ਵਾਹਗੁਰੂ ਸਬਦ ਦੇ ਉਚਾਰਣ ਬਾਰੇ ਭਾਈ ਕਾਹਨ ਸਿੰਘ ਨਾਭਾ ਦਾ ਫਤਵਾ - ਗੁਰਚਰਨ ਸਿੰਘ ਜਿਉਣ ਵਾਲਾ


1840-42 ਦੇ ਆਸ-ਪਾਸ ਜਦੋਂ ਮੌਲਵੀ ਬੂਟੇਸ਼ਾਹ ਨੇ ‘ਤਵਾਰੀਖ ਏ ਪੰਜਾਬ’ ਲਿਖੀ ਤਾਂ ਸੂਹੀਆ ਵਿਭਾਗ ਦੇ ਇੰਚਾਰਜ ਕੈਪਟਨ ‘ਮਰੇ’ ਨੇ ਮੌਲਵੀ ਬੂਟੇਸ਼ਾਹ ਨੂੰ ਪੁਛਿਆ ਕਿ ਸਿੱਖਾਂ ਦੀਆਂ ਕਿਹੜੀਆਂ ਕਿਹੜੀਆਂ ਕਮੀਆਂ ਹਨ? ਤਾਂ ਮੌਲਵੀ ਨੇ ਜਵਾਬ ਦਿੱਤਾ ਕਿ, “ਸਿੱਖ ਦਾ ਘਰ-ਘਾਟ ਉਜਾੜ ਦਿਓ ਇਹ ਨਹੀਂ ਮਰਦਾ, ਸਿੱਖ ਦਾ ਬਾਲ-ਬੱਚਾ ਮਾਰ ਦਿਓ ਇਹ ਨਹੀਂ ਮਰਦਾ, ਸਿੱਖ ਦੀ ਪਤਨੀ ਮਾਰ ਦਿਓ ਇਹ ਨਹੀਂ ਮਰਦਾ, ਸਿੱਖ ਦੀਆਂ ਫਸਲਾਂ ਉਜਾੜ ਦਿਓ ਇਹ ਨਹੀਂ ਮਰਦਾ, ਸਿੱਖ ਨੂੰ ਮਾਰ ਦਿਓ ਇਹ ਨਹੀਂ ਮਰਦਾ, ਇਹ ਉਦੋਂ ਮਰਦਾ ਹੈ ਜਦੋਂ ਇਸਨੂੰ ਸਿੱਖ ਸਿਧਾਂਤ ਨਾਲੋਂ ਤੋੜ ਦਿਓਗੇ”। ਅੱਜ ਸਿੱਖ ਫੈਸਲਾ ਕਰਨ ਕਿ ਕੀ ਉਹ ਆਪਣੇ ਸਿਧਾਂਤ ਨਾਲ ਜੁੜੇ ਹੋਏ ਹਨ?
ਸੱਭ ਤੋਂ ਪਹਿਲਾਂ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ‘ਸਿੱਖ ਧਰਮ’ ਦਾ ਖਿਲਵਾੜ ਹੋ ਚੁਕਿਆ ਹੈ ਤੇ ਅੱਜ ਵੀ ਕੀਤਾ ਜਾ ਰਿਹਾ ਹੈ। ਸਿੱਖ ਵਿਰੋਧੀ ਤਾਕਤਾਂ ‘ਸਿੱਖਾਂ ਦੀ ਨਸਲਕੁਸ਼ੀ’ ਸਿਰਫ ਸਰੀਰਕ ਤੌਰ ਤੇ ਹੀ ਨਹੀਂ ਕਰਦੀਆਂ ਸਗੋਂ ‘ਸਿੱਖ ਸਿਧਾਂਤ’ ਨੂੰ ਵਿਗਾੜ ਕੇ ਵੀ ਕਰਦੀਆਂ ਹਨ। ਬਸ ਇਹੀ ਨੁਕਤਾ ਹੈ ਜਿਸਦੀ ਸਿੱਖਾਂ ਨੂੰ ਸਮਝ ਨਹੀਂ ਪੈ ਰਹੀ। ਸਗੋਂ ਸਾਡੇ ਧਰਮ ਦੇ ਅਲੰਬਰਦਾਰ ਹੋ ਰਹੇ ਖਿਲਵਾੜ ਨੂੰ ਇਹ ਕਹਿ ਕਹਿ ਕੇ ਪ੍ਰਚਾਰ ਰਹੇ ਹਨ ਕਿ ਇਹ ਮਰਯਾਦਾ ਤਾਂ ਗੁਰੂ ਅਰਜਨ ਪਾਤਸ਼ਾਹ ਵੇਲੇ ਤੋਂ ਹੀ ਚੱਲੀ ਆ ਰਹੀ ਹੈ। ਇਹ ਸੱਭ ਝੂਠ ਹੈ ਜਿਸਦਾ ਸਾਡੇ ਜੱਥੇਦਾਰ ਰੱਜ ਕੇ ਪ੍ਰਚਾਰ ਕਰਦੇ ਹਨ ਤੇ ਸਿੱਖ ਵਿਰੋਧੀ ਤਾਕਤਾਂ ਤੋਂ ਲਿਫਾਫੇ ਲੈ ਕੇ ਢਿੱਢ ਤੇ ਹੱਥ ਫੇਰ ਕੇ ਡਕਾਰ ਮਾਰਦੇ ਪੈਸੇ ਦੇ ਨਸ਼ੇ ਵਿਚ ਸੌਂ ਜਾਂਦੇ ਹਨ।
1087 ਪੰਨਾ ਮਹਾਨ ਕੋਸ਼ ਤੇ ਭਾਈ ਕਾਹਨ ਸਿੰਘ ਨਾਭਾ ਜੀ ਵਾਹਗੁਰੂ ਲਫਜ਼ ਦੇ ਅਰਥ ਕੁੱਝ ਇੰਞ ਲਿਖਦੇ ਹਨ:
ਮਨ ਬੁੱਧਿ ਤੋਂ ਪਰੇ, ਧਨਯਤਾ ਯੋਗਯਾ ਕਰਤਾਰ।
“ ਕੀਆ ਖੇਲੁ ਬਡ ਮੇਲੁ ਤਮਾਸਾ, ਵਾਹ ਗੁਰੂ, ਤੇਰੀ ਸਭ ਰਚਨਾ ॥  (ਪੰਨਾ 1403)
ਸੇਵਕ ਕੈ ਭਰਪੂਰ ਜੁਗੁ ਜੁਗੁ, ਵਾਹ ਗੁਰੂ, ਤੇਰਾ ਸਭੁ ਸਦਕਾ ॥ (ਪੰਨਾ 1403)
“ ਸਤਿਗੁਰੁ ਪੁਰਖ ਦਿਆਲ ਹੁਇ ਵਾਹਗੁਰੂ ਸਚ ਮੰਤ੍ਰ ਸੁਣਾਇਆ” ਵਾਰਾਂ ਭਾਈ ਗੁਰਦਾਸ।
ਵਾਹਗੁਰੂ ਜੀ ਕੀ ਫਤਹ। ਸਿੱਖ ਦੇ ਪਰਸਪਰ ਮਿਲਣ ਸਮੇਂ ਦਾ ਸ਼ਿਸ਼ਟਾਚਾਰ ਬੋਧਕ ਵਾਕ। ਇਸਦਾ ਅਰਥ ਹੈ ਜਯ ਕਰਤਾਰ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫਤੇ ਬਾਬਤ ਜੋ ਆਗਯਾ ਹੈ ਉਸ ਨੂੰ ਭਾਈ ਮਨੀ ਸਿੰਘ ਜੀ ਇਉਂ ਲਿਖਦੇ ਹਨ। ਜੋ ਕੋਈ ਸਿੱਖਾਂ ਨੂੰ ਅੱਗੋਂਦੇ ਵਾਹਗੁਰੂ ਜੀ ਕੀ ਫਤੇ ਬੁਲਾਂਵਦਾ ਹੈ ਉਸ ਵੱਲ ਮੇਰਾ ਮੁੱਖ ਹੁੰਦਾ ਹੈ, ਅਰ ਜੋ ਪਿੱਛੋਂ ਬੁਲਾਂਵਦਾ ਹੈ ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ, ਅਰ ਜੋ ਪਿਛੋਂ ਹੌਲੀ ਬੁਲਾਂਵਦਾ ਹੈ, ਉਸ ਵੱਲ ਮੇਰੀ ਪਿੱਠ ਹੁੰਦੀ ਹੈ।(ਹਵਾਲਾ ਭਗਤਰਤਨਾਵਲੀ)।
ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਪੰਨਾ 77 ਤੇ ਮਹਾਨਕੋਸ਼ ਤੇ ਭਾਈ ਕਾਹਨ ਸਿੰਘ ਨਾਭਾ ਜੀ ਵਾਹਗੁਰੂ ਸ਼ਬਦ ਇਉਂ ਲਿਖਦੇ ਹਨ: ਹਰੇਕ ਚੁਲੇ ਨਾਲ ‐ “ਬੋਲ ਵਾਹਗੁਰੂ ਜੀ ਕਾ ਖਾਲਸਾ ਬੋਲ ਵਾਹਗੁਰੂ ਜੀ ਕੀ ਫਤੇ” ਗਜਾਈ ਜਾਵੇ, ਅਤੇ ਛਕਣ ਵਾਲਾ- “ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ” ਗਜਾਵੇ।
ਹੁਣ ਆਪਾਂ ਪੰਨਾ 427, ਗੁਰਮਤ ਸੁਧਾਕਰ ਤੇ ‘ਅਰਦਾਸ ਬਿਨਾ ਜੋ ਕਾਜ ਸਿਧਾਵੈ’ ਦੇ ਸਿਰਲੇਖ ਹੇਠ ਪੜ੍ਹਦੇ ਹਾਂ। “ ਬਾਈ ਵਾਰਾਂ ਚੌਬੀਹ ਅਵਤਾਰਾਂ ਦੇ ਚਰਣਕਮਲ ਕਾ ਧਯਾਨ ਕਰਕੇ ਬੋਲੋ ਜੀ, ਵਾਹਗੁਰੂ” ਪਹਿਲਾਂ ਤਾਂ ਬਾਈ ਵਾਰਾਂ ਦੇ ਚਰਣਾਂ ਦਾ ਹੋਣਾ ਹੀ ਅਣਬਣ ਹੈ.......।ਇਹ ਵਾਰਤਾਲਾਪ ਕਾਫੀ ਲੰਬਾ ਚੱਲਦਾ ਹੈ ਪਰ ਆਪਾਂ ਇੱਥੇ ਸਿਰਫ ਇਹੀ ਵੇਖਣਾ ਹੈ ਕਿ ਵਾਹਗੁਰੂ ਨੂੰ ਹਰ ਵਕਤ ਸਿਹਾਰੀ ਤੋਂ ਬਗੈਰ ਹੀ ਲਿਖਦੇ ਹਨ।
ਪੰਨਾ 428:  ਸਲੋਕ ਮਃ 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ {ਪੰਨਾ 1093}
ਸਲੋਕ ਲਿਖ ਕੇ ਆਗਯਾ ਕੀਤੀ ਹੈ ਕਿ  ਅਰਦਾਸ ਕਰਣਕਾਰਣ ਸਮਰਥ ਵਾਹਗੁਰੂ ਅੱਗੇ ਕਰੋ।ਭਾਈ ਕਾਹਨ ਸਿੰਘ ਨਾਭਾ ਜੀ ਫਿਰ ਤੋਂ ਹਾਹੇ ਨੂੰ ਸਿਹਾਰੀ ਤੋਂ ਬਗੈਰ ਹੀ ਲਿਖਦੇ ਹਨ।
ਪੰਨਾ 429 ਤੇ ਵੀ ‘ਵਾਹਗੁਰੂ’ ਹਾਹੇ ਨੂੰ ਸਿਹਾਰੀ ਤੋਂ ਬਗੈਰ ਹੀ ਲਿਖਦੇ ਹਨ ਤੇ ਅਰਦਾਸ ਬਾਰੇ ਲਿਖਦੇ ਲਿਖਦੇ ਕਿਤੇ ਵੀ ਹਾਹੇ ਨੂੰ ਸਿਹਾਰੀ ਨਹੀਂ ਲਾਉਂਦੇ।
ਪੰਨਾ 433 ਤੇ ਪ੍ਰਸ਼ਨ ਉਂਤਰ ਭਾਈ ਨੰਦ ਲਾਲ ਕਾ।
ਵਾਹਗੁਰੂ ਗੁਰੁ ਮੰਤ੍ਰ ਸੁ ਜਾਪ, ਕਰ ਇਸਨਾਨ ਪੜ੍ਹੈ ਜਪੁ ਜਾਪ।
ਪੰਨਾ 434 ਤੇ ਰਹਿਤਨਾਮਾ ਭਾਈ ਦੇਸਾ ਸਿੰਘ ਦਾ ਹਵਾਲਾ ਦੇ ਕੇ ਪੰਨਾ 435 ਤੇ ਇਉਂ ਲਿਖਦੇ ਹਨ: “ਬੋਲ ਵਾਹਗੁਰੂ ਜੀ ਕਾ ਖਾਲਸਾ ਬੋਲ ਵਾਹਗੁਰੂ ਜੀ ਕੀ ਫਤੇ” ਗਜਾਈ ਜਾਵੇ, ਅਤੇ ਛਕਣ ਵਾਲਾ- “ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ” ਗਜਾਵੇ।
ਪਿਆਰਾ ਸਿੰਘ ਪਦਮ (ਏਕੇ ਨੂੰ ਸੋਲਾਂ ਜੀਰੋ) ਦੇ ਪੰਨਾ 128 ਤੇ ਭਾਈ ਦੇਸਾ ਸਿੰਘ ਦੇ ਰਹਿਨਾਮੇ ਵਿਚ ਵੀ ਇਉਂ ਲਿਖਿਆ ਮਿਲਦਾ ਹੈ। ਵਾਹ ਗੁਰੂ ਨਿਤ ਬਚਨ ਉਚਾਰੇ। ਵਾਹ ਗੁਰੂ ਕੋ ਹਿਰਦੈ ਧਾਰੈ।ਆਗੇ ਆਵਤ ਸਿੰਘ ਜੋ ਪਾਵੈ। ਵਾਹਗੁਰੂ ਕੀ ਫਤਹਿ ਬੁਲਾਵੈ।10।
ਰਹਿਤਨਾਮਿਆਂ ਦਾ ਹਵਾਲਾ ਦੇਣ ਦਾ ਮਤਲਬ ਇਹ ਨਹੀਂ ਕਿ ਹੁਣ ਮੈਂ ਰਹਿਨਾਮਿਆਂ ਦੀ ਪ੍ਰਮਾਣਕਤਾ ਸਿੱਧ ਕਰ ਰਿਹਾ ਹਾਂ ਸਗੋਂ ਸਿਰਫ ਇਕ ਅੱਖਰ ਦੇ ਲਿਖਣ ਵਿਧੀ ਨੂੰ ਸਾਬਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਵਾਹਗੁਰੂ ਤੇ ਵਾਹਿਗੁਰੂ ਲਫਜ਼ ਦੇ ਉਚਾਰਣ ਵਿਚ ਕੋਈ ਫਰਕ ਨਹੀਂ ਪੈਣਾ। ਹਾਹੇ ਨੂੰ ਸਿਹਾਰੀ ਦਾ ਵਿਆਕਰਣਕ ਨੁਕਤਾ ਹੈ। ਸਾਡੇ ਨਾਲੌਂ ਤਾਂ ਸਾਡੇ ਅਣਪੜ੍ਹ ਮਾਂ-ਬਾਪ, ਦਾਦੇ ਪੜ੍ਹਦਾਦੇ ਚੰਗੇ ਸਨ ਜਿਨ੍ਹਾਂ ਨੇ ਵਾਹੇਗੁਰੂ ਕਦੀ ਵੀ ਉਚਾਰਣ ਨਹੀਂ ਕੀਤਾ ਸਗੋਂ ਉਹ ਤਾਂ ਇਤਨਾ ਕੁ ਹੀ ਕਹਿੰਦੇ ਸਨ ਵਾ.... ਖਰੂ। ਹਾਹੇ ਨੂੰ ਲਾਮ ਲਾ ਕੇ ਬੁਲਾਉਣ ਨਾਲ ਹੀ ਇਸਦੀਆਂ ਧੁਨੀਆਂ ਨਿਕਲਦੀਆਂ ਹਨ ਤੇ ਫਿਰ ਅਸੀਂ ਅੱਜ-ਕੱਲ੍ਹ ਦੇ ਨਵੀਂ ਕਿਸਮ ਦੇ ਸਾਧ ‘ਗੁਰਮੁਖਿ ਸੇਵਾ ਸਿੰਘ ਤਰਮਾਲਾ’ ਦੇ ਚੱਕਰ ਵਿਚ ਫਸ ਜਾਂਦੇ ਹਾਂ। ਮੇਰਾ ਕੰਮ ਲੋਕਾਂ ਨੂੰ ਸਾਧਾਂ ਦੇ ਚੱਕਰਵਿਊ ਵਿਚੋਂ ਬਾਹਰ ਕੱਢਣਾ ਹੈ।
ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ।ਮੋਬਾਈਲ ਕੈਨੇਡਾ☬ 647 969 3132 ਅਤੇ
                                           ਮੋਬਾਈਲ ਅਮਰੀਕਾ☬ 810 223 3648