀਆਂ-ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
ਰਾਗ ਦੇ ਅੱਠ ਪੁੱਤਰ-ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।
ਰਾਗ ਹਿੰਡੋਲ
ਰਾਗ ਦੀਆਂ ਪੰਜ ਰਾਗਣੀਆਂ-ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ
ਰਾਗ ਦੇ ਅੱਠ ਪੁੱਤਰ-ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
ਰਾਗ ਦੀਪਕ
ਰਾਗ ਦੀਆਂ ਪੰਜ ਰਾਗਣੀਆਂ-ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ
ਰਾਗ ਦੇ ਅੱਠ ਪੁੱਤਰ:- ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਹਾਨਾ।
ਰਾਗ ਸਿਰੀਰਾਗ
ਰਾਗ ਦੀਆਂ ਪੰਜ ਰਾਗਣੀਆਂ:- ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
ਰਾਗ ਦੇ ਅੱਠ ਪੁੱਤਰ-ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।
ਰਾਗ ਮੇਘ
ਰਾਗ ਦੀਆਂ ਪੰਜ ਰਾਗਣੀਆਂ:- ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।
ਰਾਗ ਦੇ ਅੱਠ ਪੁੱਤਰਾਂ-ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ।
( ਰਾਗ ਗੋਂਡ ਰਾਗ ਮੇਘ ਦੀ ਤਾਂ ਪਤਨੀ ਹੈ ਪਰ ਸਿਰੀਰਾਗ ਦਾ ਪੁੱਤਰ)
ਕੁਲ ਰਾਗ: 6
ਕੁਲ ਰਾਗਣੀਆਂ: 30
ਕੁਲ ਪੁੱਤਰ: 48
ਸਾਰਾ ਜੋੜ: 6+30+48= 84
ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145)
ਅਤੇ ਇਕ ਹੋਰ ਰਾਗਮਾਲਾ ਵਿਚ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)
ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚੋ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀ ਹਨ।
ਮਾਝ,ਬਿਹਾਗੜਾ,ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ,ਜੈਜਾਵੰਤੀ
ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕੇ ਰਾਗਮਾਲਾ ਵਿਚ ਆਏ 6 ਰਾਗਾਂ, ‘ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ’ ਵਿਚੋ 3 ਰਾਗ, ਮਾਲਕਉਸਕ, ਦੀਪਕ ਅਤੇ ਰਾਗ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀ ਹਨ। ਕੁਝ ਰਾਗ ਐਸੇ ਹਨ ਜੋ ਰਾਗਮਾਲਾ ਵਿੱਚ ਤਾਂ ਹਨ ਪਰ ਗਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀ ਹਨ ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇ ਮੰਨੀਏ।
ਗੁਰਬਾਣੀ ਦਾ ਫੁਰਮਾਨ ਹੈ, "ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , ‘ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ’। ਪਰ ਰਾਗ ਮਾਲਾ ਵਿਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, ‘ਪ੍ਰਥਮ ਰਾਗ ਭੈਰਉ ਵੈ ਕਰਹੀ’। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਉਸ ਵਿਚ ਅਜੇਹਾ ਨਹੀ ਹੈ ਜਦੋ ਕੇ ਅਸਲ ਲਿਖਤ ਵਿਚ ਇਹ ਦਰਜ ਹਨ।

ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, ‘ਰਾਗਮਾਲਾ’।
ਚੌਪਈ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥
ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥
ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥
ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥
ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥
ਦੋਹਰਾ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥34॥
ਚੌਪਈ ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥
ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥
ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥
ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥
ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥
ਦੋਹਰਾ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥
ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥35॥
ਚੋਪਈ ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥
ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥
ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥
ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥
ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥
ਦੋਹਰਾ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥36॥
ਚੌਪਈ ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥
ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥
ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥
ਦੋਹਰਾ ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥
ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥37॥
ਚੋਪਈ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥
ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥
ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥
ਦੋਹਰਾ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥38॥
(ਰਾਗਮਾਲਾ ਪੜਚੋਲ, ਪੰਂਨਾ 42)
ਇਸ ਅਸਲ ਲਿਖਤ ਵਿਚ ਹਰ ਵਾਰੀ ਅੰਕ ਬਦਲ ਜਾਂਦਾ ਹੈ ਜਿਵੇ 34, 35, 36, 37 ਅਤੇ 38।
ਆਉ ਹੁਣ ਇੱਕ ਹੋਰ ਪੱਖ ਤੋਂ ਵੀ ਵਿਚਾਰ ਕਰੀਏ,
ਗੁਰੂ ਗ੍ਰੰਥ ਸਾਹਿਬ ਜੀ ਵਿਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, ‘ਸਲੋਕ ਵਾਰਾਂ ਤੇ ਵਧੀਕ’ ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿਚ ਗੁਰੁ ਅਰਜਨ ਸਾਹਿਬ ਜੀ ਵਲੋ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ , ‘ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।’ ਦਰਜ ਹੈ । ਅਜੇਹਾ ਕਿਉ?
ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾੳਣੀ, ਹੱਦ ਬੰਨ੍ਹਣੀ, ਆਦਿ। ਗੁਰੁ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾ ਹੀ ਦਰਜ ਕੀਤੀ । ਪਰ ਰਾਗਮਾਲਾ ਮੁੰਦਾਵਣੀ ਤੋ ਪਿਛੋ ਹੈ ਅਜੇਹਾ ਕਿਉ? ਆਉ ਇਹ ਸਵਾਲ ਪੰਡਤ ਤਾਰਾ ਸਿੰਘ ਨਿਰੋਤਮ ਜੀ ਤੋਂ ਪੁਛੀਏ। "ਮੁੰਦਾਵਣੀ ਦਾ ਪਾਠ ਗ੍ਰੰਥ ਸਾਹਿਬ ਜੀ ਕੀ ਸਮਾਪਤੀ ਸਮੇਂ ਆਪਨੀ ਮੁਹਰ ਰੂਪ ਕਰ ਅੰਤ ਮੇਂ ਰੱਖਾ, ਰਾਗਮਾਲਾ ਕਾਹੂੰ ਨੇ ਪੀਛੇ ਸੇ ਪਾਈ, ਜੈਸੇ ਭਾਈ ਬੰਨੋ ਨੇ ਗੁਰੂ ਕੇ ਸਾਹਮਣੇ ਹੀ ਦੂਸਰੀ ਬੀੜ ਮੈ ਕਈ ਬਾਣੀਆਂ ਚੜ੍ਹਾਈ, ਜਿਨ ਕੋ ਸੁਨ ਕਰ ਗੁਰੂ ਜੀ ਨੇ ਉਸ ਕਾ ਨਾਮ ਖਾਰੀ ਬੀੜ ਧਰਾ ਹੈ।" (ਗੁਰੂ ਗਿਰਾਰਥ ਕੋਸ)
"ਸਾਰੀ ਬਾਣੀ ਲਿਖਾ ਕੇ ਗਰਿੂ ਜੀ ਨੇ ਅੰਤ ਨੂੰ ‘ਮੁੰਦਾਵਣੀ’ ਉੱਤੇ ਭੋਗ ਪਾ ਦਿੱਤਾ, ਕਿਉਕਿ ‘ਮੁੰਦਾਵਣੀ’ ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…" (ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੁ ਖਾਲਦਾ’, ਪੰਨਾ419)
"(ਮੁੰਦਾਵਣੀ) ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥" (ਫਰੀਦਕੋਟੀ ਟੀਕਾ)
"ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।" ( ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ)
ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।
ਆਉ ਹੁਣ ਪੰਥ ਦੇ ਵਿਦਵਾਨਾ ਵਲੋ ਕੀਤੇ ਗਏ ਫੈਸਲੇ ਵੇਖੀਏ।।
ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’, ਜੋ ਸ਼੍ਰਰੋਮਣੀ ਕਮੇਟੀ ਵਲੋ 1945 ਵਿੱਚ ਪ੍ਰਵਾਨ ਕੀਤੀ ਗਈ ਸੀ ਵਿੱਚ ਰਾਗਮਾਲਾ ਵਾਰੇ, ਪਂੰਨਾ 18 ਉਪਰ ਇਹ ਦਰਜ ਹੈ:
ਭੋਗ
ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ‘ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋ,
ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਤੇ ਰਾਗਮਾਲਾ ਨਹੀ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)
ਧਾਰਮਿਕ ਸਲਾਹਕਾਰ ਕਮੇਟੀ ਦੀ ਪੰਦਰਵੀ ਇਕੱਤਰਤਾ ਮਿਤੀ 27 ਮਈ, 1945 ਦੀ ਕਾਰਵਾਈ
34: ਮੁੰਦਾਵਣੀ ਤੇ ਭੋਗ:- ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਉਣ ਤੇ ਰਾਗ ਮਾਲਾ ਨਾ ਪੜ੍ਹਨ ਸਬੰਧੀ ਮਾਮਲਾ ਪੇਸ਼ ਹੋ ਕੇ ਇਕ ਦੂਜੇ ਦੀ ਗੱਲਬਾਤ ਸੁਨਣ ਉਪਰੰਤ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਕਿਉਂਕਿ ਇਹ ਮਾਮਲਾ ਬੜਾ ਜ਼ਰੂਰੀ ਹੈ ਇਸ ਲਈ ਪਹਿਲਾਂ ਪੁਰਾਤਨ ਬੀੜਾਂ ਦੇ ਦਰਸ਼ਨ ਕਰਕੇ ਮੁੜ ਇਸ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ, ਇਸ ਕੰਮ ਲਈ ਸਿੰਘ ਸਾਹਿਬ ਜਥੇਦਾਰ ਮੋਹਣ ਸਿੰਘ ਜੀ, ਪ੍ਰੋ: ਜੋਧ ਸਿੰਘ ਜੀ, ਪ੍ਰੋ: ਤੇਜਾ ਸਿੰਘ ਜੀ ਅਤੇ ਪ੍ਰੋ: ਗੰਗਾ ਸਿੰਘ ਜੀ ਦੀ ਸਬ ਕਮੇਟੀ ਨੀਯਤ ਕੀਤੀ ਜਾਂਦੀ ਹੈ। ਇਹ ਸਾਰੇ ਸੱਜਣ ਇਕੱਠੇ ਜਾ ਕੇ ਕਰਤਾਰ ਪੁਰ ਸਾਹਿਬ ਵਾਲੀ , ਦਮਦਮੇ ਸਾਹਿਬ ਵਾਲੀ, ਭਾਈ ਬੰਨੋ ਵਾਲੀ ਅਤੇ ਢਾਕੇ ਵਾਲੀ ਬੀੜ ਦੇ ਦਰਸ਼ਨ ਕਰਨ ਅਤੇ ਹੋਰ ਜਿਨ੍ਹਾਂ ਪੁਰਾਤਨ ਬੀੜਾਂ ਦੇ ਉਹ ਇਸ ਕੰਮ ਲਈ ਦਰਸ਼ਨ ਕਰਨੇ ਜ਼ਰੂਰੀ ਸਮਝਣ ਉਹਨਾਂ ਦੇ ਵੀ ਦਰਸ਼ਨ ਕਰਕੇ ਰੀਪੋਰਟ ਕਰਨ ਅਤੇ ਜੇ ਲੋੜ ਸਮਝਣ ਤਾਂ ਉਹ ਆਪਣੇ ਨਾਲ ਦੋ ਦਸਖਤ ਪਹਿਚਾਨਣ ਦੇ ਸਿੱਖ ਮਾਹਿਰ ਵੀ ਲੈ ਜਾਣ।
ਇਸ ਸਬ ਕਮੇਟੀ ਦੀ ਰੀਪੋਰਟ ਪੁੱਜਣ ਤੇ ਇਹ ਮਾਮਲਾ ਮੁੜ ਛੇਤੀ ਤੋਂ ਛੇਤੀ ਧਾਰਮਿਕ ਸਲਾਹਕਾਰ ਕਮੇਟੀ ਵਿਚ ਪੇਸ਼ ਕੀਤਾ ਜਾਵੇ।
ਇਹ ਵੀ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ ਹੈ ਕਿ ਜਦ ਤੱਕ ਧਾਰਮਿਕ ਸਲਾਹਕਾਰ ਕਮੇਟੀ ਇਸ ਸਬੰਧੀ ਫੈਸਲਾ ਨਹੀਂ ਕਰਦੀ ਹਾਲਾਂਕਿ ਇਹੋ ਪੋਜ਼ੀਸ਼ਨ ਰਖੀ ਜਾਵੇ ਕਿ ਜਿਸ ਜਗ੍ਹਾ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ ਉਥੇ ਨਵੇ ਫੈ਼ਸਲੇ ਤਕ ਭੋਗ ਮੁੰਦਾਵਣੀ ਤੇ ਹੀ ਪਾਇਆ ਜਾਇਆ ਕਰੇ ਅਤੇ ਜਿਥੇ ਰਾਗ ਮਾਲਾ ਪੜ੍ਹੀ ਜਾਦੀ ਹੈ ਉਨ੍ਹਾਂ ਨੂੰ ਰਾਗਮਾਲਾ ਪੜ੍ਹਨ ਤੋਂ ਨਾ ਰੋਕਿਆ ਜਾਵੇ। ਇਸ ਉਪਰੰਤ ਇਕੱਤਰਤਾ ਸਮਾਪਤ ਹੋਈ।

ਮੀਤ ਸਕੱਤਰ ਪ੍ਰਚਾਰ ਬ੍ਰਾਂਚ
(ਹਵਾਲਾ: ਪੰਥਕ ਮਤੇ ਸੰਪਾਦਕ ਡਾ:ਕਿਰਪਾਲ ਸਿੰਘ ਪੰਨਾ 38)

ਕਈਆਂ ਦਾ ਵਿਚਾਰ ਹੈ ਕਿ ‘ਰਾਗਮਾਲਾ’ ਦੀ ਰਚਨਾ ਗੁਰੁ ਸਾਹਿਬ ਦੀ ਨਹੀ, ਜੋ ਕਾਵ ਰਚਨਾ ਦੀ ਸ਼ੈਲੀ ਦਾ ਭੇਦ ਜਾਣਦੇ ਹਨ ਉਹ ਬਿਨਾਂ ਕਠਿਨਾਈ ਇਹ ਸਮਝ ਸਕਦੇ ਹਨ।
ੴ ਦੇ ਸਿਰਲੇਖ ਹੇਠ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭੀ ਅਜੇਹੀ ਬਾਣੀ ਨਹੀਂ, ਜਿਸ ਵਿੱਚ ਨਾਨਕ ਨਾਮ ਨਾ ਹੋਵੇ। ਗੁਰਬਾਣੀ ‘ਸਿਰੀ ਰਾਗ ਤੋਂ ਆਰੰਭ ਹੁਦੀ ਹੈ, ਗੁਰੁਵਾਕ ਹੈ-‘ਰਾਗਾਂ ਵਿਚਿ ਸਿਰੀਰਾਗੁ ਹੈ’। ਭਾਈ ਗੁਰਦਾਸ ਜੀ ਲਿਖਦੇ ਹਨ-‘ਰਾਗਨ ਮੈਂ ਸਿਰੀ ਰਾਗ’ ਪਰ ਰਾਗਮਾਲਾ ਭੈਰਵ ਰਾਗ ਤੋਂ ਅਰੰਭ ਕਰਦੀ ਹੈ।
ਯਥਾ:- ਪ੍ਰਥਮ ਰਾਗ ਭੈਰਉ ਵੈ ਕਰਹੀ॥’
ਭਾਵ ਇਹ ਹੈ ਕਿ ਸੰਗੀਤ ਸ਼ਾਸਤ੍ਰ ਅਨੁਸਾਰ ਭੀ ਇਹ ਗੁਰਮਤ ਸੰਗੀਤ ਤੋਂ ਉਲਟ ਹੈ ।
‘ਰਾਗ ਮਾਲਾ’ ਬਾਬਤ ਖੌਜੀ ਵਿਦਵਾਨ ਲਿਖਦੇ ਹਨ:-
ਰਾਗ ਮਾਲ ਸ੍ਰੀ ਗੁਰ ਕੀ ਕ੍ਰਿਤ ਨਹਿਂ ਹੈ ਮੁੰਦਾਵਣੀ ਲਗਿ ਗੁਰ ਬੈਨ।
(40) (ਗੁਰ ਪ੍ਰਤਾਪ ਸੂਰਜ,ਰਾਸਿ 3 ਅੰਸੂ 48)
"ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀ ਰੱਖਦਾ; ਪਰੰਤੂ, ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ‘ਰਾਗਮਾਲਾ’ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ‘ਰਾਗਮਾਲਾ’ ਹੈ ਇਸੇ ਬਾਣੀ ਦੀ।" (ਡਾ: ਚਰਨ ਸਿੰਘ ਜੀ, ਕ੍ਰਿਤ ਬਾਣੀ ਬੇਉਰਾ)
ਬੁਹਤ ਸੱਜਣ ਯਤਨ ਕਰਦੇ ਹਨ ਕਿ ‘ਰਾਗਮਾਲਾ’ ਗੁਰੁ ਗ੍ਰੰਥ ਸਾਹਿਬ ਵਿੱਚ ਛਾਪੀ ਨਾ ਜਾਵੇ, ਅਥਵਾ ਕੱਢ ਇੱਤੀ ਜਾਵੇ, ਪਰ ਇਹ ਅਨੇਕ ਝਗੜੇ ਖੜੇ ਕਰਨ ਦਾ ਸਾਧਨ ਹੈ, ਐਸਾ ਨਹੀ ਕਰਨਾ ਚਾਹੀਏ। ਜੇ ਕੋਈ ‘ਰਾਗਮਾਲਾ’ ਪੜ੍ਹ ਕੇ ਭੋਗ ਪਾਉਂਦਾ ਹੈ ਤਾਂ ਵਿਵਾਦ ਨਹੀਂ ਕਰਨਾ ਚਾਹੀਏ, ਮਿੱਤ੍ਰ ਭਾਵ ਨਾਲ ਉਸ ਨੂੰ ਅਸਲੀ ਗੱਲ ਦੱਸ ਦੇਣੀ ਯੋਗ ਹੈ ਅਤੇ ਸਥਾਨਕ ਮਰਯਾਦਾ ਹੀ ਕਰਨੀ ਉੱਚਿਤ ਹੈ।
(ਹਵਾਲਾ ਭਾਈ ਕਾਨ੍ਹ ਸਿੰਘ ਨਾਭਾ -ਗੁਰਮਤ ਮਾਰਤੰਡ ,ਭਾਗ ਦੂਜਾ ਪੰਨਾ 779)
ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਹੋਰ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਸਮੇਤ ਰਾਗਮਾਲਾ ਵਾਰੇ ਵੀ ਇਹ ਦਰਜ ਹੈ
ਤਬ ਲੌ ਰਾਗ ਸਭੀ ਇਕੈਠਾਏ । ਗੁਰ ਅਰਜਨ ਕੇ ਸਨਮੁਖ ਆਏ।
ਕ੍ਰਿਪਾਸਿੰਧੁ ਕੀ ੳਸਿਤਤਿ ਕਰੀ। ਭਾਂਤਿ ਭਾਂਤਿ ਮਨਿ ਅਨੰਦੁ ਭਰੀ।649।
ਉਸਤਤਿ ਕਰਿ ਗੁਰ ਪਗ ਲਪਟਾਏ। ਦਯਾਸਿੰਧੁ ਪੂਛ੍ਯੋ ਮਨੁ ਲਾਏ।
ਨਿਜ ਆਵਨ ਕਾ ਕਾਰਨਿ ਕਹੋ। ਤਿਨੈ ਕਹਾ ਪ੍ਰਭ ਸਬ ਸੁਧ ਲਹੋ। 650।
ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ।
ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ।654।
ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗਿੰ੍ਰਥ ਕਾ ਪਾਠ ਧਰਾਵੋ।
ਪਾਵੋ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਕੇ ਸੜ । 697 ।
ਕੜਾਹ ਪ੍ਰਸਾਦ ਤਿਹ ਨਿਮਿਤ ਦਿਵਾਵੈ । ਨਰਕ ਦੁਆਰ ਤਿਸ ਨਹਿ ਦ੍ਰਿਸਟਾਵੇ।
ਪਾਛੇ ਮ੍ਰਿਤਕ ਐਸ ਬਿਧਿ ਕਰੋ। ਜੀਵਤ ਜਤਨ ਐਸ ਬਿਧਿ ਧਰੋ।698
ਧਾਰਿ ਪ੍ਰੇਮ ਗੁਰ ਗ੍ਰਿੰਥ ਕਾ ਪਾਠ ਕਰੈ ਮੁਨ ਲਾਇ।
ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ।699
ਕੜਾਹ ਕਰਾਵੇ ਹਰਖ ਸੋਂ ਕੋਟਿ ਢੱਗ ਫੱਲ ਚੀਨ।
ਸਭ ਸੰਗਤਿ ਸੁਨਿ ਬੈਨਗੁਰ ਧਾਰਿ ਚਿੱਤ ਮੈ ਲੀਨ। 700
ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ 4
ਸੰਪਾਦਕ ਗਿਆਨੀ ਜਗਿੰਦਰ ਸਿੰਘ ਵੇਦਾਂਤੀ
ਗੁਰ ਬਿਲਾਸ ਪਾਤਸ਼ਾਹੀ 6 ਨੂੰ ਸ਼੍ਰੋਮਣੀ ਕਮੇਟੀ ਵੱਲੋ ਵਾਪਸ ਲੈਣ ਦਾ ਐਲਾਨ ਕਰ ਕੇ ਵੀ, ਆਪਣੇ ਬਚਨ ਤੋ ਖਿਸਕ ਕੇ ਲਗਾਤਾਰ ਵੇਚਿਆ ਜਾ ਰਿਹਾ ਹੈ। ਸ਼ਾਇਦ ਇਨ੍ਹਾਂ ਤੇ ਬਾਣੀ ਦਾ ਹੇਠ ਲਿਖਿਆ ਫੁਰਮਾਨ ਲਾਗੂ ਨਹੀ ਹੁੰਦਾ।
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ (ਪੰਨਾ 1099 )
"ਸੋ ਉਪਕ੍ਰਮ ਸਤਿਨਾਮ ਸੇ ਲੇਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਕਰ ਚੁਕੇ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ 6 ਰਾਗ 30 ਰਾਗਨੀ 48 ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਂ ਸ਼ਬਦੋਂ ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਂ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਂ ਲਿਖੋ। ਤਬ ਭਾਈ ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ ਰਖੀ ਹੈ॥ (ਫਰੀਦਕੋਟੀ ਟੀਕਾ)
ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ, ਕੀ ਭੋਗ ਦਾ ਸੱਦਾ ਸਿਰਫ 6 ਰਾਗਾਂ ਅਤੇ ਉਹਨਾਂ ਦੇ ਪ੍ਰਵਾਰਾ ਨੂੰ ਹੀ ਭੇਜਿਆ ਗਿਆ ਸੀ ਬਾਕੀ ਰਾਗਾਂ ਨੂੰ ਨਹੀ? ਜਦੋ ਕਿ ਇਨ੍ਹਾਂ 6 ਰਾਗਾਂ ਵਿੱਚੋਂ 3 ਰਾਗ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹੀ ਨਹੀ ਹਨ।
ਰਾਗ ਮਾਲਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਲਿਖਿਆ ਹੈ ਧੋਖੇ ਬਾਜੀ ਕੀਤੀ ਹੈ ਪੰਥ ਨਾਲ ………। ਭਾਈ ਤੇਜਾ ਸਿੰਘ ਜਦੋਂ ਮਰਿਆ ਤਾਂ ਗੁਪਤ ਥਾਂ ਕੀੜੇ ਪੈ ਗਏ, ਅੱਖਾਂ ਵਿਚ ਸੁੰਡੀਆਂ ਪੈ ਗਈਆਂ, ਸਾਰੇ ਸਰੀਰ ਵਿਚ ਬਦਬੂ ਆਵੇ। ਕਿਉਕਿ ਰਾਗਮਾਲਾ ਦਾ ਵਿਰੋਧੀ ਸੀ। (ਗੁਰਬਾਣੀ ਪਾਠ ਦਰਸ਼ਨ ਪੰਨਾ-216)
ਕੁਝ ਸਮੇਂ ਤੋਂ ਗੁਰਸਿਖਾਂ ਵਿਚ ਇਹ ਅਸੰ਼ਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਆਸ਼ੰਕਾਂ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਸਾਹਿਬ ਜੀ ਸੇ ਸ਼ੁਰੂ ਹੋਈ ਹੈ। ਪ੍ਰੰਤੂ ਉਨਕੇ ਸਰੀਰ ਮੇ ਜਬ ਅਤੀ ਤਕਲੀਫ ਜ਼ਬਾਨ ਬੰਦ ਹੋ ਜਾਨੇ ਕੀ ਔਰ ਸਰੀਰ ਦੇ ਕੁਸਟ ਹੋ ਜਾਨੇ ਦੀ ਹੋ ਗਈ ਤੋ ਇਹ ਆਸ਼ੰਕਾ ਭੀ ਬੰਦ ਹੋ ਗਈ ਸੀ। (ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ ਪੰਨਾ 9)
ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਉਪ੍ਰੋਕਤ ਰਾਗਮਾਲਾ ਵਾਲੀ ਕਹਾਣੀ ਅਖੋਤੀ ਦਸਮ ਗ੍ਰੰਥ ਵਿੱਚ ਵੀ ਸੰਖੇਪ ਰੂਪ ਵਿੱਚ ਦਰਜ ਹੈ (ਚਰਿਤ੍ਰੋ ਪਾਖਿਆਨ 91) ਜੇ ਕੋਈ ਪਾਠਕ ਉਸ ਨੂੰ ਪੜ੍ਹਨੀ ਚਾਹੇ ਤਾਂ ਹੇਠ ਲਿਖੇ ਲਿੰਕ ਤੇ ਕਲਿਕ ਕਰਨ ਦੀ ਖੇਚਲ ਕਰਨੀ ਜੀ ਅਤੇ ਪੰਨਾ 43/104 ਤੋਂ 56/104 ਪੜ੍ਹੋ।
http://www.gobindsadan.org/institute/dasam/pdf/v4_3.pdf


ਦੋਹਰਾ ਪੰਡਿਤ ਬੁਧਵੰਤਾ ਗੁਨੀ ਕਬ ਜਨ ਅਛਰ ਏਕ।
ਨਾਮ ਨਮਿਤ ਗੁਨ ਉਚਰਹਿ ਕਹਿ ਕਹਿ ਕਥਾ ਅਨੇਕ।। 179।।
ਇਤਿ ਮਾਧਵ ਨਲ ਕਾਮ ਕੰਦਲਾ ਕੀ ਕਥਾ ਸੰਪੂਰਨ ਸਮਾਪਤੰ।
ਚੌਪਈ ਕਥਾ ਚੌਪਈ ਆਲਿਮ ਕੀਨੀ ਪਹਿਲੇ ਕਥਾ ਸ੍ਰਵਨ ਸੁਨਿ ਲੀਨੀ।
ਕਹੂੰ ਕਹੂੰ ਬੀਚ ਦੋਹਰਾ ਪਰੇ ਕਹੂੰ ਕਹੂੰ ਬਚਿ ਸੋਰਠਾ ਧਰੇ।
ਸੁਨਤ ਸ੍ਰਵਨ ਯਹਿ ਕਥਾ ਸੁਹਾਈ ਅਤਿ ਰਸਾਲ ਪੰਡਿਤ ਮਨਿ ਭਾਈ।
ਪ੍ਰੀਤਵੰਤ ਹੋਇ ਸੁਨੇ ਜੁ ਕੋਈ ਬਾਢੈ ਪ੍ਰੀਤ ਹੀੲ ਸਖਿ ਹੋਈ।
ਕਾਮੀ ਰਸਕਿ ਪੁਰਖ ਜੋ ਸੁਨਹੀ ਤੇ ਯਹ ਕਥਾ ਰੈਨ ਦਿਨ ਗੁਨਹੀ।
ਵਾਹਗੁਰੂ ਸਬਦ ਦੇ ਉਚਾਰਣ ਬਾਰੇ ਭਾਈ ਕਾਹਨ ਸਿੰਘ ਨਾਭਾ ਦਾ ਫਤਵਾ - ਗੁਰਚਰਨ ਸਿੰਘ ਜਿਉਣ ਵਾਲਾ


1840-42 ਦੇ ਆਸ-ਪਾਸ ਜਦੋਂ ਮੌਲਵੀ ਬੂਟੇਸ਼ਾਹ ਨੇ ‘ਤਵਾਰੀਖ ਏ ਪੰਜਾਬ’ ਲਿਖੀ ਤਾਂ ਸੂਹੀਆ ਵਿਭਾਗ ਦੇ ਇੰਚਾਰਜ ਕੈਪਟਨ ‘ਮਰੇ’ ਨੇ ਮੌਲਵੀ ਬੂਟੇਸ਼ਾਹ ਨੂੰ ਪੁਛਿਆ ਕਿ ਸਿੱਖਾਂ ਦੀਆਂ ਕਿਹੜੀਆਂ ਕਿਹੜੀਆਂ ਕਮੀਆਂ ਹਨ? ਤਾਂ ਮੌਲਵੀ ਨੇ ਜਵਾਬ ਦਿੱਤਾ ਕਿ, “ਸਿੱਖ ਦਾ ਘਰ-ਘਾਟ ਉਜਾੜ ਦਿਓ ਇਹ ਨਹੀਂ ਮਰਦਾ, ਸਿੱਖ ਦਾ ਬਾਲ-ਬੱਚਾ ਮਾਰ ਦਿਓ ਇਹ ਨਹੀਂ ਮਰਦਾ, ਸਿੱਖ ਦੀ ਪਤਨੀ ਮਾਰ ਦਿਓ ਇਹ ਨਹੀਂ ਮਰਦਾ, ਸਿੱਖ ਦੀਆਂ ਫਸਲਾਂ ਉਜਾੜ ਦਿਓ ਇਹ ਨਹੀਂ ਮਰਦਾ, ਸਿੱਖ ਨੂੰ ਮਾਰ ਦਿਓ ਇਹ ਨਹੀਂ ਮਰਦਾ, ਇਹ ਉਦੋਂ ਮਰਦਾ ਹੈ ਜਦੋਂ ਇਸਨੂੰ ਸਿੱਖ ਸਿਧਾਂਤ ਨਾਲੋਂ ਤੋੜ ਦਿਓਗੇ”। ਅੱਜ ਸਿੱਖ ਫੈਸਲਾ ਕਰਨ ਕਿ ਕੀ ਉਹ ਆਪਣੇ ਸਿਧਾਂਤ ਨਾਲ ਜੁੜੇ ਹੋਏ ਹਨ?
ਸੱਭ ਤੋਂ ਪਹਿਲਾਂ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ‘ਸਿੱਖ ਧਰਮ’ ਦਾ ਖਿਲਵਾੜ ਹੋ ਚੁਕਿਆ ਹੈ ਤੇ ਅੱਜ ਵੀ ਕੀਤਾ ਜਾ ਰਿਹਾ ਹੈ। ਸਿੱਖ ਵਿਰੋਧੀ ਤਾਕਤਾਂ ‘ਸਿੱਖਾਂ ਦੀ ਨਸਲਕੁਸ਼ੀ’ ਸਿਰਫ ਸਰੀਰਕ ਤੌਰ ਤੇ ਹੀ ਨਹੀਂ ਕਰਦੀਆਂ ਸਗੋਂ ‘ਸਿੱਖ ਸਿਧਾਂਤ’ ਨੂੰ ਵਿਗਾੜ ਕੇ ਵੀ ਕਰਦੀਆਂ ਹਨ। ਬਸ ਇਹੀ ਨੁਕਤਾ ਹੈ ਜਿਸਦੀ ਸਿੱਖਾਂ ਨੂੰ ਸਮਝ ਨਹੀਂ ਪੈ ਰਹੀ। ਸਗੋਂ ਸਾਡੇ ਧਰਮ ਦੇ ਅਲੰਬਰਦਾਰ ਹੋ ਰਹੇ ਖਿਲਵਾੜ ਨੂੰ ਇਹ ਕਹਿ ਕਹਿ ਕੇ ਪ੍ਰਚਾਰ ਰਹੇ ਹਨ ਕਿ ਇਹ ਮਰਯਾਦਾ ਤਾਂ ਗੁਰੂ ਅਰਜਨ ਪਾਤਸ਼ਾਹ ਵੇਲੇ ਤੋਂ ਹੀ ਚੱਲੀ ਆ ਰਹੀ ਹੈ। ਇਹ ਸੱਭ ਝੂਠ ਹੈ ਜਿਸਦਾ ਸਾਡੇ ਜੱਥੇਦਾਰ ਰੱਜ ਕੇ ਪ੍ਰਚਾਰ ਕਰਦੇ ਹਨ ਤੇ ਸਿੱਖ ਵਿਰੋਧੀ ਤਾਕਤਾਂ ਤੋਂ ਲਿਫਾਫੇ ਲੈ ਕੇ ਢਿੱਢ ਤੇ ਹੱਥ ਫੇਰ ਕੇ ਡਕਾਰ ਮਾਰਦੇ ਪੈਸੇ ਦੇ ਨਸ਼ੇ ਵਿਚ ਸੌਂ ਜਾਂਦੇ ਹਨ।
1087 ਪੰਨਾ ਮਹਾਨ ਕੋਸ਼ ਤੇ ਭਾਈ ਕਾਹਨ ਸਿੰਘ ਨਾਭਾ ਜੀ ਵਾਹਗੁਰੂ ਲਫਜ਼ ਦੇ ਅਰਥ ਕੁੱਝ ਇੰਞ ਲਿਖਦੇ ਹਨ:
ਮਨ ਬੁੱਧਿ ਤੋਂ ਪਰੇ, ਧਨਯਤਾ ਯੋਗਯਾ ਕਰਤਾਰ।
“ ਕੀਆ ਖੇਲੁ ਬਡ ਮੇਲੁ ਤਮਾਸਾ, ਵਾਹ ਗੁਰੂ, ਤੇਰੀ ਸਭ ਰਚਨਾ ॥  (ਪੰਨਾ 1403)
ਸੇਵਕ ਕੈ ਭਰਪੂਰ ਜੁਗੁ ਜੁਗੁ, ਵਾਹ ਗੁਰੂ, ਤੇਰਾ ਸਭੁ ਸਦਕਾ ॥ (ਪੰਨਾ 1403)
“ ਸਤਿਗੁਰੁ ਪੁਰਖ ਦਿਆਲ ਹੁਇ ਵਾਹਗੁਰੂ ਸਚ ਮੰਤ੍ਰ ਸੁਣਾਇਆ” ਵਾਰਾਂ ਭਾਈ ਗੁਰਦਾਸ।
ਵਾਹਗੁਰੂ ਜੀ ਕੀ ਫਤਹ। ਸਿੱਖ ਦੇ ਪਰਸਪਰ ਮਿਲਣ ਸਮੇਂ ਦਾ ਸ਼ਿਸ਼ਟਾਚਾਰ ਬੋਧਕ ਵਾਕ। ਇਸਦਾ ਅਰਥ ਹੈ ਜਯ ਕਰਤਾਰ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫਤੇ ਬਾਬਤ ਜੋ ਆਗਯਾ ਹੈ ਉਸ ਨੂੰ ਭਾਈ ਮਨੀ ਸਿੰਘ ਜੀ ਇਉਂ ਲਿਖਦੇ ਹਨ। ਜੋ ਕੋਈ ਸਿੱਖਾਂ ਨੂੰ ਅੱਗੋਂਦੇ ਵਾਹਗੁਰੂ ਜੀ ਕੀ ਫਤੇ ਬੁਲਾਂਵਦਾ ਹੈ ਉਸ ਵੱਲ ਮੇਰਾ ਮੁੱਖ ਹੁੰਦਾ ਹੈ, ਅਰ ਜੋ ਪਿੱਛੋਂ ਬੁਲਾਂਵਦਾ ਹੈ ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ, ਅਰ ਜੋ ਪਿਛੋਂ ਹੌਲੀ ਬੁਲਾਂਵਦਾ ਹੈ, ਉਸ ਵੱਲ ਮੇਰੀ ਪਿੱਠ ਹੁੰਦੀ ਹੈ।(ਹਵਾਲਾ ਭਗਤਰਤਨਾਵਲੀ)।
ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਪੰਨਾ 77 ਤੇ ਮਹਾਨਕੋਸ਼ ਤੇ ਭਾਈ ਕਾਹਨ ਸਿੰਘ ਨਾਭਾ ਜੀ ਵਾਹਗੁਰੂ ਸ਼ਬਦ ਇਉਂ ਲਿਖਦੇ ਹਨ: ਹਰੇਕ ਚੁਲੇ ਨਾਲ ‐ “ਬੋਲ ਵਾਹਗੁਰੂ ਜੀ ਕਾ ਖਾਲਸਾ ਬੋਲ ਵਾਹਗੁਰੂ ਜੀ ਕੀ ਫਤੇ” ਗਜਾਈ ਜਾਵੇ, ਅਤੇ ਛਕਣ ਵਾਲਾ- “ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ” ਗਜਾਵੇ।
ਹੁਣ ਆਪਾਂ ਪੰਨਾ 427, ਗੁਰਮਤ ਸੁਧਾਕਰ ਤੇ ‘ਅਰਦਾਸ ਬਿਨਾ ਜੋ ਕਾਜ ਸਿਧਾਵੈ’ ਦੇ ਸਿਰਲੇਖ ਹੇਠ ਪੜ੍ਹਦੇ ਹਾਂ। “ ਬਾਈ ਵਾਰਾਂ ਚੌਬੀਹ ਅਵਤਾਰਾਂ ਦੇ ਚਰਣਕਮਲ ਕਾ ਧਯਾਨ ਕਰਕੇ ਬੋਲੋ ਜੀ, ਵਾਹਗੁਰੂ” ਪਹਿਲਾਂ ਤਾਂ ਬਾਈ ਵਾਰਾਂ ਦੇ ਚਰਣਾਂ ਦਾ ਹੋਣਾ ਹੀ ਅਣਬਣ ਹੈ.......।ਇਹ ਵਾਰਤਾਲਾਪ ਕਾਫੀ ਲੰਬਾ ਚੱਲਦਾ ਹੈ ਪਰ ਆਪਾਂ ਇੱਥੇ ਸਿਰਫ ਇਹੀ ਵੇਖਣਾ ਹੈ ਕਿ ਵਾਹਗੁਰੂ ਨੂੰ ਹਰ ਵਕਤ ਸਿਹਾਰੀ ਤੋਂ ਬਗੈਰ ਹੀ ਲਿਖਦੇ ਹਨ।
ਪੰਨਾ 428:  ਸਲੋਕ ਮਃ 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ {ਪੰਨਾ 1093}
ਸਲੋਕ ਲਿਖ ਕੇ ਆਗਯਾ ਕੀਤੀ ਹੈ ਕਿ  ਅਰਦਾਸ ਕਰਣਕਾਰਣ ਸਮਰਥ ਵਾਹਗੁਰੂ ਅੱਗੇ ਕਰੋ।ਭਾਈ ਕਾਹਨ ਸਿੰਘ ਨਾਭਾ ਜੀ ਫਿਰ ਤੋਂ ਹਾਹੇ ਨੂੰ ਸਿਹਾਰੀ ਤੋਂ ਬਗੈਰ ਹੀ ਲਿਖਦੇ ਹਨ।
ਪੰਨਾ 429 ਤੇ ਵੀ ‘ਵਾਹਗੁਰੂ’ ਹਾਹੇ ਨੂੰ ਸਿਹਾਰੀ ਤੋਂ ਬਗੈਰ ਹੀ ਲਿਖਦੇ ਹਨ ਤੇ ਅਰਦਾਸ ਬਾਰੇ ਲਿਖਦੇ ਲਿਖਦੇ ਕਿਤੇ ਵੀ ਹਾਹੇ ਨੂੰ ਸਿਹਾਰੀ ਨਹੀਂ ਲਾਉਂਦੇ।
ਪੰਨਾ 433 ਤੇ ਪ੍ਰਸ਼ਨ ਉਂਤਰ ਭਾਈ ਨੰਦ ਲਾਲ ਕਾ।
ਵਾਹਗੁਰੂ ਗੁਰੁ ਮੰਤ੍ਰ ਸੁ ਜਾਪ, ਕਰ ਇਸਨਾਨ ਪੜ੍ਹੈ ਜਪੁ ਜਾਪ।
ਪੰਨਾ 434 ਤੇ ਰਹਿਤਨਾਮਾ ਭਾਈ ਦੇਸਾ ਸਿੰਘ ਦਾ ਹਵਾਲਾ ਦੇ ਕੇ ਪੰਨਾ 435 ਤੇ ਇਉਂ ਲਿਖਦੇ ਹਨ: “ਬੋਲ ਵਾਹਗੁਰੂ ਜੀ ਕਾ ਖਾਲਸਾ ਬੋਲ ਵਾਹਗੁਰੂ ਜੀ ਕੀ ਫਤੇ” ਗਜਾਈ ਜਾਵੇ, ਅਤੇ ਛਕਣ ਵਾਲਾ- “ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ” ਗਜਾਵੇ।
ਪਿਆਰਾ ਸਿੰਘ ਪਦਮ (ਏਕੇ ਨੂੰ ਸੋਲਾਂ ਜੀਰੋ) ਦੇ ਪੰਨਾ 128 ਤੇ ਭਾਈ ਦੇਸਾ ਸਿੰਘ ਦੇ ਰਹਿਨਾਮੇ ਵਿਚ ਵੀ ਇਉਂ ਲਿਖਿਆ ਮਿਲਦਾ ਹੈ। ਵਾਹ ਗੁਰੂ ਨਿਤ ਬਚਨ ਉਚਾਰੇ। ਵਾਹ ਗੁਰੂ ਕੋ ਹਿਰਦੈ ਧਾਰੈ।ਆਗੇ ਆਵਤ ਸਿੰਘ ਜੋ ਪਾਵੈ। ਵਾਹਗੁਰੂ ਕੀ ਫਤਹਿ ਬੁਲਾਵੈ।10।
ਰਹਿਤਨਾਮਿਆਂ ਦਾ ਹਵਾਲਾ ਦੇਣ ਦਾ ਮਤਲਬ ਇਹ ਨਹੀਂ ਕਿ ਹੁਣ ਮੈਂ ਰਹਿਨਾਮਿਆਂ ਦੀ ਪ੍ਰਮਾਣਕਤਾ ਸਿੱਧ ਕਰ ਰਿਹਾ ਹਾਂ ਸਗੋਂ ਸਿਰਫ ਇਕ ਅੱਖਰ ਦੇ ਲਿਖਣ ਵਿਧੀ ਨੂੰ ਸਾਬਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਵਾਹਗੁਰੂ ਤੇ ਵਾਹਿਗੁਰੂ ਲਫਜ਼ ਦੇ ਉਚਾਰਣ ਵਿਚ ਕੋਈ ਫਰਕ ਨਹੀਂ ਪੈਣਾ। ਹਾਹੇ ਨੂੰ ਸਿਹਾਰੀ ਦਾ ਵਿਆਕਰਣਕ ਨੁਕਤਾ ਹੈ। ਸਾਡੇ ਨਾਲੌਂ ਤਾਂ ਸਾਡੇ ਅਣਪੜ੍ਹ ਮਾਂ-ਬਾਪ, ਦਾਦੇ ਪੜ੍ਹਦਾਦੇ ਚੰਗੇ ਸਨ ਜਿਨ੍ਹਾਂ ਨੇ ਵਾਹੇਗੁਰੂ ਕਦੀ ਵੀ ਉਚਾਰਣ ਨਹੀਂ ਕੀਤਾ ਸਗੋਂ ਉਹ ਤਾਂ ਇਤਨਾ ਕੁ ਹੀ ਕਹਿੰਦੇ ਸਨ ਵਾ.... ਖਰੂ। ਹਾਹੇ ਨੂੰ ਲਾਮ ਲਾ ਕੇ ਬੁਲਾਉਣ ਨਾਲ ਹੀ ਇਸਦੀਆਂ ਧੁਨੀਆਂ ਨਿਕਲਦੀਆਂ ਹਨ ਤੇ ਫਿਰ ਅਸੀਂ ਅੱਜ-ਕੱਲ੍ਹ ਦੇ ਨਵੀਂ ਕਿਸਮ ਦੇ ਸਾਧ ‘ਗੁਰਮੁਖਿ ਸੇਵਾ ਸਿੰਘ ਤਰਮਾਲਾ’ ਦੇ ਚੱਕਰ ਵਿਚ ਫਸ ਜਾਂਦੇ ਹਾਂ। ਮੇਰਾ ਕੰਮ ਲੋਕਾਂ ਨੂੰ ਸਾਧਾਂ ਦੇ ਚੱਕਰਵਿਊ ਵਿਚੋਂ ਬਾਹਰ ਕੱਢਣਾ ਹੈ।
ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ।ਮੋਬਾਈਲ ਕੈਨੇਡਾ☬ 647 969 3132 ਅਤੇ
                                           ਮੋਬਾਈਲ ਅਮਰੀਕਾ☬ 810 223 3648

‘ਵਾਹਿਗੁਰੂ’ ਸ਼ਬਦ ਦੇ ਬਹਾਨੇ ਹੋ ਰਹੀ ਕੁਚਰਚਾ (ਅਮਰਦੀਪ ਸਿੰਘ ‘ਅਮਰ’ ਜੀ ਨੂੰ ਉੱਤਰ) - ਮਨਦੀਪ ਸਿੰਘ ‘ਵਰਨਨ’

ਨਾਵਲਕਾਰ, ਕਵੀ ਤੇ ਵਿਦਵਾਨ ਵੀਰ ਅਮਰਦੀਪ ਸਿੰਘ ‘ਅਮਰ’ ਜੀ ਨੇ “ਪੰਜਾਬ ਟਾਈਮਜ਼ ਯੂ. ਐਸ. ਏ.” ਵਿੱਚ  ‘ਜਿਨ ਏਕ ਬਾਰ ਸ੍ਰੀ ਵਾਹਿਗੂਰ ਕਹਿਓ’ ਲੇਖ ਰਾਂਹੀ ਕੁਝ ਵਿਚਾਰ ਰੱਖੇ ਹਨ ਅਤੇ “ਮਿਸ਼ਨਰੀ” ਵਿਦਵਾਨਾਂ ਵਿਰੁੱਧ ਦਿਲ ਦੀ ਭੜਾਸ ਕੱਢੀ ਸਗੋਂ ਚਿੱਕੜ ਵੀ ਸੁੱਟਿਆ ਹੈ ਜਿਸਦੀ ਕਿ ਉਨ੍ਹਾਂ ਕੋਲੋਂ ਬਿਲਕੁਲ ਵੀ ਆਸ ਨਹੀਂ ਸੀ। ਦਾਸ ਆਪਣੇ ਵਿਚਾਰ ਇਸ ਕਰਕੇ ਲਿਖ ਰਿਹਾ ਹੈ ਕਿਉਂਕਿ ‘ਸਰੀ’ ਦੀ ਜਿਸ ਕਾਨਫਰੰਸ ਨੂੰ ਆਧਾਰ ਬਣਾਵੇ ਇਹ ਚਰਚਾ ਕੀਤੀ ਗਈ ਹੈ ਉਥੇ ਮੈਂ ਵੀ ਹਾਜ਼ਿਰ ਸੀ ਤੇ ਇਨਾਂ ਦੇ ਕਥਨ ਮੁਤਾਬਿਕ ‘ਲਾਣੇ’ ਦਾ ਮੈਂਬਰ ਸੀ। ਪਹਿਲਾਂ ਵੀ ‘ਅਮਰ’ ਜੀ ਸ: ਗੁਰਬਖਸ਼ ਸਿੰਘ ‘ਕਾਲਾ ਅਫਗਾਨਾ’ ਦੇ ਖਿਲਾਫ ਕਵਿਤਾ ਉਚਾਰ ਚੁੱਕੇ ਹਨ ਪਰ ਉਹਨਾਂ ਦੀ ਲਿਖਤਾਂ ਵਿੱਚ ਕੀ ਗਲਤੀਆਂ ਸਨ ਗੁਰਬਾਣੀ ਦੇ ਆਧਾਰ ਤੇ ਉਸਨੂੰ ਬਿਲਕੁਲ ਵੀ ਸਾਬਿਤ ਨਹੀਂ ਕਰ ਸਕੇ।
ਉਨ੍ਹਾਂ ਨੇ ਸ਼ਹੀਦ ਸਿੰਘਾਂ ਦੀ ਉਦਾਹਰਣ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਭਾਈ ਗੁਰਦਾਸ ਜੀ ਦੀ ਲਿਖਤ ਦੀ ਉਦਾਹਰਣ ਵੀ ਦਿੱਤੀ ਗਈ ਹੈ
 ਪਰ ਪਤਾ ਨਹੀਂ ਕਿਉਂ ?  ਕਿਸ ਮਜ਼ਬੂਰੀ ਕਾਰਨ ਵੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਇੱਕ ਵੀ ਉਦਾਹਰਣ ਨਹੀਂ ਦਿੱਤੀ , ਇੱਕ ਵੀ ਤੁਕ ਪਾਵਨ ਗੁਰਬਾਣੀ ਦੀ ਨਹੀਂ ਵਰਤੀ, ਗੁਰਬਾਣੀ ਵਿੱਚੋਂ ਇੱਕ ਵੀ ਨੁਕਤਾ ਇਸ ਲੇਖ ਵਿੱਚ ਨਹੀਂ ਆਇਆ । ਸਿੱਖ ਲਈ ਕਸਵੱਟੀ ਸਿਰਫ ਤੇ ਸਿਰਫ ਗੁਰਬਾਣੀ ਹੈ ਕਿਉਂਕਿ ‘ਸ਼ਬਦ ਗੁਰੂ’ ਹੀ ਸਿੱਖ ਦਾ ਗੁਰੂ ਹੈ। ਭਾਈ ਗੁਰਦਾਸ ਜੀ ਦੀ ਰਚਨਾ ‘ਸਿੱਖੀ’ ਲਈ ਕਸਵੱਟੀ ਨਹੀਂ ਹੈ, ਉਸਨੂੰ ਇਤਿਹਾਸਕ ਪੱਖ ਜਾਂ ਜਾਣਕਾਰੀ ਤੌਰ ਤੇ ਵਰਤਿਆ ਜਾ ਸਕਦਾ ਹੈ। ਨਿਰਣਾ, ਕਸਵੱਟੀ,  ਇਹ ਹੱਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਸਿੱਖ ਲਈ ਅੰਤਿਮ ਸੱਚ ਸਿਰਫ ਗੁਰਬਾਣੀ ਹੈ।

ਗੁਰਬਾਣੀ ਵਿੱਚ ਆਇਆ ‘ਵਾਹਿ ਗੁਰੂ’ ਸ਼ਬਦ ਹੇਠ ਲਿਖੇ ਅਨੁਸਾਰ ਹੈ:-
ਵਾਹਿ ਗੁਰੂਵਾਹਿ ਗੁਰੂਵਾਹਿ ਗੁਰੂਵਾਹਿ ਜੀਉ ॥ ਕਵਲ ਨੈਨਮਧੁਰ ਬੈਨਕੋਟਿ ਸੈਨ ਸੰਗ ਸੋਭਕਹਤ ਮਾ ਜਸੋਦ ਜਿਸਹਿਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁਅਤਿ ਅਨੂਪੁਮੋਹ ਮਹਾ ਮਗ ਭਈਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ {ਪੰਨਾ 1402}
ਕਾਲ ਕਲਮ ਹੁਕਮੁ ਹਾਥਿਕਹਹੁ ਕਉਨੁ ਮੇਟਿ ਸਕੈਈਸੁ ਬੰਮ੍ਹਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁਆਦਿ ਪੁਰਖੁ ਸਦਾ ਤੁਹੀਵਾਹਿ ਗੁਰੂਵਾਹਿ ਗੁਰੂਵਾਹਿ ਗੁਰੂਵਾਹਿ ਜੀਉ ॥16॥ (ਪੰਨਾ 1402)
ਵਾਹਿਗੁਰੂ’ ਸ਼ਬਦ ਦੀ ਵਿਆਖਿਆ ਪ੍ਰੋ. ਸਾਹਿਬ ਸਿੰਘ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਵਿੱਚ ਬੜੇ ਵਿਸਥਾਰ ਨਾਲ ਕੀਤੀ ਹੈ , ਜ਼ਰੂਰ ਪੜ੍ਹਨ ਦੀ ਕ੍ਰਿਪਾਲਤਾ ਕਰੋ । ਅਗਰ ਆਪ ਨੂੰ ‘ਮਿਸ਼ਨਰੀ’ ਲਫਜ਼ ਤੋਂ ਘ੍ਰਿਣਾ ਹੈ ਤਾਂ ਦੱਸਣਾ ਜ਼ਰੂਰੀ ਹੈ ਕਿ ਪ੍ਰੋ: ਸਾਹਿਬ ਸਿੰਘ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਹੀਦੀ ਤੋਂ ਪ੍ਰਣ ਲੈ ਕੇ ਬਣਾਏ ‘ਸ਼ਹੀਦ ਮਿਸ਼ਨਰੀ ਕਾਲਜ’ ਅਮ੍ਰਿਤਸਰ ਦੇ ਪ੍ਰਿੰ: ਰਹੇ ਹਨ। ਆਪ ਜੀ ਉਹਨਾਂ ਦੀ ਕੀਤੀ ਵਿਆਖਿਆ ਜ਼ਰੂਰ ਪੜ੍ਹੋ ਤਾਂ ਪਤਾ ਲੱਗੇਗਾ ਕਿ ‘ਵਾਹਿ ਗੁਰੂ’ ਸ਼ਬਦ ਕਿੱਥੇ ਹੈ ਕਿਸਦੀ ਬਾਣੀ ਵਿੱਚ ਹੈ ਕਿਵੇਂ ਉਚਾਰਣਾ ਹੈ। ਗੁਰੂ ਅਰਜਨ ਸਾਹਿਬ ਜੀ ਤੱਕ ਪਹਿਲਾਂ ਵਰਤਿਆ ਗਿਆ ਹੈ ਜਾਂ ਨਹੀਂ। ਤੇ’ਅਮਰ’ ਜੀ ਦਾ ਗਿਲਾ ਕਿ ‘ਮਿਡਲ ਪਾਸ’ ਪ੍ਰੋਫੈਸਰ ਬਣ ਰਹੇ ਹਨ, ਇਹ ਗਿਲਾ ਵੀ ਨਹੀਂ ਰਹੇਗਾ ਕਿਉਂਕਿ ਪ੍ਰੋ: ਸਾਹਿਬ ਸਿੰਘ ਨੂੰ ਡੀ ਲਿੱਟ ਦੀ ਡਿਗਰੀ ਵੀ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ‘ਗੁਰਬਾਣੀ ਵਿਆਕਰਣ’ ਦੀ ਖੋਜ ਕਰਕੇ ਲਿਖੀ ਸੀ ।  

ਵਾਹਿਗੁਰੂ’ ਸ਼ਬਦ ਬਾਰੇ ਭਾਈ ਗੁਰਦਾਸ ਜੀ ਦੀ ਇਹ ਵੀ ਲਿਖਤ ਹੈ :-

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥੪੯॥੧॥

ਭਾਵ ਸਤਿਜੁਗ ਦੇ ਵਾਸਦੇਵ ਤੋਂ ਵ ਅੱਖਰ ਲਿਆ।
ਦੁਆਪਰ ਦੇ ਹਰੀਕ੍ਰਿਸ਼ਨ  ਭਾਵ ਕ੍ਰਿਸ਼ਨ ਤੋਂ ਹ ਅੱਖਰ ਲਿਆ।
ਤ੍ਰੇਤੇ ਦੇ  ਰਾਮ ਜੀ ਤੋਂ ਰ ਅੱਖਰ ਲਿਆ।
ਕਲਿਜੁਗ ਦੇ ਗੁਰ ਗੋਬਿੰਦ ਗ ਅੱਖਰ ਲਿਆ।

ਇਹ ਬਣ ਗਿਆ  ਵਹਰਗ । ਹੁਣ ਇਸ ਨੂੰ ਵਾਹਿਗੁਰੂ  ਕਿਵੇਂ ਬਣਾਓਗੇ?

ਹਿੰਦੂ ਮਿਥਿਹਾਸ ਮੁਤਾਬਕ   ਗੌਤਮ ਰਿਸ਼ੀ ਨੇ ਜਦੋਂ ਆਪਣੀ ਪਤਨੀ ਅਹਲਯਾ ਨੂੰ ਪੱਥਰ ਬਣ ਜਾਣ ਦਾ ਸਰਾਪ ਦਿੱਤਾ ਸੀ ਤਾਂ ਅਹਲਯਾ ਨੇ ਪੁੱਛਿਆ ਸੀ ਕਿ ਸੁਆਮੀ ਜੀ ਮੈਂ ਮੁੜ ਕਦੋਂ ਤੁਹਾਡੇ ਦਰਸ਼ਨ  ਕਰਾਂਗੀ ਤਾਂ ਗੌਤਮ ਨੇ ਕਿਹਾ ਕਿ ਜਦੋਂ ਭਗਵਾਨ ਰਾਮ ਜੀ ਤੇਰੇ ਨਾਲ ਆਪਣਾ ਪੈਰ ਛੁਣਗੇ। ਤਾਂ ਅਹਲਯਾ ਨੇ ਕਿਹਾ ਕਿ ਰਾਮ ਜੀ ਨੇ ਤ੍ਰੇਤਾ ਜੁਗ `ਚ  ਅਵਤਾਰ ਧਾਰਨਾ ਹੈ। ਹੁਣ ਸਤਿਜੁਗ ਹੈ ਫੇਰ ਦੁਆਪਰ ਆਵੇਗਾ ਉਸ ਤੋਂ ਪਿਛੋਂ ਤ੍ਰੇਤਾ ਆਵੇਗਾ। ਤਾਂ ਗੌਤਮ ਕਹਿਣ ਲੱਗਾ ਹੁਣ ਤਾ ਬਚਨ ਹੋ ਚੁਕਾ ਹੈ। ਪਰ ਤੇਰੀ ਸਜ਼ਾ ਘੱਟ ਕਰਨ ਲਈ  ਮੈ ਜੁਗ ਬਦਲ ਦਿੰਦਾ ਹਾਂ। ਤਾਂ ਗੌਤਮ ਦੇ ਕਹਿਣ ਤੇ ਜੁਗ ਬਦਲ ਗਏ। ਦੁਆਪਰ ਦੀ ਉਮਰ ਜੋ 1296000 ਸਾਲ ਸੀ ਉਹ ਤ੍ਰੇਤਾ ਦੀ ਹੋ ਗਈ ਅਤੇ ਦੁਆਪਰ ਦੀ ਉਮਰ ਸਿਰਫ 864000 ਰਹਿ ਗਈ। ਭਾਵ ਦੁਆਪਰ ਅਤੇ ਤ੍ਰੇਤਾ ਦੀ ਤਰਤੀਬ ਬਾਲ ਗਈ ਸੀ। ਪਰ ਭਾਈ ਗੁਰਦਾਸ ਜੀ ਨੂੰ ਤਾਂ ਇਸ ਤਬਦੀਲੀ ਦੀ ਕੋਈ ਜਾਣਕਾਰੀ ਨਹੀਂ ਹੈ। 

ਪੁਸਤਕ ਗੁਰੂ ਕੀਆਂ ਸਾਖੀਆਂ `ਚ ਦਰਜ ਹੈ, “ਉਪਰੰਤ ਸਤਿਗੁਰਾਂ ਖਾਂਡੇ ਕੇ ਪਿਪਲੇ ਤੇ ਅੰਮ੍ਰਿਤ ਪਾਇ ਪਾਂਚ ਦਫਾ ਅਪਨੇ ਮੁਖ ਮੇਂ ਚੁਆਇ ਪਾਂਚ ਹੀ ਬਾਰ ਸ਼੍ਰੀ ਮੁਖ ਥੀਂ ਸ੍ਰੀ ਵਾਹ ਗੁਰੂ ਜੀ ਕੀ ਫਤੇ ਗਜਾਈ। ਬਾਦ ਮੈਂ ਗੁਰੂ ਜੀ ਨੇ ਖਾਂਡੇ ਕੋ ਦਾਂਏ ਹਾਥ ਸੇ ਪਕੜਬਚਨ ਕੀਆ ਕਿ ਇਹ ਖਾਂਡਾ ਸਰਗੁਨ ਸਰੂਪ ਸ੍ਰੀ ਮਹਾਕਾਲ ਨੇ ਹੇਮ ਕੁੰਟ ਪਰਬਤ ਸੇ ਮੁਝੇ ਬੁਲਾਇ ਕੇ ਦੀਆ ਥਾ।  (ਪੰਨਾ 123) (ਇਹ ਸਿਰਫ ‘ਵਾਹਿਗੁਰੂ’ ਸ਼ਬਦ ਬਾਰੇ ਸਮਝਣ ਲਈ ਉਦਾਹਰਣ ਹੈ)

ਰਹਿਤਨਾਮੇ ਨਾਮ ਦੀ ਪੁਸਤਕ ਤਾਂ ‘’ਅਮਰ’ ਜੀ ਨੇ ਜਰੂਰ ਪੜ੍ਹੀ ਹੋਣੀ ਹੈ। ਪਾਠਕਾਂ ਦੀ ਜਾਣਕਾਰੀ ਲਈ ਉਸ ਦੇ ਵੀ ਕੁਝ ਅੰਸ਼ ਪੇਸ਼ ਹਨ।

ਵਾਹ ਗੁਰੂ ਕਾ ਖਾਲਸਾ ਕਹਤ ਸਕਲ ਮਿਲਿ ਸੋਇ ।
ਪੂਛਉ ਇਨੈ ਸੁਚੇਤ ਕਰਿ
ਜੋ ਤੁਮਰੇ ਮਨ ਹੋਇ ।23(ਪੰਨਾ26)

ਵਾਹ ਗੁਰੂ ਵਾਹ ਗੁਰੂ ਗੁਰੂ ਜੀ ਕਾ ਖਾਲਸਾ ।60(ਪੰਨਾ 40)

ਕਾਸ ਸ੍ਰੂ ਮੋਹ ਚਲੈ ਨੇਜਾ ਲਾਖ ਨਿਸ਼ਾਨ।
ਵਾਹ ਗੁਰੂ ਕਾ ਖਾਲਸਾ ਜੀਤਹਿ ਸਤਰ ਚੌਗਾਨ। (ਪੰਨਾ 50)

 ਛਕਨ ਵਾਲਾ ਬਾਏ ਹਾਥ ਪਰ ਦਾਇਆ ਰਖ ਕੈ ਛਕੇਵਹ ਕਹੇ –ਬੋਲੋ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ (ਪੰਨਾ 68)
ਸ੍ਰੀ ਵਾਹਗੁਰੂ ਪੁਰਨ ਪੁਰਖ ਅਬਿਨਾਸੀ ਜੀ ਕਾ ਬਚਨ ਹੈ  (ਪੰਨਾ 77)

ਹਜਰੂ ਸਿਰੀ ਵਾਹਗੁਰੂ ਪੁਰਨ ਪੁਰਖ ਜੀ ਦੇ ਅੱਗੇ ਇਕ ਸਿੱਖ ਨੇ ਬੇਨਤੀ ਕਰੀ, (ਪੰਨਾ
83)

ਫੇਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਸਿੰਘਾਂ ਨੂੰ ਅਮ੍ਰਿਤ ਛਕਾਇਆ ਅਤੇ ਬਚਨ ਕੀਤਾ ਬੋਲਹੁ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ  (ਪੰਨਾ 95)
ਸਿਖ ਵਾਹਗੁਰੂ ਜੀ ਕੀ ਫਤਹਿ ਬੁਲਾਵੇਅਗੋਂ ਨਾ ਬੋਲੇਸੋ ਭਿ ਤਨਖਾਹੀਆ (੯੯)


ਉੱਪਰ ਦਿੱਤੇ ਪ੍ਰਮਾਣ ‘ਵਾਹ ਗੁਰੂ’ ਸ਼ਬਦ ਦੇ ਰੂਪ ਹਨ ਤੇ ਹੋਰ ਵਿਸਥਾਰ ਵਿੱਚ ਪੜ੍ਹਨ ਲਈ
ਇਸ ਲਿੰਕ ਤੇ http://www.singhsabhacanada.com/?p=11051 ਜਾਂ ਇਸ ਲਿੰਕ ਤੇ  http://www.singhsabhacanada.com/?p=10193 ਜਾ ਕੇ ਗੁਰਬਾਣੀ ਦੇ ਆਧਾਰ ਤੇ ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੇ ਗੁਰਬਾਣੀ ਦੇ ਆਧਾਰ ਤੇ ਸਮਝਣਾ ਚਾਹੋ। ਜੇਕਰ ਆਪਣੇ ਆਪੇ ਬਣੇ ‘ਖਾੜਕੂ ਲੇਖਕ’ ਵਾਂਗ ‘ਵਾਹਿਗੁਰੂ’ ਸ਼ਬਦ ਛੱਡ ਹੋਰ ਪਾਸੇ  ਗੱਲ ਘੁਮਾਉਣੀ ਹੈ ਤਾਂ ਸਮਾਂ ਬਰਬਾਦ ਨਾ ਕਰਨਾ ਜੀ।


ਅਮਰ’ ਜੀ ਨੇ ਸ਼ਹੀਦ ਸਿੰਘਾਂ ਦੀ ਉਦਾਹਰਣ ਦਿੱਤੀ ਹੈ ਕਿ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਪੜਦੇ ਸਨ ‘ਵਾਹਿਗੁਰੂ’ ਜਪਦੇ ਸਨ ਤੇ ਉਨ੍ਹਾਂ ਇੰਨੇ  ਸਿਦਕ ਨਾਲ ਸ਼ਹੀਦੀਆਂ ਪਾਈਆਂ ਹਨ। ਵੀਰ ਜੀ ਦਾਸ ਵੀ ਸ਼ਹੀਦ ਸਿੰਘਾਂ ਦੇ ਨਜ਼ਦੀਕ ਰਿਹਾ ਹੈ…. ਜ਼ਰਾ ਵਿਸ਼ਾਲ ਹਿਰਦੇ ਨਾਲ ਮੇਰੀ ਗੱਲ ਤੇ ਵਿਚਾਰ ਕਰਨਾ ਮੈਂ ਕੋਈ ਨਵਾਂ ਵਿਵਾਦ ਨਹੀਂ ਪੈਦਾ ਕਰ ਰਿਹਾ।
ਹਰ ਸਿੱਖ ਜਾਣਦਾ ਹੈ ਕਿ ‘ਅਖੰਡ ਕੀਰਤਨੀ ਜੱਥਾ’ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ । ਜਿਹੜੇ ‘ਬੱਬਰ ਸਿੰਘ’  ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਰਹੇ ਹਨ ਉਹ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦੇ ਸਨ ਤੇ ਨਾ ਹੀ ਪੜਦੇ ਸੀ ਪਰ ਫਿਰ ਵੀ ਸਿਦਕ ਨਾਲ ਸ਼ਹੀਦ ਹੋਏ ਹਨਦੂਜੇ ਪਾਸੇ  ਜੱਥੇਦਾਰ ਤਲਵਿੰਦਰ ਸਿੰਘ ‘ਬੱਬਰ’ ‘ਰਾਗਮਾਲਾ’ ਨੂੰ ਵੀ ਮੰਨਦੇ ਸਨ ਪੜਦੇ ਵੀ ਸਨ, ਪੰਥਕ ਰਹਿਤ-ਮਰਿਯਾਦਾ ਨੂੰ ਵੀ ਮੰਨਦੇ ਸਨ ਤੇ ਡਟਕੇ ਪ੍ਰਚਾਰਦੇ ਵੀ  ਸਨ ਤੇ ਇਸ ਮਰਿਯਾਦਾ ਵਿੱਚ ਜੋ ਨਿਤਨੇਮ ਦੀਆਂ ਬਾਣੀਆਂ ਦੀ ਗਿਣਤੀ ਹੈ , ਉਸਨੂੰ ਨਾ ਟਕਸਾਲ ਤੇ ਨਾ ਹੀ ਅਖੰਡ ਕੀਰਤਨੀ ਜੱਥਾ ਮਾਨਤਾ ਦਿੰਦੇ ਹਨ। ਉਨ੍ਹਾਂ ਨੇ ਵੀ ਹੱਸ-ਹੱਸ ਕੇ ਸ਼ਹੀਦੀ ਪਾਈ ਹੈ। ਸ਼ਹੀਦ ਬਾਬਾ ਜਰਨੈਲ ਸਿੰਘ ਤੇ ਸਾਥੀ ਸ਼ਹੀਦ ਸਿੰਘ ਵੀ ‘ਰਾਗਮਾਲਾ’ ਨੂੰ ਗੁਰਬਾਣੀ ਮੰਨਦੇ ਸਨ ਤੇ ਟਕਸਾਲ ਦੀ ਮਰਿਯਾਦਾ ਪੰਥਕ ਮਰਿਯਾਦਾ ਨਾਲੋਂ ਵੱਖਰੀ ਹੈ।  ਹੁਣ ਇਥੇ ਤੁਸੀਂ ਕਿਸਨੂੰ ‘ਨੀਮ ਨਾਸਤਿਕ’ ਕਹੋਗੇ ਕਿਉਂਕਿ ਉੱਪਰ ਵਰਨਣ ਤਿੰਨਾਂ ਧਿਰਾਂ ਦੇ ਗੁਰਬਾਣੀ ਤੇ ਰਹਿਤ ਮਰਿਯਾਦਾ ਬਾਰੇ ਵਿਚਾਰ ਵੱਖਰੇ-ਵੱਖਰੇ ਸਨ ਤੇ ਵਿਵਾਦ ਵੀ ਰਿਹਾ ਪਰ ਫਿਰ ਵੀ ਇਹ ਸਿੰਘ ਪੰਥ ਲਈ ਸ਼ਹੀਦ ਹੋਏ, ਇਥੇ ਹੁਣ ਕਿਸਨੂੰ ‘ਨਾਸਤਿਕ’ ਕਹੋਗੇ ‘ਰਾਗਮਾਲਾ’ ਮੰਨਣ ਵਾਲਿਆਂ ਸਿੰਘਾਂ ਨੂੰ ਜਾਂ ਨਾ ਮੰਨਣ ਵਾਲਿਆਂ ਨੂੰ, ਰਹਿਤ ਮਰਯਾਦਾ ਮੰਨਣ ਵਾਲਿਆਂ ਨੂੰ ਜਾਂ ਨਾ ਮੰਨਣ ਵਾਲਿਆਂ ਨੂੰ। ਹੁਣ ਜੇ ਦਲੀਲ ਦਿੱਤੀ ਜਾਵੇ ਕਿ ਸਿਰਫ ‘ਰਾਗਮਾਲਾ’ ਪੜ੍ਹਨ ਕਰਕੇ ਹੀ ਸਿੰਘਾਂ ਦੀ ਸ਼ਹੀਦੀ ਹੋਈ ਹੈ ਤਾਂ ਇਹ ਕੱਚੀ ਦਲੀਲ ਹੋਵੇਗੀ। ਦਸਮ ਗ੍ਰੰਥ ਪੜ੍ਹਨ ਜਾਂ ਨਾ ਪੜ੍ਹਨ ਕਰਕੇ ਸਿਖਾਂ ਵਿੱਚ ਸਿਦਕ ਦਾ ਹੋਣਾ ਨਹੀਂ ਹੈ, ਜੇਕਰ “ਅਮਰ” ਜੀ ਦੀ ਗੱਲ ਮੰਨ ਵੀ ਲਈ ਜਾਵੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਹੈ ਤੇ ਸਿਰਫ ਇਸ ਕਰਕੇ ਸਿੱਖਾਂ ਵਿੱਚ ਸ਼ਹੀਦੀ ਪਾਉਣ ਦਾ ਸਿਦਕ ਆਉਂਦਾ ਹੈ ਤਾਂ ਨੌਵੇਂ  ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਤਾਂ ਇਹ ਗ੍ਰੰਥ ਨਹੀਂ ਸੀ , ਫਿਰ ਉਹਨਾਂ ਤੱਕ ਸ਼ਹੀਦੀ ਪਾਉਣ ਵਾਲਿਆਂ ਨੇ ਸ਼ਹੀਦੀ ਪਾਉਣ ਦਾ ਵੱਲ ਕਿਥੋਂ ਸਿੱਖਿਆ। ਅਮਰੀਕਾ ਵਿੱਚ 9/11 ਦਾ ਕਾਂਡ ਕਰਨ ਵਾਲੇ ਜਿਨ੍ਹਾਂ ਨੂੰ ਉਹਨਾਂ ਦੇ ਵਿਚਾਰ ਵਾਲੇ ਵੀ ਸ਼ਹੀਦ ਮੰਨਦੇ ਹੋਣਗੇ ਉਹ ਕਿਸ ‘ਸ਼ਬਦ’ ਦਾ ਰਟਨ ਕਰਦੇ ਹੋਣਗੇ ਸ਼ਾਇਦ ਤੁਸੀਂ ਜਾਣਦੇ ਹੋਵੋ।

ਹੁਣ ਇੱਕ ‘ਅਮਰ’ ਜੀ ਦੀ ਆਪਣੀ  ਹੀ ਲਿਖਤ ਦਾ ਹਵਾਲਾ ਹੈ.. ਆਪ ਦੇ ਨਾਵਲ ‘ਖੇਤੁ ਜੁ ਮਾਂਡਿਓ ਸੂਰਮਾ’ ਦੇ ਪੰਨਾ ਨੰਬਰ 164 ਦਾ ਇੱਕ ਨਮੂਨਾ ਹੀ ਪੇਸ਼ ਕਰਾਗਾਂ.. ਦੂਜੇ ਪੈਰੇ ਵਿੱਚ ‘ਅਮਰ’ਜੀ ਇਸ ਤਰਾਂ ਲਿਖਦੇ ਹਨ


ਬੇਬੀ ਗਿੱਟ ਅੱਪਉੱਠ ਕੇ ਨਹਾ ਧੋ ਲੈ….” ਉਸਨੇ ਦਲਜੀਤ ਨੂੰ ਹਲੂਣਿਆ। ਦਲਜੀਤ ਨੇ ਚੂਰ –ਚੂਰ ਹੋਏ ਹੱਡਾਂ ਨੂੰ ਇੱਕੱਠੇ ਕੀਤਾ ਤੇ ਬਾਥਰੂਮ ਵਿੱਚ ਵੜ ਗਈ। ਜਦੋਂ ਉਹ ਨਹਾ ਧੋ ਕੇ ਡਰੈੱਸ ਬਦਲਕੇ ਬਾਹਰ ਨਿਕਲੀ ਤਾਂ ਵੱਡਾ ਸਾਬ੍ਹ ਪਾਠ ਕਰਨ ਵਿੱਚ ਮਸ਼ਰੂਫ ਸੀ। ਹਰ ਰੋਜ਼ ਗਿਆਰਾਂ ਪਾਠ ਜਪੁਜੀ ਸਾਹਿਬ ਦੇ ਅਤੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨ ਦਾ ਵੱਡੇ ਸਾਬ੍ਹ ਦਾ ਨਿੱਤ - ਕਰਮ ਸੀ”…..( ਨਾਵਲ ‘ਖੇਤੁ ਜੁ ਮਾਂਡਿਓ ਸੂਰਮਾ’ ਪੰਨਾ ਨੰਬਰ 164 )

ਵੀਰ ਜੀਓ ਤੁਸੀਂ ਵਿਚਾਰ ਦਿੱਤਾ ਹੈ ਕਿ ‘ਗੁਰਬਾਣੀ ਦੇ ਦੁਹਰਾਓ ਨੂੰ ਇਹ ਮਨਮੱਤ ਕਹਿੰਦੇ ਨਹੀਂ ਥੱਕਦੇ, ਤੁਸੀਂ ਇਥੇ ਵੱਡੇ ਸਾਬ੍ਹ ਨੂੰ ਆਪ ਗੁਰਬਾਣੀ ਦੇ ਕਈ ਪਾਠ ਕਰਦੇ ਤੇ ਦੁਹਰਾਓ ਕਰਦੇ ਲਿਖਿਆ ਹੈ ਤੇ ਨਾਲ ਸਾਬ੍ਹ ਦੀਆਂ ਕਾਲੀਆਂ ਕਰਤੂਤਾਂ ਵੀ ਲਿਖੀਆਂ ਹਨ। ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਣ ਵਾਲੇ , ਬੀਬੀਆਂ ਦੀ ਪੱਤ ਨਾਲ ਖੇਡਣ ਵਾਲੇ ਤੁਹਾਡੇ ਲਿਖੇ ਇਸ ਵੱਡੇ ਸਾਬ੍ਹ ਨੂੰ ਜਪੁਜੀ ਸਾਹਿਬ ਦੇ 11 ਅਤੇ ਸੁਖਮਨੀ ਸਾਹਿਬ ਦਾ ਇੱਕ ਪਾਠ ਕਿਉਂ ‘ਗੁਰਸਿੱਖ’ ਨਹੀਂ ਬਣਾ ਸਕਿਆ ? ਕਿ ਗੁਰਬਾਣੀ ਦਸਮ ਗ੍ਰੰਥ ਨਾਲੋਂ ਘੱਟ ਸ਼ਕਤੀ ਰੱਖਦੀ ਹੈ ?  ਅਫ਼ਸੋਸ ‘ਅਮਰ’ ਜੀ ਤੁਹਾਡੇ ਆਪਣੇ ਵਿਚਾਰਾਂ ਤੇ ਤੁਹਾਡੀ ਆਪਣੀ ਹੀ ਲੇਖਣੀ ਨੇ ਹੀ ਪਾਣੀ ਫੇਰ ਦਿੱਤਾ ਹੈ ਕਿਉਂਕਿ ਤੁਹਾਡੇ ਲਿਖੇ ਇਸ ਵੱਡੇ ਸਾਬ੍ਹ ਦੇ ਇਸ ਤੋਤਾ ਰਟਨਮੂੰਹੋਂ ਰਾਮ-ਰਾਮ ਬਗਲ ਵਿੱਚ ਛੁਰੀ ਨੂੰ ਹੀ ਮਨਮੱਤ ਕਿਹਾ ਜਾਦਾ ਹੈ ।  ਕਿਉਂਕਿ ਗੁਰ ਫੁਰਮਾਨ ਹੈ:- ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}

ਸਾਧ ਮਾਨ ਸਿੰਘ ਪਿਹੋਵਾ ਜਿਸਦਾ ਵਿਰੋਧ ਇੰਡੀਆਨਾ ਵਿੱਚ ਤੁਸੀਂ ਵੀ ਡਟਕੇ ਕੀਤਾ ਸੀ, ਉਹ ਸਾਧ ਵੀ ਸਟੇਜ ਤੇ ‘ਕਹੋ ਵਾਹਿਗੁਰੂ’ , ‘ਬੋਲੋ ਵਾਹਿਗੁਰੂ’ ਹੁਣ ਬੋਲਦੇ ਨਹੀਂ , ਕਹਿ –ਕਹਿ ਕੇ ਧੱਕੇ ਨਾਲ ਸਭ ਤੋਂ ‘ਵਾਹਿਗੁਰੂ’ ਕਹਾਉਂਦਾ ਹੈ। ਫਿਰ ਤੁਸੀਂ ਕਿਉਂ ਉਸ ‘ਵਾਹਿਗੁਰੂ’ ਦਾ ਜਾਪ ਕਰਵਾਉਣ ਵਾਲੇ ਦਾ ਵਿਰੋਧ ਕੀਤਾ , ਸਮਝ ਨਹੀਂ ਆ ਰਹੀ ਕਿ ਏਨਾ ਨਾਮ ਜਪਾਉਣ ਵਾਲੇ ਨੂੰ ਕਿਉਂ ਸਿੱਖਾਂ ਦਾ ਵਿਰੋਧ ਸਹਿਣਾ ਪਿਆ।
 ਸਿਰਫ ਪੜ੍ਹਨ ਨਾਲ , ਰਟਨ ਨਾਲ ,ਅਖੰਡ-ਪਾਠਾਂ ਦੀਆਂ ਲੜੀਆਂ ਚਲਾਉਣ ਨਾਲ ਸਮਾਜ ਵਿੱਚ ਤਬਦੀਲੀ ਨਹੀਂ ਆਉਂਦੀ। ਗੁਰਬਾਣੀ ਨੂੰ ਸਮਝਣਾ ਤੇ ਜੀਵਣਾ ਹੀ ਧਰਮ ਅਖਵਾਉਂਦਾ ਹੈ ਤੇ ਸੁਚੱਜੇ ਇਨਸਾਨੀਅਤ ਵਾਲੇ ਗੁਣਾਂ ਨਾਲ ਭਰਪੂਰ ਸਮਾਜ ਦੀ ਸਿਰਜਣਾ ਹੀ ਗੁਰੂ ਸਾਹਿਬਾਨ ਦਾ ਉਦੇਸ਼ ਸੀ ਤੇ ਇਸੇ ਪੰਧ ਤੇ ਸਿੱਖ ਵੀ ਚਲਦਾ ਹੈ।


ਗੁਰਬਾਣੀ ਵਿੱਚ ਰਟਨ ਕਰਨ ਤੇ ਹੋਰ ਇਹੋ ਜਿਹੇ  ਪਾਖੰਡਾਂ ਦਾ ਖੰਡਨ ਹੈ:-

ਸਲੋਕ ਮਃ ੩ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥ {ਪੰਨਾ 1246}
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ {ਪੰਨਾ 467}
ਸਲੋਕ ਮਃ ੧ ॥ ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ {ਪੰਨਾ 1241}
ਜਿਊਣੇ’ ਮਰਾਸੀ ਦੀ ਕਹਾਣੀ ਲਿਖ ਕੇ ‘ਅਮਰ’ ਜੀ ਨੇ ਬਹੁਤ ਹੀ ਨੀਵੇਂ ਪੱਧਰ ਦੀ ਮਾਨਸਿਕਤਾ ਜ਼ਾਹਿਰ ਕਰ ਦਿੱਤੀ ਹੈ ਜੇਕਰ ਗੁਰਬਾਣੀ ਦੇ ਆਧਾਰ ਤੇ ਗੱਲ ਕਰਦੇ ਤਾਂ ਬਹੁਤ ਚੰਗੀ ਗੱਲ ਸੀ।  ਬਾਕੀ ਰਹੀ ਤੁਹਾਡੇ “ਖਾੜਕੂ” ਲੇਖਕ ਦੀ ਗੱਲ ਉਹ ਵੀਰ ਜੀ ਕਦੇ ਸੇਰ ਤੇ ਕਦੇ ਸਵਾ ਸੇਰ ਬਣ ਜਾਂਦੇ ਹਨ , ਪਹਿਲਾਂ ਦੂਜਿਆਂ ਤੇ ਬਿਨਾਂ ਜਾਣਕਾਰੀ ਤੋਂ ਉਗਲਾਂ ਉਠਾਉਂਦੇ ਹਨ, ਮਾੜੀ ਸ਼ਬਦਾਵਲੀ ਦੀਆਂ ਊਝਾਂ ਲਾਉਂਦੇ ਅਤੇ ਧਮਕੀਆਂ ਦਿੰਦੇ ਨੇ , ਫਿਰ ਆਪਣੀ ਸ਼ਬਦਾਵਲੀ ਇੰਨੀ ਘਟੀਆ ਵਰਤਦੇ ਹਨ ਕਿ ਅਨਪੜ੍ਹ- ਗਵਾਰ ਬੰਦਾ ਵੀ ਸ਼ਰਮ ਖਾ ਜਾਏ।

ਭਗਤ ਕਬੀਰ ਜੀ ਦਾ ਕਥਨ ਹੈ ਜਿਸਨੂੰ ਕੇਵਲ ਪੜ੍ਹਨਾ ਨਹੀਂ, ਵਿਚਾਰਨਾ ਵੀ ਜ਼ਰੂਰ ਚਾਹੀਦਾ ਹੈ:-
ਗਉੜੀ ਚੇਤੀ    ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥॥ ਐਸੇ ਲੋਗਨ ਸਿਉ ਕਿਆ ਕਹੀਐਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥ {ਪੰਨਾ 332}

ਮਨਦੀਪ ਸਿੰਘ ‘ਵਰਨਨ’