ਪ੍ਰਥਮ ਭਗਉਤੀ ਸਿਮਰ ਕੈ .....- ਗਿਆਨੀ ਭਾਗ ਸਿੰਘ ਅੰਬਾਲਾ

ਪ੍ਰਥਮ ਭਗਉਤੀ ਸਿਮਰ ਕੈ .....

ਗਿਆਨੀ ਭਾਗ ਸਿੰਘ ਅੰਬਾਲਾ

ਉਪ੍ਰੋਕਤ ਸਿਰਲੇਖ ਦਸਮ ਗ੍ਰੰਥ ਵਿਚਲੀ ਭਗਉਤੀ ਵਾਰ ਦੀ ਪਹਿਲੀ ਪਉੜੀ ਦੀ ਪਹਿਲੀ ਪੰਗਤੀ (ਤੁੱਕ) ਹੈ ਜੋ ਅਰਦਾਸਾ ਸੋਧਣ ਸਮੇਂ ਅਰੰਭਤਾ ਵਿੱਚ ਪੜ੍ਹੀ ਜਾਂਦੀ ਹੈ, ਪਰ ਇਸ ਵਿਚਲੇ ‘ਭਗਉਤੀ‘ ਸ਼ਬਦ ਦੇ ਅਰਥ ਆਪੋ-ਆਪਣੀ ਮਨੌਤ ਅਨੁਸਾਰ ਹੇਠ ਲਿਖੇ ਤਿੰਨ ਰੂਪਾਂ ਵਿੱਚ ਦਰਸਾਏ ਜਾਂਦੇ ਹਨ –

1. ਅਕਾਲ ਪੁਰਖ, 2. ਸ੍ਰੀ ਸਾਹਿਬ (ਤਲਵਾਰ), 3. ਭਗਵਤੀ (ਦੁਰਗਾ)।

1. ਆਮ ਅਰਦਾਸੀਏ ਅਰਦਾਸ ਸਮੇਂ ਭਗਉਤੀ ਦਾ ਅਰਥ ਆਪਣੇ ਵਲੋਂ ਅਕਾਲ ਪੁਰਖ ਸਮਝਦੇ ਹੋਏ ‘‘ਪ੍ਰਥਮ ਭਗਉਤੀ ਸਿਮਰ ਕੈ ....‘‘ ਉਚਾਰਨ ਕਰਦੇ ਹਨ, ਭਾਵ, ਮੂੰਹੋਂ ਤਾਂ ‘ਭਗਉਤੀ‘ ਉਚਾਰਦੇ ਹਨ ਪਰ ਅੰਦਰੋਂ-ਅੰਦਰੀਂ ਇਸਦਾ ਅਰਥ ਅਕਾਲ ਪੁਰਖ ਅਨੁਭਵ ਕਰਦੇ ਹਨ।

2. ਕੁਝ ਵੀਰ ‘ਭਗਉਤੀ‘ ਦਾ ਅਰਥ ਸ੍ਰੀ ਸਾਹਿਬ (ਤਲਵਾਰ) ਨਿਸ਼ਚੇ ਕਰਕੇ ਅਰਦਾਸ ਕਰਨ ਵੇਲੇ ਦੋਹਾਂ ਹੱਥਾਂ ਵਿੱਚ ਨੰਗੀ ਕ੍ਰਿਪਾਨ ਫੜ ਕੇ ‘‘ਪ੍ਰਥਮ ਭਗਉਤੀ .....‘‘ ਉਚਾਰਦੇ ਹੋਏ ਉਚੇਚੇ ਤੌਰ ‘ਤੇ ‘ਸ੍ਰੀ ਸਾਹਿਬ ਜੀ ਸਹਾਇ‘ ਵੀ ਕਹਿੰਦੇ ਹਨ।

3. ਕਈ ਨਿਰਪੱਖ ਵਿਦਵਾਨ ‘ਭਗਉਤੀ‘ ਦਾ ਸਿੱਧਾ ਪੱਧਰਾ ਅਰਥ ਭਗਵਤੀ ਦੇਵੀ, ਭਾਵ ਦੁਰਗਾ ਜਾਣ ਕੇ ‘‘ਪ੍ਰਥਮ ਭਗਉਤੀ ਸਿਮਰ ਕੈ....‘‘ ਦੀ ਥਾਏਂ ‘‘ਪ੍ਰਥਮ ਸਤਨਾਮ ਸਿਮਰ ਕੈ....‘‘ ਜਾਂ ‘‘ਆਦਿ ਸ੍ਰੀ ਨਿਰੰਕਾਰ ਅਬਿਨਾਸੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ‘‘ ਉਚਾਰਦੇ ਹਨ, ਜਿਵੇਂ ਕਿ ਸ੍ਰੀ ਗੁਰੂ ਸਿੰਘ ਸਭਾ ਭਸੌੜ ਅਤੇ ਨਿਰੰਕਾਰੀ ਦਰਬਾਰ (ਰਾਵਲਪਿੰਡੀ ਵਾਲੇ) ਆਦਿ ਕਈ ਥਾਈਂ ਲਗਾਤਾਰ ਕਈ ਸਾਲਾਂ ਤੋਂ ਪ੍ਰਚਲਤ ਹੈ।

ਕੁਝ ਗਿਣਤੀ ਉਨ੍ਹਾਂ ਡਰਾਕਲ ਵਿਦਵਾਨਾਂ ਦੀ ਵੀ ਹੈ ਜੋ ਭਗਉਤੀ ਦਾ ਅਰਥ ਅਕਾਲ ਪੁਰਖ ਸੁਪਨੇ ਵਿੱਚ ਵੀ ਨਹੀਂ ਮੰਨਦੇ, ਸਗੋਂ ‘ਭਗਉਤੀ ਦੀ ਵਾਰ‘ ਦੇ ਚਲਦੇ ਪ੍ਰਕਰਣਕ ਆਧਾਰ ਉਤੇ ਨਿਰੋਲ ‘ਦੁਰਗਾ‘ ਲਖਾਇਕ ਸਮਝਦੇ ਹਨ ਪਰ ਅਜਾਣ ਸ਼ਰਧਾਲੂਆਂ ਦੀ ਬਹੁ-ਗਿਣਤੀ ਵਲੋਂ ਰੌਲਾ ਪਾਉਣ ਤੋਂ ਡਰਦਿਆਂ ਉਘੜ ਕੇ ਆਪਣੀ ਆਤਮਕ ਆਵਾਜ਼ ਪ੍ਰਗਟ ਕਰਣੋਂ ਝਿਝਕਦੇ ਹਨ, ਜਿਨ੍ਹਾਂ ਵਿਚ ਇਸ ਹਥਲੀ ਪੁਸਤਕ ਦਾ ਲਿਖਾਰੀ ਵੀ ਕੁਝ ਸਮਾਂ ਮੁਹਰਲੀ ਕਤਾਰੇ ਰਿਹਾ ਹੈ।

ਹੁਣ ਵੇਖਣਾ ਇਹ ਹੈ ਕਿ ਭਗਉਤੀ ਸਬੰਧੀ ਉਪਰ ਦੱਸੇ ਤਿੰਨ ਅਰਥਾਂ ਵਿਚੋਂ ਯਥਾਰਥ ਅਰਥ ਕਿਹੜਾ ਹੋ ਸਕਦਾ ਹੈ।

1. ‘ਭਗਉਤੀ‘ ਦਾ ਅਰਥ ਅਕਾਲ ਪੁਰਖ ਤਾਂ ਉੱਕਾ ਹੀ ਨਹੀਂ ਹੋ ਸਕਦਾ, ਕਾਰਣ ਇਹ ਕਿ ਇਸ ਅਰਥ ਦੀ ਪ੍ਰੋੜ੍ਹਤਾ ਹਿਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਬਲਕਿ ‘ਦਸਮ ਗ੍ਰੰਥ‘ ਵਿਚੋਂ ਵੀ ਕੋਈ ਠੋਸ ਪ੍ਰਮਾਣ ਨਹੀਂ ਮਿਲਦਾ। ਤੇ ਨਾ ਹੀ ਕਿਸੇ ਪ੍ਰਮਾਣੀਕ ਗਰੰਥ ਅਥਵਾ ਸ਼ਬਦ ਕੋਸ਼ ਆਦਿਕ ਵਿਚੋਂ ਭਗਉਤੀ ਦਾ ਅਰਥ ਅਕਾਲ ਪੁਰਖ ਲਿਖਿਆ ਮਿਲਦਾ ਹੈ। ਫਿਰ ਇਸੇ ਵਾਰ ਦੇ ਸਿਰਲੇਖ ਵਿੱਚ ‘ਸ੍ਰੀ ਭਗਉਤੀ ਜੀ ਸਹਾਇ‘ ਅਤੇ ਵਾਰ ਸ੍ਰੀ ਭਗਉਤੀ ਜੀ ਕੀ ਤਥਾ ਪ੍ਰਥਮ ਭਗਉਤੀ ਸਿਮਰ ਕੈ, ਤਿੰਨ ਵਾਰੀ ‘ਭਗਉਤੀ‘ ਸ਼ਬਦ ਦੀ ਵਰਤੋਂ ਸੁਤੇ ਹੀ ਇਹ ਨਿਸ਼ਚਾ ਕਰਾਉਂਦੀ ਹੈ ਕਿ ਚਲਦੇ ਪ੍ਰਕਰਣ ਅਨੁਸਾਰ ਇਥੇ ਭਗਉਤੀ ਦਾ ਅਰਥ ਦੁਰਗਾ ਤੋਂ ਬਿਨਾਂ ਅਕਾਲ ਪੁਰਖ ਆਦਿਕ ਹੋਰ ਕੋਈ ਨਹੀਂ ਹੋ ਸਕਦਾ। ਅਤੇ ‘ਭਗਉਤੀ‘ ਸ਼ਬਦ ਦੀ ਤਿੰਨੇ ਵਾਰੀ ਇਕੱਠੀ ਵਰਤੋਂ ਦਾ ਕਾਰਣ ਹੇਠ ਲਿਖੇ ਅਨੁਸਾਰ ਹੈ –

ੳ) ‘‘ਸ੍ਰੀ ਭਗਉਤੀ ਜੀ ਸਹਾਇ‘‘ - ਇਸ ਸਿਰਲੇਖ ਵਿੱਚ ਸਾਕਤ ਕਵੀ ਨੇ ਆਪਣੇ ਇਸ਼ਟ ਭਗਉਤੀ (ਦੁਰਗਾ) ਤੋਂ ਸਹਾਇਤਾ ਮੰਗੀ ਹੈ ਕਿਉਂਕਿ ਹਰ ਗ੍ਰੰਥਕਾਰ ਆਪਣੀ ਰਚਨਾ ਦੀ ਸਫਲਤਾ ਲਈ ਪਹਿਲਾਂ-ਪਹਿਲ ਆਪਣੇ ਇਸ਼ਟ ਕੋਲੋਂ ਸਹਾਇਤਾ ਮੰਗਦਾ ਹੈ। ਵਿਸ਼ੇਸ਼ ਕਰਕੇ ਸਾਕਤ ਮਤੀਏ ਭਾਵੇਂ ਭਗੌਤੀ ਦਾ ਅਨੇਕਾਂ ਦੇਵੀਆਂ ਦੇ ਰੂਪ ਵਿੱਚ ਆਵਾਹਨ ਕਰਦੇ ਹਨ। ਪ੍ਰੰਤੂ ਹਰ ਕਾਰਜ ਦੀ ਸਫਲਤਾ ਹਿਤ ‘‘ਸ੍ਰੀ ਭਗਵਤੀ ਏ ਨਮਹ‘‘ ਜਾਂ ‘‘ਸ੍ਰੀ ਭਗੌਤੀ ਜੀ ਸਹਾਇ‘‘ ਆਦਿਕ ਸ਼ਬਦ ਵਰਤਨੇ ਇਨ੍ਹਾਂ ਦਾ ਮੂਲ ਨਿਯਮ ਹੈ। ਇਸੇ ਲਈ ਭਗਉਤੀ ਵਾਰ ਦੇ ਅਰੰਭ ਵਿੱਚ ਸਾਕਤ ਕਵੀ ਨੇ ਪ੍ਰਿਥਮ ਭਗਉਤੀ ਸਿਮਰ ਕੈ .... ਸ਼ਬਦਾਂ ਰਾਹੀਂ ਭਗਵਤੀ ਦੇਵੀ ਨੂੰ ਸਿਮਰਿਆ (ਅਰਾਧਿਆ) ਹੈ।

ਅ) ‘‘ਵਾਰ ਸ੍ਰੀ ਭਗਉਤੀ ਜੀ ਕੀ‘‘ - ਤੋਂ ਭਾਵ ਸ੍ਰੀ ਭਗਵਤੀ (ਦੁਰਗਾ) ਦਾ ਜਸ ਹੈ।

ੲ) ਤਲਵਾਰ - ਕੋਈ ਸ਼ੱਕ ਲਹੀਂ ਕਿ ‘ਭਗਉਤੀ‘ ਸ਼ਬਦ ਤਲਵਾਰ ਦਾ ਲਖਾਇਕ ਵੀ ਹੈ, ਜਿਵੇਂ ਕਿ ਇਸੇ ‘ਭਗਉਤੀ ਦੀ ਵਾਰ‘ ਵਿਚਲੀ 53ਵੀਂ ਪਉੜੀ ਦੀਆਂ ਹੇਠ ਲਿਖੀਆਂ ਤੁਕਾਂ ਤੋਂ ਸਪਸ਼ਟ ਹੈ -

ਲਈ ਭਗਉਤੀ ਦੁਰਗਸ਼ਾਹ ਵਰਜਾਗਣ ਭਾਰੀ।।

ਲਾਈ ਰਾਜੇ ਸੁੰਭ ਨੂੰ ਰਤ ਪੀਐ ਪਿਆਰੀ।।

ਪ੍ਰੰਤੂ ਅਵਧਾਬ੍ਰਿਤੀ (ਅਸਥਾਨ-ਭੇਦ) ਭਾਵ, ਚਲਦੇ ਪ੍ਰਕਰਣ ਦੇ ਆਧਾਰ ਉਤੇ ‘‘ਪ੍ਰਥਮ ਭਗਉਤੀ ਸਿਮਰ ਕੈ....‘‘ ਵਿੱਚ ਆਏ ‘ਭਗਉਤੀ‘ ਸ਼ਬਦ ਦਾ ਅਰਥ ਤਲਵਾਰ ਕਰਨਾ ਕੇਵਲ ਅਸੰਗਤ ਹੀ ਨਹੀਂ, ਬਲਕਿ ਨਿਰੋਲ ਅਜਾਣਪਨਾ ਹੈ ਕਿਉਂਕਿ ਇਸ ਤਰ੍ਹਾਂ ਤਾਂ ਸੁਖਮਨੀ ਸਾਹਿਬ ਵਿੱਚ ਲਿਖੇ -

ਭਗਉਤੀ ਭਗਵੰਤ ਭਗਤਿ ਕਾ ਰੰਗੁ।। (ਆਦਿ ਗ੍ਰੰਥ, ਪੰਨਾ 274)

ਅਨੁਸਾਰ ਭਗਉਤੀ ਦਾ ਅਰਥ ‘ਭਗਤ‘ ਵੀ ਹੈ।

3. ਦੁਰਗਾ - ਤਾਂ ਤੇ ‘ਪ੍ਰਥਮ ਭਗਉਤੀ ਸਿਮਰ ਕੈ ...‘ ਵਿਚਲੇ ‘ਭਗਉਤੀ‘ ਸ਼ਬਦ ਦਾ ਯਥਾਰਥ ਅਰਥ ਚਲਦੇ ਪ੍ਰਕਰਣ ਅਨੁਸਾਰ ਨਿਰਸੰਦੇਹ ਭਗਵਤੀ ਭਾਵ ਦੁਰਗਾ ਦੇਵੀ ਹੀ ਹੈ।

ਕੁਝ ਵਿਦਵਾਨਾਂ ਨੇ ‘ਭਗਉਤੀ‘ ਦਾ ਅਰਥ ‘ਅਕਾਲ ਪੁਰਖ‘ ਵੀ ਕੀਤਾ ਹੈ ਪ੍ਰੰਤੂ ਇਸ ਭੁਲੇਖੇ ਦਾ ਮੂਲ ਕਾਰਣ ‘ਭਗਉਤੀ ਦੀ ਵਾਰ‘ ਦੇ ਸਿਰਲੇਖ ਨਾਲ ਲਿਖਿਆ ‘ਪਾਤਸ਼ਾਹੀ 10‘ ਹੈ (ਜੋ ਇਸ ਵਾਰ ਦੇ ਕਰਤਾ, ਭਗਉਤੀ ਉਪਾਸ਼ਕ ਕਵੀ ਨੇ ਇਹ ਵਾਰ ਦਸ਼ਮੇਸ਼ ਕ੍ਰਿਤ ਦਰਸਾਉਣ ਹਿਤ ਕੁਟਿਲ ਨੀਤੀ ਤੋਂ ਕੰਮ ਲੈਂਦਿਆਂ ਲਿਖ ਦਿੱਤਾ ਹੈ) ਜਿਸ ਨੂੰ ਵੇਖ ਕੇ ਉਪ੍ਰੋਕਤ ਵਿਦਵਾਨਾਂ ਨੇ ‘ਭਗਉਤੀ ਦੀ ਵਾਰ‘ ਨੂੰ ਦਸ਼ਮੇਸ਼ ਜੀ ਦੀ ਰਚਨਾ ਨਿਸ਼ਚੇ ਕਰ ਲੈਣ ਦਾ ਭੁਲੇਖਾ ਖਾਧਾ ਹੈ, ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਅਨੁਭਵ ਕੀਤਾ ਕਿ ਦਸਮ ਪਿਤਾ ਭਗਉਤੀ ਨੂੰ ਸਿਮਰਣ ਵਾਲੇ ਕਦਾਚਿਤ ਨਹੀਂ ਹੋ ਸਕਦੇ ਜਿਸ ਕਾਰਣ ਉਪ੍ਰੋਕਤ ਵਿਦਵਾਨਾਂ ਨੇ ਮਜਬੂਰਨ ਵਲ-ਫੇਰ ਪਾ ਕੇ ਭਗਉਤੀ ਦਾ ਅਰਥ ਅਕਾਲ ਪੁਰਖ ਦਰਸਾਇਆ ਹੈ।

ਕਿਹਾ ਚੰਗਾ ਹੁੰਦਾ ਜੇ ਇਸ ‘ਭਗਉਤੀ ਦੀ ਵਾਰ‘ ਅਤੇ ‘ਚੰਡੀ ਚਰਿਤ੍ਰ‘ ਦਾ ਕਰਤਾ ਇਕੋ ਹੀ, ਦੇਵੀ ਉਪਾਸ਼ਕ ਕਵੀ ਸਮਝ ਲਿਆ ਜਾਂਦਾ ਤਾਂ ਕਿ ਇਤਨਾ ਭੁਲੇਖਾ ਨਾ ਪੈਂਦਾ ਜੋ ਕਿ ਇਸੇ ‘ਭਗਉਤੀ ਦੀ ਵਾਰ‘ ਤੋਂ ਪਹਿਲਾਂ ਰਚਨਾ ‘ਚੰਡੀ ਚਰਿਤ੍ਰ‘ ਦੇ ਅਧਿਆਵਾਂ ਦੀ ਹਰ ਅੰਤਿਕਾ ਵਿੱਚ ‘ਅਫ਼ਜ਼ੂ‘ ਸ਼ਬਦ ਜੋ ਇਸ ਗੱਲ ਦਾ ਲਖਾਇਕ ਹੈ ਕਿ ਅਜੇ ਪ੍ਰਕਰਣ ਚਲ ਰਿਹਾ ਹੈ, ਪ੍ਰਤੱਖ ਹੀ ਨਿਸ਼ਚੇ ਕਰਾਉਂਦਾ ਹੈ ਕਿ ‘ਭਗਉਤੀ ਦੀ ਵਾਰ‘ ਅਤੇ ‘ਚੰਡੀ ਚਰਿਤ੍ਰ‘ ਦਾ ਕਰਤਾ ਇਕੋ ਹੀ ਹੈ। ਇਨ੍ਹਾਂ ਦੋਹਾਂ ਰਚਨਾਵਾਂ ਵਿੱਚ ਕੇਵਲ ਭਾਸ਼ਾ ਦਾ ਅੰਤਰਾ ਹੈ, ‘ਚੰਡੀ ਚਰਿਤ੍ਰ‘ ਬ੍ਰਿਜ ਭਾਸ਼ਾ ਵਿੱਚ ਹੈ ਅਤੇ ‘ਭਗਉਤੀ ਦੀ ਵਾਰ‘ ਪੰਜਾਬੀ ਵਿੱਚ। ਹੋਰ ਨਹੀਂ ਤਾਂ ਇਸੇ ਭਗਉਤੀ ਦੀ ਵਾਰ ਦੀ 55ਵੀਂ ਭਾਵ ਅੰਤਲੀ ਪਉੜੀ ਦੀਆਂ ਹੇਠ ਲਿਖੀਆਂ ਤੁੱਕਾਂ ਨੂੰ ਹੀ ਵਿਚਾਰ ਲਿਆ ਜਾਂਦਾ ਕਿ :

‘ਦੁਰਗਾ ਪਾਠ’ ਬਣਾਇਆ ਸਭੇ ਪਉੜੀਆਂ।।

ਫੇਰ ਨ ਜੂਨੀ ਆਇਆ ਜਿਨ ਇਹੁ ਗਾਇਆ।।

ਤਾਂ ਤੇ ਇਸ ਵਾਰ ਦੀਆਂ 55 ਦੀਆਂ 55 ਪਉੜੀਆਂ ਉਸੇ ਕਵੀ ਦੀਆਂ ਰਚੀਆਂ ਹੋਈਆਂ ਹਨ ਜਿਸਨੇ ਕਿ ਪਹਿਲੀ ਪਉੜੀ ਵਿੱਚ ਨੌਂ ਗੁਰੂ ਸਾਹਿਬਾਨ ਦੇ ਧਿਆਉਣ, ਸਿਮਰਣ ਦਾ ਚਕਮਾ ਦੇ ਕੇ ਦਸ਼ਮੇਸ਼ ਜੀ ਵਲੋਂ ਸਭ ਤੋਂ ਪਹਿਲੇ ਭਗਉਤੀ ਨੂੰ ਅੰਨਯ ਪੁਰਖ ਰੂਪ ਵਿੱਚ ਸਿਮਰਨਾ ਦਰਸਾਇਆ ਹੈ।

ਕੀ ਕੋਈ ਸੂਝ-ਬੂਝ ਵਾਲਾ ਸਿਦਕਵਾਨ ਗੁਰਸਿੱਖ ਇਹ ਮੰਨਣ ਨੂੰ ਤਿਆਰ ਹੈ ਕਿ ਦੁਰਗਾ ਪਾਠ ਬਣਾਉਣ (ਰਚਣ) ਵਾਲਾ ਕਵੀ ਗੁਰੂ ਗੋਬਿੰਦ ਸਿੰਘ ਹੈ?

ਤਾਂ ਤੇ ਉਪ੍ਰੋਕਤ ਦੋਵੇਂ ਤੁੱਕਾਂ ਸਪਸ਼ਟ ਤੌਰ ‘ਤੇ ਇਕ ਦੇਵੀ ਉਪਾਸ਼ਕ ਕਵੀ ਵਲੋਂ ਹਨ ਜੋ ਖੁਲੇ-ਡੁੱਲ੍ਹੇ ਸ਼ਬਦਾਂ ਵਿੱਚ ਕਹਿ ਰਿਹਾ ਹੈ ਕਿ ਜਿਹੜਾ ਪੁਰਖ ਦੁਰਗਾ ਪਾਠ ਅਰਥਾਤ ਵਾਰ ਸ੍ਰੀ ਭਗਉਤੀ ਜੀ ਦੀਆਂ 55 ਪਉੜੀਆਂ ਦੇ ਪਾਠ ਦਾ ਗਾਇਨ ਕਰੇਗਾ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵੇਗਾ। ਇਨ੍ਹਾਂ ਤੁੱਕਾਂ ਦੇ ਅਰਥ ਵੱਲ ਧਿਆਨ ਨ ਦੇਣ ਅਤੇ ਭਗਉਤੀ ਵਾਰ ਦਾ ਕਰਤਾ ਦਸ਼ਮੇਸ਼ ਜੀ ਨੂੰ ਮੰਨਣ ਕਰਕੇ ਹੀ ਸਾਡੇ ਕਈ ਅਜਾਣ ਵੀਰ ਅੰਮ੍ਰਿਤ ਵੇਲੇ ਉੱਛਲ-ਉੱਛਲ ਅਤੇ ਝੂਮ-ਝੂਮ ਕੇ ਇਸ ਦਾ ਪਾਠ ਕਰਦੇ ਅਤੇ ਗਾਉਂਦੇ ਹਨ ਕਿ ‘ਫਿਰ ਨ ਜੂਨੀ ਆਇਆ ਜਿਨ ਇਹ ਗਾਇਆ‘।

ਕੀ ਦੁਰਗਾ ਪਾਠ (ਭਗਉਤੀ ਦੀ ਵਾਰ) ਨੂੰ ਗਾਉਣ ਦਾ ਉਪ੍ਰੋਕਤ ਉਪਦੇਸ਼ ਇਕ ਅਕਾਲ ਪੁਰਖ ਦੇ ਲੜ ਲੱਗਾ ਦਸ਼ਮੇਸ਼ ਪਿਤਾ ਸਿੱਖਾਂ ਨੂੰ ਦੇ ਸਕਦਾ ਹੈ ? ਨਹੀਂ, ਹਰਗਿਜ਼ ਨਹੀਂ। ਸੱਚ ਪੁਛੋ ਤਾਂ ਇਸ ਦੇਵੀ ਅਰਾਧਿਕ ਕਵੀ ਨੇ ਸ਼ਹਿਦ ਵਿੱਚ ਜ਼ਹਿਰ ਘੋਲ ਕੇ ਪਿਲਾਉਣ ਦੀ ਜੁਗਤੀ ਵਰਤੀ ਹੈ ਜੋ ਇਸ ਵਾਰ ਦੀ ਮੰਗਲਾਚਰਣ ਰੂਪੀ ਪਹਿਲੀ (ਅਰਦਾਸ ਵਾਲੀ) ਪਉੜੀ ਵਿੱਚ ਨੌਵਾਂ ਪਾਤਸ਼ਾਹੀਆਂ ਦਾ ਪ੍ਰਭਾਵ ਪਾ ਕੇ ਵਿਚੋਂ-ਵਿੱਚ ਸਾਨੂੰ ਭਗਉਤੀ (ਦੁਰਗਾ) ਦੇ ਲੜ ਲਾਉਣ ਦਾ ਜਤਨ ਕੀਤਾ ਹੈ ਅਤੇ ਕਿਸੀ ਲੂੰ-ਲੂੰ ਵਿੱਚ ਪ੍ਰਵੇਸ਼ ਕਰ ਚੁਕਾ ਹੈ।

ਇਥੇ ਇਕ ਹੋਰ ਗੱਲ ਪਾਠਕਾਂ ਵਾਸਤੇ ਵਿਸ਼ੇਸ਼ ਕਰਕੇ ਨੋਟ ਕਰਨ ਵਾਲੀ ਇਹ ਵੀ ਹੈ ਕਿ ਭਗਉਤੀ ਉਪਾਸ਼ਕ ਕਵੀ ਨੇ ਇਸ ਅਰਦਾਸ ਵਾਲੀ ਪਉੜੀ ਵਿੱਚ ‘ਕਟਾਹ ਕੁੰਡਲ ਨਿਯਾਇ‘ ਭਾਵ, ਉਪਕਰਮ, ਉਪਸੰਹਾਰਤੀ ਢੰਗ ਨਾਲ ਹੀ ਸਗੋਂ ਦਸ਼ਮੇਸ਼ ਜੀ ਵਲੋਂ ਭਗਉਤੀ ਨੂੰ ਦਸਾਂ ਪਾਤਸ਼ਾਹੀਆਂ ਦੀ ਸਹਾਇਕ ਦਰਸਾਇਆ ਹੈ। ਜਿਵੇਂ ਕਿ ਇਸ ਪਉੜੀ ਦੀ ਪਹਿਲੀ ਤੁੱਕ ਵਿੱਚ ‘ਪ੍ਰਥਮ ਭਗਉਤੀ ਸਿਮਰ ਕੈ ....‘ ਤੋਂ ਅਰੰਭ ਕਰਕੇ ਵਿੱਚ-ਵਿੱਚ ਨੌਂ ਗੁਰੁ ਸਾਹਿਬਾਨ ਨੂੰ ਵਡਿਆਉਂਦਿਆਂ ਹੋਇਆਂ ਫਿਰ ਅੰਤਲੀ ਤੁੱਕ ਵਿੱਚ ਵੀ ਸਪਸ਼ਟ ਲਿਖ ਦਿੱਤਾ ਹੈ ਕਿ ‘ਸਭ ਥਾਈਂ ਹੋਇ ਸਹਾਇ‘ ਭਾਵ ਭਗਉਤੀ ਅਸਾਂ ਦਸਾਂ ਗੁਰੂਆਂ ਦੀ ਹਰ ਥਾਵੇਂ ਸਹਾਇਕ ਹੋਈ, ਅਰਥਾਤ ਦਸਾਂ ਹੀ ਗੁਰੂਆਂ ਦੀ ਹਰ ਥਾਵੇਂ ਭਗਵਤੀ (ਦੇਵੀ) ਨੇ ਸਹਾਇਤਾ ਕੀਤੀ।

ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦਸਮ ਗ੍ਰੰਥ ਦੀਆਂ ਪੁਰਾਤਨ ਅਤੇ ਪ੍ਰਚਲਤ ਬੀੜਾਂ ਵਿੱਚ ਜਿਥੇ ਹੋਰ ਕਈ ਪਾਠ-ਭੇਦ ਹਨ, ਉਥੇ ਉਪ੍ਰੋਕਤ ਮੰਗਲਾਚਰਣ ਵਾਲੀ ਪਉੜੀ ਵਿੱਚ ਵੀ ਕਈ ਅੰਤਰੇ ਹਨ, ਜਿਵੇਂ ਕਿ ਪੁਰਾਤਨ ਬੀੜਾਂ ਵਿੱਚ ‘ਰਾਮਦਾਸੈ ਹੋਈ ਸਹਾਇ‘ ਲਿਖਿਆ ਹੈ ਪਰ ਪ੍ਰਚਲਤ ਬੀੜਾਂ ਵਿੱਚ ‘ਹੋਈ‘ ਨੂੰ ‘ਹੋਇ‘ ਵਿੱਚ ਬਦਲਿਆ ਹੋਇਆ ਹੈ। ਪੁਰਾਤਨ ਬੀੜਾਂ ਵਿੱਚ ‘ਅਰਜਨ ਹਰਗੋਬਿੰਦ ਨੂੰ ਫੇਰ ਸਿਮਰੋ ਸ੍ਰੀ ਹਰਿ ਰਾਇ‘ ਪਾਠ ਹੈ ਪਰ ਅੱਜ-ਕਲ ਦੀਆਂ ਬੀੜਾਂ ਵਿੱਚ ‘ਫੇਰ‘ ਸ਼ਬਦ ਦੀ ਵਰਤੋਂ ਨਹੀਂ ਹੈ। ਪੁਰਾਤਨ ਬੀੜਾਂ ਵਿੱਚ ‘ਤੇ। ਬਹਾਦਰ ਸਿਮਰੀਐ‘ ਹੈ ਪਰ ਅੱਜ-ਕਲ ‘ਸਿਮਰੀਐ‘ ਦੀ ਥਾਵੇਂ ‘ਸਿਮਰਿਐ‘ ਭਾਵ ‘ਰ‘ ਅੱਖਰ ਦੀ ਬਿਹਾਰੀ ਨੂੰ ਸਿਹਾਰੀ ਵਿੱਚ ਬਦਲਿਆ ਗਿਆ ਹੈ। ਤਿਵੇਂ ਹੀ ਪੁਰਾਤਨ ਬੀੜਾਂ ਵਿੱਚ ‘ਸਭ ਥਾਈਂ ਹੋਈ ਸਹਾਇ‘ ਪਾਠ ਹੈ ਪਰ ਅੱਜ-ਕਲ ਦੀਆਂ ਬੀੜਾਂ ਵਿੱਚ ਅਡੋ-ਅੱਡ ਲਿਖਾਰੀਆਂ ਨੇ ਆਪੋ-ਆਪਣੀ ਸੂਝ ਅਨੁਸਾਰ ‘ਹੋਈ ਸਹਾਇ‘ ਨੂੰ ਬਦਲ ਕੇ ‘ਹੋਇ ਸਹਾਇ‘ ਕੀਤਾ ਹੋਇਆ ਹੈ। ਬਲਕਿ ਕਈ ਪੁਰਾਤਨ ਬੀੜਾਂ ਵਿੱਚ ਇਸ ਦਾ ਸਿਰਲੇਖ ਵੀ ‘ਵਾਰ ਸ੍ਰੀ ਭਗਉਤੀ ਜੀ‘ ਦੀ ਥਾਵੇਂ ‘ਵਾਰ ਦੁਰਗਾ ਜੀ‘ ਹੈ।

ਭਾਵੇਂ ਇਸ ਵਾਰ ਦੀ 55ਵੀਂ (ਭਾਵ, ਅੰਤਲੀ) ਪਉੜੀ ਵਿਚਲੀ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ‘ ਵਾਲੀ ਤੁਕ ਤੋਂ ਸਪਸ਼ਟ ਹੈ ਕਿ ਇਸ ਸਾਰੀ ਦੀ ਸਾਰੀ ਵਾਰ ਦਾ ਕਰਤਾ ਇਕੋ ਹੀ ਕਵੀ ਹੈ, ਫਿਰ ਵੀ ਕਈ ਵਿਦਵਾਨ ਇਸ ਵਾਰ ਦੀ ਦੂਜੀ ਪਉੜੀ ਵਿਚਲੀਆਂ ਹੇਠ ਲਿਖੀਆਂ ਤੁੱਕਾਂ ਦਾ ਆਸਰਾ ਲੈ ਕੇ ਪਹਿਲੀਆਂ ਦੋ ਪਉੜੀਆਂ ਦਸ਼ਮੇਸ਼ ਕ੍ਰਿਤ ਅਤੇ ਪਿਛਲੀਆਂ 53 ਪਉੜੀਆਂ ਕਵੀ ਰਚਨਾ ਦਰਸਾਉਣ ਦਾ ਬਿਰਥਾ ਜਤਨ ਕਰਦੇ ਹਨ, ਯਥਾ –

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰ ਉਪਾਇਆ।।

ਬ੍ਰਹਮਾ ਬਿਸਨ ਮਹੇਸ ਸਾਜਿ ਕੁਦਰਤੀ ਦਾ ਖੇਲ ਰਚਾਇ ਬਣਾਇਆ।। .....

ਤੈ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸੁ ਕਰਾਇਆ।।

ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ।।

ਤੈਥੋਂ ਹੀ ਬਲੁ ਕ੍ਰਿਸ਼ਨ ਲੈ ਕੰਸ ਕੇਸੀ ਪਕੜਿ ਗਿਰਾਇਆ।। .....

ਕਿਨੀ ਤੇਰਾ ਅੰਤੁ ਨ ਪਾਇਆ।। .....

ਉਕਤ ਵਿਦਵਾਨ ਉਪ੍ਰੋਕਤ ਤੁੱਕਾਂ ਵੱਲ ਸੰਕੇਤ ਕਰਕੇ ਕਹਿੰਦੇ ਹਨ ਕਿ ‘ਭਗਉਤੀ‘ ਦੀ ਅਰਥ ਅਕਾਲ ਪੁਰਖ ਹੈ ਕਿਉਂਕਿ ਇਥੇ ਅਕਾਲ ਪੁਰਖ ਨੂੰ ਹੀ ਦਸ਼ਮੇਸ਼ ਜੀ ਨੇ ਮੱਧਮ ਪੁਰਖ ਰੂਪ ਅੰਦਰ ‘ਤੈ ਹੀ‘ ਅਤੇ ‘ਤੈਥੋਂ‘ ਕਹਿ ਕੇ ਸੰਬੋਧਿਆ ਹੈ।

ਉੱਤਰ ਇਹ ਕਿ ਪੁਰਾਣ ਸਾਹਿਤ ਤੋਂ ਅਜਾਣ ਅਤੇ ਦਸਮ ਗ੍ਰੰਥ ਦਾ ਅਧਿਐਨ ਗਹੁ ਨਾਲ ਨਾ ਕਰਨ ਕਰਕੇ ਉਪ੍ਰੋਕਤ ਵਿਦਵਾਨ ਸੱਜਣਾਂ ਨੇ ਉੱਤੇ ਦਰਸਾਈਆਂ ਤੁੱਕਾਂ ਤੋਂ ਭੁਲੇਖਾ ਖਾਧਾ ਹੈ। ਕਾਰਣ ਇਹ ਕਿ ਇਸ ਪਉੜੀ ਵਿੱਚ ਵੀ ਕਵੀ ਨੇ ਆਪਣੇ ਇਸ਼ਟ ਭਗਵਤੀ ਦੇਵੀ ਨੂੰ ਹੀ ਮੰਗਲ ਰੂਪ ਵਿੱਚ ਸੰਬੋਧਿਆ ਹੈ।

ਕਿਉਂਕਿ ਦੇਵੀ ਭਗਵਤੀ ਦੀ ਪੂਜਾ ਹਿੰਦੂ ਧਰਮ ਦਾ ਇਕ ਵਿਸ਼ੇਸ਼ ਅੰਗ ਹੈ। ਪੁਰਾਣਾਂ ਵਿੱਚ ਦੇਵੀ ਭਗਵਤੀ ਬੜੀ ਸ਼ਕਤੀਸ਼ਾਲੀ ਮੰਨੀ ਗਈ ਹੈ ਜਿਸਦਾ ਕਾਰਣ ਕਿਸੇ ਵੀ ਸੰਕਟ ਸਮੇਂ ਦੇਵਤਿਆਂ ਨੂੰ ਉਸਦੀ ਸਹਾਇਤਾ ਨਾਲ ਹੀ ਆਏ ਸੰਕਟ ਤੋਂ ਛੁਟਕਾਰਾ ਪਾਉਂਦਿਆਂ ਦਰਸਾਇਆ ਗਿਆ ਹੈ। ਸਕੰਧ, ਪਦਮ ਅਤੇ ਮਤੱਸਯ ਆਦਿਕ ਪੁਰਾਣਾਂ ਵਿੱਚ ਦੇਵੀ ਭਗਉਤੀ ਦੇ ਅਨੇਕਾਂ ਪ੍ਰਸੰਗ ਹਨ। ਦੇਵੀ ਭਾਗਵਤ, ਮਾਰਕੰਡੇਯ ਅਤੇ ਕਾਲਕਾ ਪੁਰਾਣ ਤਾਂ ਲਿਖੇ ਹੀ ਭਗੌਤੀ ਦੀ ਮਹਤੱਤਾ ਦਰਸਾਉਣ ਲਈ ਹਨ। ਬਲਕਿ ਮਾਰਕੰਡੇਯ ਪੁਰਾਣ ਵਿੱਚ ਤਾਂ ਅਰੰਭ ਤੋਂ ਲੈ ਕੇ 29 ਅੰਕ ਤਕ ਦੁਰਗਾ-ਪਾਠ ਦਾ ਫਲ ਇਥੋਂ ਤਕ ਲਿਖਿਆ ਹੈ ਕਿ ਅਜਿਹਾ ਕੋਈ ਪਦਾਰਥ ਨਹੀਂ ਜੋ ਦੁਰਗਾ ਸਤੋਤ੍ਰ ਤੋਂ ਪ੍ਰਾਪਤ ਨਾ ਹੋਵੇ।

ਨੋਟ - ਭਾਵੇਂ ਇਸੇ ਲਈ ਕਈ ਅਜਾਣ ਸ਼ਰਧਾਲੂ ਚੰਡੀ ਦੀ ਵਾਰ (ਦੁਰਗਾ ਪਾਠ) ਨੂੰ ਸੁਖਮਨੀ ਸਾਹਿਬ ਤੋਂ ਵੀ ਵਿਸ਼ੇਸ਼ ਸਮਝ ਕੇ ਅੰਮ੍ਰਿਤ ਵੇਲੇ ਜ਼ਰੂਰ ਪੜ੍ਹਦੇ ਹਨ। ਉਕਤ ਪੁਰਾਣਾਂ ਅਨੁਸਾਰ ਦੇਵੀ ਭਗਵਤੀ ਹੀ ਸੰਸਾਰ ਦੀ ਉਤਪੱਤੀ, ਪਾਲਣਾ ਅਤੇ ਨਾਸ਼ ਦਾ ਕਾਰਣ ਹੈ, ਉਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਆਦਿਕਾਂ ਨੂੰ ਜਨਮ ਦਿੰਦੀ ਹੈ। ਭਗਉਤੀ ਹੀ ਧਰਮ ਅਤੇ ਦੇਵਤਿਆਂ ਦੀ ਰੱਖਿਆ ਹਿਤ ਅਵਤਾਰ ਧਾਰਦੀ ਹੈ। ਇਸੇ ਲਈ ਉਸਨੂੰ ਭਗਵਤੀ, ਭਵਾਨੀ, ਸ਼ਿਵਾ, ਦੁਰਗਾ, ਚੰਡੀ ਆਦਿਕ ਅਨੇਕਾਂ ਨਾਮ ਲੈ ਕੇ ਸਿਮਰਿਆ ਜਾਂਦਾ ਹੈ।

ਪੁਰਾਣਾਂ ਦੇ ਬਹੁਤੇ ਵਿਸਥਾਰ ਵਿੱਚ ਨਾ ਜਾ ਕੇ ਸਿਰਫ਼ ਦਸਮ ਗ੍ਰੰਥ ਵਿਚਲੀਆਂ ਸਾਕਤ ਮਤੀਏ, ਦੇਵੀ ਭਗਤ ਕਵੀਆਂ ਦੀਆਂ ਰਚਨਾਵਾਂ ਨੂੰ ਹੀ ਗਹੁ ਨਾਲ ਵੇਖਿਆ ਜਾਵੇ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਸਾਰੀ ਵਾਰ ਦਾ ਕਰਤਾ ਇਕੋ ਸਾਕਤ ਕਵੀ ਹੈ, ਜਿਸਨੇ ਇਸ ਦੂਜੀ ਪਉੜੀ ਵਿੱਚ ਵੀ ਮੰਗਲ ਰੂਪ ਦੁਆਰਾ ਕੇਵਲ ਭਗੌਤੀ ਦੇਵੀ ਨੂੰ ਹੀ ਸੰਬੋਧਿਆ ਹੈ।

ਇਕ ਹੋਰ ਭੁਲੇਖਾ ਇਹ ਕਿ ‘ਖੰਡਾ ਪ੍ਰਿਥਮੈ ਸਾਜ ਕੈ ....‘‘ ਵਿਚਲੇ ‘ਖੰਡਾ‘ ਸ਼ਬਦ ਦਾ ਅਰਥ ਆਮ ਤੌਰ ‘ਤੇ ਦੋ-ਧਾਰੀ ਤਲਵਾਰ ਕੀਤਾ ਜਾਂਦਾ ਹੈ। ਪਰ ਇਥੇ ਇਸ ਦਾ ਅਰਥ ਤਲਵਾਰ ਨਹੀਂ ਕਿਉਂਕਿ ਤਲਵਾਰ ਤਾਂ ਲੋਹੇ ਦਾ ਇਕ ਸ਼ਸਤ੍ਰ ਹੈ ਜਿਸ ਨੂੰ ਲੁਹਾਰ ਬਣਾਉਂਦਾ ਹੈ। ਇਸ ਲਈ ਜੇ ‘ਖੰਡਾ‘ ਦਾ ਅਰਥ ਦੁਧਾਰੀ ਤਲਵਾਰ ਮੰਨਿਆ ਜਾਵੇ ਤਾਂ ਤਲਵਾਰ ਤੋਂ ਪਹਿਲਾਂ ‘ਲੁਹਾਰ ਸਾਜਿਆ‘ ਮੰਨਣਾ ਪਵੇਗਾ। ਜੇ ਲੱਛਣਾਂ ਬ੍ਰਿਤੀ ਜਾਂ ਅਲੰਕਾਰ ਰੂਪ ਵਿੱਚ ਬਦਲ ਕੇ ‘ਖੰਡਾ‘ ਦਾ ਕੋਈ ਹੋਰ ਅੰਤ੍ਰੀਵ ਅਰਥ ਕੀਤਾ ਜਾਵੇ ਤਾਂ ਇਸਦੇ ਨਾਲ ਇਕੋ ਬ੍ਰਹਮਾ, ਵਿਸ਼ਨੂੰ, ...ਦੁਰਗਾ, ਰਾਮ, ਕ੍ਰਿਸ਼ਨ ਆਦਿਕਾਂ ਦੇ ਵੀ ਬਦਲ ਕੇ ਅੰਤ੍ਰੀਵ ਅਰਥ ਕਹਿਣੇ ਪੈਣਗੇ। ਦਰਅਸਲ ਇਸ ਸ਼ਬਦ ਦਾ ਉਚਾਰਨ ਬਿੰਦੇ ਸਹਿਤ ‘ਖੰਡਾਂ‘ ਕਰਨ ਨਾਲ ਅਰਥ ਆਪਣੇ ਆਪ ਹੀ ਸਪਸ਼ਟ ਹੋ ਜਾਂਦਾ ਹੈ। ਵੇਖੋ -

ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ .... (ਜਪੁਜੀ, ਪਉੜੀ 7)

ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਇ।।

(ਸਾਰੰਗ ਕੀ ਵਾਰ, ਸਲੋਕ ਮ: 1, ਪਉੜੀ 10)

ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ।।

ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ।।

(ਸਲੋਕ ਵਾਰਾਂ ਤੇ ਵਧੀਕ, ਮਹਲਾ 3)

ਭਾਵ ਨੂੰ ਸਪਸ਼ਟ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਬਿੰਦੇ

ਸਹਿਤ ਵੀ ਵਰਤਿਆ ਹੈ, ਜਿਵੇਂ ਕਿ -

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ।।

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ।।

(ਆਸਾ ਕੀ ਵਾਰ, ਸਲੋਕ ਮ: 1, ਪਉੜੀ 8)

ਇਸ ਤਰ੍ਹਾਂ ਚੰਡੀ ਦੀ ਵਾਰ ਦੀ ਦੂਜੀ ਪਉੜੀ ਦੀ ਪਹਿਲੀ ਤੁਕ ‘ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੰਸਾਰੁ ਉਪਾਇਆ‘ ਦਾ ਭਾਵ ਇਹ ਹੈ ਕਿ ‘ਹੇ ਭਗਵਤੀ ! ਦੇਵੀ ਸੰਸਾਰ ਰਚਣ ਸਮੇਂ ਸਭ ਤੋਂ ਪਹਿਲਾਂ ਪ੍ਰਿਥਵੀ ਦੇ ਖੰਡਾਂ ਅਤੇ ਸੰਸਾਰ ਦੇ ਊਧਮ ਨੂੰ ਤੂੰ ਹੀ ਸਾਜਿਆ। ਕਿਹਾ ਜਾ ਸਕਦਾ ਹੈ ‘ਖੰਡਾ‘ ਸ਼ਬਦ ਉਤੇ ਬਿੰਦਾ ਨਹੀਂ ਲਗਾ ਹੋਇਆ, ਇਸ ਲਈ ਇਸ ਨੂੰ ਖੰਡਾਂ ਦੀ ਥਾਵੇਂ ਬਿੰਦੇ ਤੋਂ ਬਿਨਾਂ ‘ਖੰਡਾ‘ ਪੜ੍ਹਨਾ ਅਤੇ ਇਸਦਾ ਅਰਥ ਦੁਧਾਰੀ ਤਲਵਾਰ ਕਰਨਾ ਹੀ ਉਚਿਤ ਹੈ।

ਉੱਤਰ ਇਹ ਕਿ ਦਸਮ ਗ੍ਰੰਥ ਵਿੱਚ ਅਣਗਿਣਤ ਸ਼ਬਦ ਇਹੋ ਜਿਹੇ ਹਨ ਜਿਨ੍ਹਾਂ ਨਾਲ ਬਿੰਦਿਆਂ ਦੀ ਵਰਤੋਂ ਨਹੀਂ ਪਰ ਆਪਣੇ ਕੋਲੋਂ ਅਵੱਸ਼ ਹੀ ਬਿੰਦੇ ਲਾ ਕੇ ਪੜ੍ਹਣੇ ਪੈਂਦੇ ਹਨ, ਨਹੀਂ ਤੇ ਅਰਥ ਸਪਸ਼ਟ ਨਹੀਂ ਹੋ ਸਕਦੇ ਬਲਕਿ ਕਈ ਥਾਈਂ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਹਨ ਜਿਨ੍ਹਾਂ ਦਾ ਵਿਸਥਾਰਕ ਵੇਰਵਾ ਦਿੱਤਿਆਂ ਖ਼ਬਰੇ ਕਿਤਨੇ ਹੀ ਸਫ਼ਿਆਂ ਦੀ ਪੁਸਤਕ ਲਿਖਣੀ ਪਵੇ।

ਤਾਂ ਤੇ ਵਿਸਥਾਰ ਭੈ ਕਾਰਣ ਰਿੱਝਦੀ ਦੇ। ਵਿਚੋਂ ਕੇਵਲ ਇਕ-ਅੱਧ ਦਾਣਾ ਵੇਖਣ ਵਾਂਗੂੰ ਇਸੇ ਭਗਉਤੀ ਵਾਰ ਬਲਕਿ ਇਸੇ ਹੀ ਦੂਜੀ ਪਉੜੀ ਵਿੱਚ ਨਮੂਨੇ ਮਾਤ੍ਰ ਹੇਠ ਦਿੱਤੇ ਪ੍ਰਮਾਣ ਵੇਖੋ :

1. ‘ਤੈਹੀ‘ ਸ਼ਬਦ ਉਤੇ ਬਿੰਦਾ ਨਹੀਂ ਲਗਾ ਹੋਇਆ ਪਰ ਆਪਣੇ ਕੋਲੋਂ ਬਿੰਦਾ ਲਾ ਕੇ ‘ਤੈਂਹੀ‘ ਪੜ੍ਹਨਾ ਪਵੇਗਾ ਨਹੀਂ ਤੇ ‘ਤੈ‘ ਦਾ ਅਰਥ ‘ਅਤੇ‘ ਜਾਂ ‘ਤੇ‘ ਹੋਵੇਗਾ।

2. ‘ਦੈਤਾ‘ ਸ਼ਬਦ ਉਤੇ ਬਿੰਦੇ ਦੀ ਵਰਤੋਂ ਨਹੀਂ ਪਰ ਕੋਲੋਂ ਬਿੰਦਾ ਲਾ ਕੇ ‘ਦੈਤਾ‘ ਦੀ ਥਾਵੇਂ ‘ਦੈਤਾਂ‘ ਪੜ੍ਹਿਆਂ ਹੀ ਸਪਸ਼ਟ ਅਰਥ ਨਿਖਰੇਗਾ।

3. ‘ਬਾਣਾ‘ ਸ਼ਬਦ ਉਤੇ ਬਿੰਦਾ ਨਹੀਂ ਜਿਸ ਉਤੇ ਕੋਲੋਂ ਬਿੰਦਾ ਲਾ ਕੇ ‘ਬਾਣਾ‘ ਦੀ ਥਾਵੇਂ ‘ਬਾਣਾਂ‘ ਪੜ੍ਹਨਾ ਪਵੇਗਾ, ਨਹੀਂ ਤੇ ‘ਬਾਣਾ‘ ਦਾ ਅਰਥ ‘ਤੀਰਾਂ‘ ਦੀ ਥਾਵੇਂ ‘ਭੇਖ‘ ਜਾਂ ‘ਕਪੜਾ‘ ਬਣ ਜਾਵੇਗਾ।

4. ‘ਕੇਸੀ‘ ਸ਼ਬਦ ਵੀ ਬਿੰਦੇ ਤੋਂ ਬਗੈਰ ਹੈ ਪਰ ਕੋਲੋਂ ਬਿੰਦਾ ਲਾਇਆਂ ਹੀ ‘ਕੇਸੀਂ‘ ਪੜ੍ਹਿਆ ਇਹ ਅਰਥ ਸਪਸ਼ਟ ਹੋਵੇਗਾ ਕਿ ਕੰਸ ਨੂੰ ਕੇਸਾਂ ਤੋਂ ਪਕੜ ਕੇ ਗਿਰਾਇਆ। ਕਾਰਣ ਇਹ ਕਿ ਸ੍ਰੀ ਮਦ ਭਾਗਵਤ ਪੁਰਾਣ ਦੇ ਦਸਵੇਂ ਸਕੰਧ ਵਿੱਚ ਲਿਖੇ ਅਨੁਸਾਰ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਪਟਕਾ ਕੇ ਮਾਰਿਆ ਸੀ।

ਤਾਂ ਤੇ ਉਤੇ ਦਰਸਾਏ ਪ੍ਰਮਾਣਾਂ ਦੁਆਰਾ ਸਿੱਧ ਹੋਇਆ ਕਿ ਉਪ੍ਰੋਕਤ ‘ਖੰਡਾ‘ ਸ਼ਬਦ ਉਤੇ ਵੀ ਕੋਲੋਂ ਬਿੰਦਾ ਲਾ ਕੇ ‘ਖੰਡਾਂ‘ ਪੜ੍ਹਣਾ ਹੀ ਸ਼ੁੱਧ ਪਾਠ ਹੈ ਜਿਸਦਾ ਅਰਥ ਸੁਤੇ ਹੀ ਧਰਤੀ ਦੇ ਖੰਡ ਬਣੇਗਾ, ਨਹੀਂ ਤੇ ਦੁਧਾਰੀ ਤਲਵਾਰ ਹੋਵੇਗਾ, ਜੋ ਪ੍ਰਕਰਣ ਅਨੁਸਾਰ ਉੱਕਾ ਹੀ ਅਸੰਗਤ (ਅਢੁੱਕਵਾਂ) ਹੋਵੇਗਾ।

ਉਤੇ ਦਰਸਾਏ ਤੋਂ ਬਿਨਾਂ ਲੱਛਣਾਂ ਬ੍ਰਿਤੀ ਜਾਂ ਕਿਸੇ ਹੋਰ ਅੰਤ੍ਰੀਵ ਅਰਥ ਦਾ ਆਸਰਾ ਲੈ ਕੇ ਖੰਡਾਂ ਦਾ ਅਰਥ ਕਾਲ ਰੂਪੀ ਖੰਡਾ ਕਦਾਚਿਤ ਨਹੀਂ ਹੋ ਸਕਦਾ। ਕੇਵਲ ਦਸਮ ਗ੍ਰੰਥ ਹੀ ਨਹੀਂ ਸਗੋਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੋ ਜਿਹੇ ਅਨੇਕਾਂ ਪਾਠ ਹਨ ਜਿਨ੍ਹਾਂ ਉਤੇ ਅਵੱਸ਼ ਹੀ ਕੋਲੋਂ ਬਿੰਦਾ ਲਾਇਆਂ ਅਰਥਾਂ ਦੀ ਯਥਾਰਥ ਗਿਆਤ ਹੁੰਦੀ ਹੈ। ਜਿਵੇਂ ਕਿ -

ਆਸਾ ਕੀ ਵਾਰ ਵਿਚਲੇ ਸਲੋਕ ਵਿੱਚ ਘੜੀਆ ਅਤੇ ਗੋਪੀਆ ਵਾਲੀ ਤੁੱਕ ਵਿੱਚ ਘੜੀਆ ਤਥਾ ਗੋਪੀਆ ਦੋਹਾਂ ਸ਼ਬਦਾਂ ਉਤੇ ਬਿੰਦੇ ਨਹੀਂ ਪਰ ਕੋਲੋਂ ਬਿੰਦੇ ਲਾ ਕੇ ਘੜੀਆਂ ਅਤੇ ਗੋਪੀਆਂ ਪੜ੍ਹਨਾ ਪੈਂਦਾ ਹੈ।

ਜਿਵੇਂ ਬਲਵੰਡ-ਸੱਤੇ ਦੀ ਵਾਰ ਅੰਦਰ ‘ਪੁਤ੍ਰੀ ਕਉਲੁ ਨਾ ਪਾਲਿਓ‘ ਵਾਲੀ ਤੁੱਕ ਦੇ ‘ਪੁਤ੍ਰੀ‘ ਸ਼ਬਦ ਉਤੇ ਬਿੰਦਾ ਨਹੀਂ, ਜਿਸ ਉਤੇ ਕੋਲੋਂ ਬਿੰਦਾ ਲਾ ਕੇ ‘ਪੁਤ੍ਰੀਂ‘ ਪੜ੍ਹੇ ਤੋਂ ਬਿਨਾਂ ‘ਪੁਤਰਾਂ‘ ਦੀ ਥਾਵੇਂ ਉਲਟਾ ‘ਪੁਤ੍ਰੀ‘ (ਲੜਕੀ) ਅਰਥ ਹੋ ਜਾਵੇਗਾ, ਇਤਿਆਦਿਕ ਬੇਅੰਤ ਸ਼ਬਦ ਪ੍ਰਮਾਣ ਵਜੋਂ ਦਿੱਤੇ ਜਾ ਸਕਦੇ ਹਨ ਪਰ ਵਿਸਥਾਰ ਭੈ ਕਾਰਣ ਨਹੀਂ ਲਿਖੇ।

ਆਓ ! ਹੁਣ ਦਸਮ ਗ੍ਰੰਥ ਵਿਚੋਂ ਹੀ ਵੇਖੀਏ ਕਿ ਇਨ੍ਹਾਂ ਕਵੀਆਂ ਅਨੁਸਾਰ ਕਿਸਨੇ ਸੰਸਾਰ ਰਚਿਆ, ਕਿਸ ਨੇ ਬ੍ਰਹਮਾ, ਬਿਸ਼ਨ, ਮਹੇਸ ਸਾਜੇ ਅਤੇ ਕਿਸ ਨੇ ਦੇਵ-ਦਾਨਵ ਬਣਾਏ, ਕਿਸ ਨੇ ਰਾਮ ਅਤੇ ਕ੍ਰਿਸ਼ਨ ਨੂੰ ਬਲ ਦਿੱਤਾ। ਫਿਰ ਕਿਸਨੇ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ।

ਵੇਖੋ ਮੱਛ ਅਵਤਾਰ ਅੰਕ 29 ਜਿਸ ਵਿੱਚ ਸਿਆਮ ਕਵੀ ਆਪਣੇ ਇਸ਼ਟ ਮਹਾਂ ਕਾਲ ਨੂੰ ਸੰਖੇਪਕੀ ਰੂਪ ਅੰਦਰ ਕਾਲ ਅਤੇ ਉਸ ਦੀ ਸ਼ਕਤੀ ਕਾਲਿਕਾ (ਭਗਵਤੀ) ਨੂੰ ਭਵਾਨੀ ਰੂਪ ਵਿੱਚ ਦਰਸਾਉਂਦਿਆਂ ਹੋਇਆਂ ਲਿਖਦਾ ਹੈ ਕਿ -

ਪ੍ਰਿਥਮ ਕਾਲ ਸਭ ਜਗ ਕੋ ਤਾਤਾ।।

ਤਾਂ ਤੇ ਭਯੋ ਤੇਜ ਬਿਖਯਾਤਾ।।

ਸੋਈ ਭਵਾਨੀ ਨਾਮ ਕਹਾਈ।।

ਜਿਨ ਸਿਗਰੀ ਇਹ ਸ੍ਰਿਸ਼ਟਿ ਉਪਾਈ।।

ਤਾਂ ਤੇ ਸਾਕਤਾਂ ਨੇ ਪਰਮਾਤਮਾ ਦੀ ਸਾਰੀ ਸ਼ਕਤੀ ਦੇਵੀ ਭਗਵਤੀ ਵਿੱਚ ਹੀ ਮੰਨੀ ਹੈ। ਜਿਵੇਂ ਕਿ ਚਰਿਤਰੋ ਪਖਯਾਨ ਦੇ ਸਿਰਲੇਖ ਵਿੱਚ ‘ਸ੍ਰੀ ਭਗੌਤੀਏ ਨਮਹ‘ ਭਾਵ ਭਗਉਤੀ ਨੂੰ ਨਮਸਕਾਰ ਕਰਕੇ ਪਹਿਲੇ ਅਧਿਆਏ ਵਿੱਚ ਇਸੇ ਨੂੰ ਯੋਗਮਾਯਾ, ਜਗਤਮਾਤਾ ਆਦਿਕ ਮੰਨਦਿਆਂ ਹੋਇਆਂ ਕਿਹਾ ਹੈ ਕਿ ਤੂੰ ਹੀ ਬ੍ਰਹਮਾ, ਬਿਸਨ ਅਤੇ ਰੁਦ੍ਰ (ਸ਼ਿਵ) ਨੂੰ ਪੈਦਾ ਕੀਤਾ। ਦੈਂਤ, ਦੇਵਤੇ, ਜੱਛ ਆਦਿਕ ਤੂੰ ਹੀ ਪੈਦਾ ਕੀਤੇ ਹਨ। ਯਥਾ -

ਤੂ ਹੀ ਜੋਗਮਾਯਾ ਤੂ ਹੀ ਬਾਕਬਾਨੀ।।

ਤੂ ਹੀ ਆਪ ਰੂਪਾ ਤੂ ਹੀ ਭਵਾਨੀ।।

ਤੂ ਹੀ ਬਿਸਨ ਤੂ ਬ੍ਰਹਮਾ ਤੂ ਰੁਦ੍ਰ ਰਾਜੈ।।

ਤੂ ਹੀ ਬਿਸਫ ਮਾਤਾ ਸਦਾ ਜੈ ਬਿਰਾਜੈ।। 2।।

ਤੂ ਹੀ ਦੇਵ ਤੂ ਦੈਤ ਤੂ ਜੱਛ ਉਪਾਏ।।

ਤੂ ਹੀ ਤੁਰਕ ਹਿੰਦੂ ਜਗਤ ਮੈ ਬਨਾਏ।। 3।। ....

ਤੁਮੀ ਬੱਕ (ਮੂੰਹ) ਤੇ ਬੇਦ ਚਾਰੋ ਉਚਾਰੇ।।

ਤੂ ਹੀ ਸੁੰਭ ਨੈ ਸੁੰਭ ਦਾਨੌ ਸੰਘਾਰੇ।। (ਅੰਕ 4) ....

ਤੁਮੀ ਰਾਮ ਹਵੈ ਕੇ ਹਠੀ ਦੈਤ ਘਾਯੋ।।

ਤੂਹੀ ਕ੍ਰਿਸ਼ਨ ਹਵੈ ਕੰਸ ਕੇਸੀਂ ਖਪਾਯੋ।। 6।।

ਤੂੰ ਹੀ ਆਦਿ ਉਪਾਵੈ ਤੂੰ ਹੀ ਅੰਤ ਮਾਰੈ।। 7।। ਆਦਿਕ

ਕ੍ਰਿਸ਼ਨਵਤਾਰੇ ਛੰਦਾਂ ਵਿੱਚ ‘ਅਥ ਦੇਵੀ ਜੁ ਕੀ ਉਸਤਤਿ ਕਥਨੰ‘ ਸਿਰਲੇਖ ਹੇਠਾਂ ਲਿਖਿਆ ਹੈ ਕਿ -

ਤੂ ਹੀ ਅਸਤ੍ਰਣੀ ਸ੍ਰਸਤ੍ਰਣੀ ਆਪਰੂਪਾ। ....

ਉਪਰ ਦਿੱਤੇ ਪ੍ਰਮਾਣਾਂ ਤੋਂ ਸਪਸ਼ਟ ਹੋਇਆ ਕਿ ਦੇਵੀ ਭਗੌਤੀ (ਭਗਵਤੀ ਜਾਂ ਭਗਉਤੀ) ਤੋਂ ਹੀ ਰਾਮ ਅਤੇ ਕ੍ਰਿਸ਼ਨ ਨੇ ਰਾਵਣ ਤਥਾ ਕੰਸ ਨੂੰ ਮਾਰਣ ਲਈ ਬਲ ਪ੍ਰਾਪਤ ਕੀਤਾ ਸੀ। ਬਲਕਿ ਉਪ੍ਰੋਕਤ ਪ੍ਰਮਾਣਾਂ ਤੋਂ ਤਾਂ ਪ੍ਰਤੱਖ ਹੋ ਰਿਹਾ ਹੈ ਕਿ ਦੇਵੀ ਭਗਤ ਕਵੀਆਂ ਦੀ ਦ੍ਰਿਸ਼ਟੀ ਵਿੱਚ ਤਾਂ ਭਗਉਤੀ ਨੇ ਆਪ ਹੀ ਰਾਮ ਅਤੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਅਵਤਾਰ ਧਾਰਿਆ ਸੀ।

ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਨ ਹਿਤ ਬਲ ਪ੍ਰਾਪਤੀ ਵਾਸਤੇ ਜੋ ਦੇਵੀ ਭਗਵਤੀ ਦੀ ਪੂਜਾ ਕੀਤੀ ਸੀ, ਉਸਦੀ ਕਥਾ ਦੇਵੀ ਭਾਗਵਤ, ਮਹਾਂ ਭਾਗਵਤ ਅਤੇ ਕਾਲਿਕਾ ਆਦਿਕ ਪੁਰਾਣਾਂ ਵਿੱਚ ਲਿਖੀ ਹੈ। ਇਨ੍ਹਾਂ ਸਾਕਤ ਮਤੀਏ ਕਵੀਆਂ ਨੇ ਆਪਣੀ ਰਚਨਾ ਕ੍ਰਿਸ਼ਨਾਵਤਾਰ ਵਿੱਚ ਕ੍ਰਿਸ਼ਨ ਜੀ ਤੋਂ ਵੀ ਨਿਤਾਪ੍ਰਤੀ ਦੁਰਗਾ ਸਪਤਸ਼ਤੀ (ਦੁਰਗਾ-ਪਾਠ ਜਾਂ ਦੁਰਗਾ ਸਤੋਤ੍ਰ) ਦਾ ਪਾਠ ਕਰਵਾ ਕੇ ਉਨ੍ਹਾਂ ਨੂੰ ਵੀ ਦੇਵੀ ਭਗਤ ਸਿੱਧ ਕੀਤਾ ਹੈ, ਯਥਾ -

ਫਿਰ ਪਾਠ ਕਰੈ ਸਤਿ ਸੈਟਿ ਸਲੋਕ ਕੋ

ਸਯਾਮ ਨਿਤਾਪ੍ਰਤਿ ਪੈ ਨ ਟਰੈ। (ਅੰਕ 230)

ਤਾਂ ਤੇ ਉਪ੍ਰੋਕਤ ਤੁੱਕਾਂ ‘ਤੁਮੀ ਸੁਭੰ ਨੇ ਸੁਭੰ ਦਾਨੋ ਸੰਘਾਰੋ‘ ਆਦਿਕ ਤੋਂ ਇਹੀ ਸਿੱਧ ਹੁੰਦਾ ਹੈ ਕਿ ਭਗੌਤੀ ਨੇ ਆਪ ਹੀ ਦੁਰਗਾ ਰੂਪ ਧਾਰਨ ਕਰਕੇ ਦੈਂਤਾਂ ਦਾ ਨਾਸ ਕੀਤਾ। ਵਾਸਤਵ ਵਿੱਚ ਦੇਵੀ ਭਗਤਾਂ ਅਨੁਸਾਰ ਦੇਵੀ ਦੇ ਕਈ ਰੂਪਾਂ (ਅਵਤਾਰਾਂ) ਵਿਚੋਂ ਉਸਦਾ ਇਕ ਅਤੀ ਕਰੂਰ ਕ੍ਰੋਧੀ ਅਤੇ ਜੋਧਾ ਰੂਪ ਵੀ ਹੈ ਜਿਸ ਵਿੱਚ ਉਹ ਮੌਤ, ਭੈ, ਖ਼ੂਨ-ਖ਼ਰਾਬੇ ਅਤੇ ਨਾਸ ਦੀ ਦੇਵੀ ਹੈ। ਆਪਣੇ ਇਸ ਪੱਖ ਨੂੰ ਪ੍ਰਗਟ ਕਰਨ ਹਿਤ ਭਗਵਤੀ, ਕਾਲੀ, ਦੁਰਗਾ, ਭਵਾਨੀ, ਚੰਡੀ ਆਦਿਕ ਰੂਪਾਂ ਵਿੱਚ ਅਵਤਾਰ ਧਾਰਦੀ ਹੈ। ਤਾਂ ਤੇ ਭਗੌਤੀ ਦੀ ਵਾਰ ਵਿੱਚ ਭਗਉਤੀ ਦੇ ਇਸੇ ਰੂਪ ਅੰਦਰ ਦਰਸ਼ਨ ਹੁੰਦੇ ਬਲਕਿ, ਦਸਮ ਗ੍ਰੰਥ ਦੇ ਕਈ ਪੁਰਾਤਨ ਉਤਾਰਿਆਂ ਵਿੱਚ ਪਿਛੇ ਦੱਸੇ ਅਨੁਸਾਰ, ਇਸ ਵਾਰ ਦਾ ਸਿਰਲੇਖ ਵੀ ‘ਵਾਰ ਸ੍ਰੀ ਦੁਰਗਾ ਜੀ‘ ਲਿਖਿਆ ਹੋਇਆ ਮਿਲਦਾ ਹੈ।

ਇਸ ਤੋਂ ਬਿਨਾਂ, ਦੇਵੀ ਭਾਗਵਤ, ਪੁਰਾਣ ਅਤੇ ਮਹਾਂਨਿਰਵਾਣ ਤੰਤ੍ਰ ਅਨੁਸਾਰ ਦੇਵੀ ਭਗਵਤੀ ਨੇ ਆਪ ਹੀ ਪਾਰਬਤੀ ਦਾ ਰੂਪ ਧਾਰਨ ਕਰਕੇ ਸ਼ਿਵ ਜੀ ਨਾਲ ਵਿਆਹ ਕੀਤਾ ਅਤੇ ਦੇਵਤਿਆਂ ਦੀ ਰੱਖਿਆ ਹਿਤ ਦੁਰਗ ਦੈਂਤ (ਜੋ ਗੁਰ ਦੈਂਤ ਦਾ ਪੁੱਤਰ ਸੀ) ਦਾਂ ਬੱਧ ਕਰਕੇ ਦੁਰਗਾ ਨਾਮ ਨਾਲ ਪ੍ਰਸਿੱਧ ਹੋਈ।

ਇਸ ਤਰ੍ਹਾਂ ਸਪਸ਼ਟ ਹੋਇਆ ਕਿ ਭਗਉਤੀ ਦੀ ਵਾਰ ਦੀ ਦੂਜੀ ਪਉੜੀ ਵੀ ਦੇਵੀ ਭਗੌਤੀ ਨੂੰ ਹੀ ਸੰਬੋਧਤ ਕਰਕੇ ਲਿਖੀ ਗਈ ਹੈ। ਇਸ ਲਈ ਉਥੇ ਭਗਉਤੀ ਸ਼ਬਦ ਦਾ ਅਰਥ ‘ਦੇਵੀ ਭਗਵਤੀ‘ ਤੋਂ ਬਿਨਾਂ ਅਕਾਲ ਪੁਰਖ ਆਦਿਕ ਕੋਈ ਹੋਰ ਅਰਥ ਨਹੀਂ ਹੋ ਸਕਦਾ।

ਭਗਉਤੀ (ਚੰਡੀ) ਦੀ ਵਾਰ ਦੀ ਤਰ੍ਹਾਂ ਹੀ ਮਹਾਂਕਾਲ ਅਤੇ ਕਾਲੀ ਦੇ ਉਪਾਸ਼ਕ, ਭਗਉਤੀ ਭਗਤ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਹੋਰ ਵੀ ਅਨੇਕਾਂ ਥਾਈਂ ਭਗੌਤੀ ਪੂਜਾ ਦ੍ਰਿੜਾਉਣ ਹਿਤ ਡੂੰਘੀਆਂ ਤੋਂ ਡੂੰਘੀਆਂ ਚਾਲਾਂ ਚਲੀਆਂ ਹਨ। ਨਮੂਨੇ ਲਈ ਵੇਖੋ ਇਸੇ ਦਸਮ ਗ੍ਰੰਥ ਵਿਚੋਂ ‘ਕਲਕੀ ਅਵਤਾਰ‘ ਨਾਂ ਵਾਲੀ ਰਚਨਾ ਜੋ 1428 ਪੰਨੇ ਵਾਲੀ ਪ੍ਰਕਾਸ਼ਤ ਬੀੜ ਦੇ 571ਵੇਂ ਸਫ਼ੇ ਤੋਂ ਲੈ ਕੇ 610 ਸਫ਼ੇ ਉਤੇ ਮੁੱਕਦੀ ਹੈ, ਜਿਸ ਦੇ ਕੁਲ 588 ਅੰਕੜਿਆਂ ਦਾ ਸਾਰ ਸੰਕੋਚਵੇਂ ਰੂਪ ਵਿੱਚ ਹੇਠ ਲਿਖੇ ਅਨੁਸਾਰ ਹੈ, ਯਥਾ –

ਅਰੰਭ ਤੋਂ ਲੈ ਕੇ 140 ਅੰਕ ਤਕ ਅਨੇਕ ਪ੍ਰਕਾਰ ਦੇ ਮਨੋਰੰਜਕ ਛੰਦਾਂ ਰਾਹੀਂ ਕਵੀ ਨੇ ਕਲਜੁਗ ਵਿਚਲੇ ਪਾਪ-ਉਪੱਦਰ ਅਤੇ ਅਤਿਆਚਾਰ, ਇਥੋਂ ਤਕ ਦਰਸਾਏ ਹਨ ਕਿ ਪਿਤਾ-ਪੁੱਤਰੀ, ਭੈਣ-ਭਰਾ ਅਤੇ ਮਾਂ-ਪੁੱਤਰ ਵੀ ਆਪੋ-ਆਪਣਾ ਧਰਮ ਤਿਆਗ ਦੇਣਗੇ। 141 ਅੰਕ ਤੋਂ 156 ਤਕ 16 ਸਵੈਯੇ ਸਮੱਸਿਆ ਪੂਰਤੀ ਰੂਪ ਹਨ ਜਿਨ੍ਹਾਂ ਦੀ ਸਮੱਸਿਆ ‘ਭਲ ਭਾਗ ਭਯਾ ਇਹ ਸੰਭਲ ਕੈ ਹਰਿ ਜੂ ਹਰਿਮੰਦਰ ਆਵੈਂਗੇ‘ ਹੈ। 156ਵੇਂ ਬੰਦ ਤੋਂ ਅੱਗੇ ‘ਅੰਦਰ ਕਮਾਣਾ ਸਰਪਰ ਉਘੜੇ‘ ਗੁਰ-ਵਾਕ ਅਨੁਸਾਰ ਕਵੀ ਦਾ ਮੁੱਖ ਮੰਤਵ ਉਘੜ ਆਉਂਦਾ ਹੈ। ਕਵੀ ਨੇ ਆਪਣੀ ਡੂੰਘੀ ਚਾਲ ਦੁਆਰਾ ਇਕ ਰੋਚਕ ਢੰਗ ਨਾਲ ਨਾਟਕੀ ਰੂਪ ਦੇ ਕੇ ਹੇਠ ਲਿਖੇ ਅਨੁਸਾਰ ਦੇਵੀ ਪੂਜਾ ਦਾ ਮਹਾਤਮ ਦਰਸਾਇਆ ਹੈ, ਜਿਵੇਂ ਕਿ –

ਕਲਜੁਗੀ ਪ੍ਰਭਾਵ ਹੇਠ ਸੰਭਲਪੁਰ ਦਾ ਸ਼ੂਦਰ ਰਾਜਾ ਦੇਵੀ ਦੀ ਪੂਜਾ ਹੁਕਮਨ ਬੰਦ ਕਰਵਾ ਦਿੰਦਾ ਹੈ .... ਇਕ ਬ੍ਰਾਹਮਣ ਲੁੱਕ-ਛਿਪ ਕੇ ਦੇਵੀ ਪੂਜਦਾ ਹੈ .... ਉਸਦੀ ਘਰਵਾਲੀ ਬ੍ਰਾਹਮਣੀ ਉਸਨੂੰ ਦੇਵੀ ਪੂਜਣੋਂ ਵਰਜਦੀ ਹੈ ਤਾਂ ਭੀ ਉਹ ਬ੍ਰਾਹਮਣ ਦੇਵੀ ਦੀ ਪੂਜਾ ਨਹੀਂ ਛੱਡਦਾ .... ਬ੍ਰਾਹਮਣੀ ਰਾਜੇ ਨੂੰ ਦੱਸ ਦਿੰਦੀ ਹੈ .... ਰਾਜਾ ਬ੍ਰਾਹਮਣ ਨੂੰ ਮਾਰ ਦੇਣ ਦੀ ਧਮਕੀ ਦਿੰਦਾ ਹੈ। ਬ੍ਰਾਹਮਣ ਫਿਰ ਵੀ ਦੇਵੀ ਪੂਜਾ ਨਹੀਂ ਛੱਡਦਾ, ਯਥਾ -

ਤਹ ਬਿਪ੍ਰ ਏਕ ਜਿਹ ਗੁਣ ਅਨੇਕ।। ਅੰਕ 163

ਨਿਤ ਜਪਤ ਬਿਪ੍ਰ ਦੇਵੀ ਪ੍ਰਚੰਡ।।

ਜਿਹ ਕੀਮ ਧੂਮ੍ਰਲੋਚਨ ਦੁਖੰਡ।। ਅੰਕ 164

ਰਾਜਾ ਸੂਦ੍ਰ ਬਾਚ

ਕੈ ਤਜੋ ਸੇਵ ਦੇਵੀ ਪ੍ਰਚੰਡ।।

ਨਹੀਂ ਕਰਤ ਆਜ ਤੋ ਕੋ ਦੁਖੰਡ।। ਅੰਕ 172

ਬਿਪ੍ਰ ਬਾਚ ਰਾਜਾ ਸੋਂ ਕੀਜੈ ਦੁਖੰਡ ਨਹੀਂ ਤਜਹ ਸੇਵ।।

ਸੁਣ ਲੇਹੁ ਸਾਚ ਤੋ ਕਹੋਂ ਦੇਵ।।

ਕਿਉਂ ਨਾ ਹੋਹਿਂ ਟੁਕ ਤਨ ਕੇ ਹਜ਼ਾਰ।।

ਨਹੀਂ ਤਜਹੁ ਪਾਇੰ ਦੇਵੀ ਉਦਾਰ।। ਅੰਕ 173

ਭਾਵ - ਭਾਵੇਂ ਮੇਰੇ ਹਜ਼ਾਰ ਟੁਕੜੇ ਹੋ ਜਾਣ, ਮੈਂ ਦੇਵੀ ਭਗਵਤੀ ਦੀ ਸ਼ਰਨ ਨਹੀਂ ਛੱਡਣੀ।

ਤਿਹ ਬਾਂਧ ਆਂਖ ਮੁਸਕੈ ਚੜਾਇ।।

ਕਰ ਲੀਨ ਕਾਢ ਅੱਸ ਕੋ ਨਚਾਇ।।

ਜਬ ਲਗੇ ਦੇਣ ਤਿਹ ਤੇਗ ਤਾਨ।।

ਤਬ ਕੀਓ ਕਾਲ ਕੋ ਬਿਪ੍ਰ ਧਿਆਨ।। ਅੰਕ 176

ਜਬ ਕੀਯੋ ਚਿਤ ਮੋ ਬਿਪ੍ਰ ਧਿਆਨ।।

ਤਿਹ ਦੀਨ ਦਰਸ ਤਬ ਕਾਲ ਆਨ।।

ਨਹੀਂ ਕਰੋ ਚਿੰਤ ਚਿਤ ਮਾਝ ਏਕ।।

ਤਵ ਹੇਤ ਸਤ੍ਰ ਹਨ ਹੈ ਅਨੇਕ।। ਅੰਕ 177

ਭਾਵ - ਦੇਵੀ ਪੂਜਕ ਬ੍ਰਾਹਮਣ ਨੂੰ ਮਾਰਨ ਲਈ ਰਾਜੇ ਨੇ ਤਲਵਾਰ ਪਕੜੀ ਤਾਂ ਬ੍ਰਾਹਮਣ ਨੇ ਮਹਾਂਕਾਲ ਅਤੇ ਭਗਵਤੀ ਨੂੰ ਯਾਦ ਕੀਤਾ, ਤਦ ਮਹਾਂਕਾਲ ਨੇ ਕਲਕੀ (ਨਿਹਕਲੰਕ) ਅਵਤਾਰ ਰੂਪ ਵਿੱਚ ਪ੍ਰਗਟ ਹੋ ਕੇ ਧੀਰਜ ਦਿੱਤਾ ਅਤੇ ਕਿਹਾ ਕਿ ਤੇਰੇ ਸਾਰੇ ਵੈਰੀ ਹੁਣੇ ਮਾਰ ਦਿਆਂਗਾ। ਫਿਰ ਕਲਕੀ ਅਵਤਾਰ ਵਲੋਂ ਜੁੱਧ ਕਰਕੇ ਰਾਜੇ ਨੂੰ ਮਾਰ ਦਿੱਤਾ ਲਿਖਿਆ ਹੈ।

ਇਸ ਤੋਂ ਅੱਗੇ ਕਲਕੀ ਅਵਤਾਰ ਵਲੋਂ ਜੁੱਧ-ਜੰਗਾਂ ਰਾਹੀਂ ਸਾਰੇ ਦੇਸ-ਦੇਸਾਂਤਰ ਨੂੰ ਜਿੱਤ ਲੈਣ ਪਿਛੋਂ ਨਿਹਕਲੰਕ ਦੀ ਮ੍ਰਿਤਯੂ ਮਹਿੰਦੀ ਪੀਰ ਹੱਥੋਂ ਦੱਸ ਕੇ 588ਵੇਂ ਅੰਕ ਉਤੇ ਸਮਾਪਤੀ ਕੀਤੀ ਹੈ।

ਮੁੱਕਦੀ ਗੱਲ ਇਹ ਕਿ ਨਿਹਕਲੰਕ ਅਵਤਾਰ ਦੇ ਪ੍ਰਗਟ ਹੋਣ ਦਾ ਮੁਖ ਕਾਰਣ ਚਾਲਾਕ ਕਵੀ ਨੇ ਇਕ ਦੇਵੀ ਪੂਜਕ ਬ੍ਰਾਹਮਣ ਦੀ ਰੱਖਿਆ ਲਈ ਦਰਸਾਇਆ ਹੈ। ਅਟੱਲ ਵਿਸ਼ਵਾਸ ਹੈ ਕਿ ਉਪ੍ਰੋਕਤ ਵਿਥਿਆ ਨੂੰ ਵਿਚਾਰ ਕੇ ਸੂਝਵਾਨ ਪਾਠਕ ਸਹਿਜੇ ਹੀ ਨਿਸ਼ਚਾ ਕਰ ਲੈਣਗੇ ਕਿ ਭਗਉਤੀ ਉਪਾਸ਼ਕ ਕਵੀ ਨੇ ਡੂੰਘੀ ਚਾਲ ਦੁਆਰਾ ਇਕ ਰੋਚਕ ਢੰਗ ਨਾਲ ਕਲਕੀ ਅਵਤਾਰ ਦਾ ਪੱਜ ਬਣਾ ਕੇ ਭਗਵਤੀ ਪੂਜਾ ਦੀ ਮਹਤੱਤਾ ਦਰਸਾਈ ਹੈ।

ਇਥੇ ਹੀ ਬੱਸ ਨਹੀਂ, ਇਨ੍ਹਾਂ ਭਗਉਤੀ ਉਪਾਸ਼ਕ ਕਵੀਆਂ ਨੇ ਭਗੌਤੀ ਮਹਿਮਾ ਦਰਸਾਉਣ ਲਈ ਹੋਰ ਵੀ ਅਨੇਕਾਂ ਕੁਫ਼ਰ ਤੋਲੇ ਹਨ ਜਿਵੇਂ ਕਿ ਹਿੰਗਲਾਜ ਦੇਵੀ ਦੇ ਮੰਦਰ ਵਿਚੋਂ ਇਕ ਬ੍ਰਾਹਮਣ ਨੇ ਇਹ ਆਵਾਜ਼ ਸੁਣੀ ਕਿ ਇਥੋਂ ਦਾ ਰਾਜਾ ਕਲ੍ਹ ਸਵੇਰੇ ਮਰ ਜਾਏਗਾ, ਪਰ ਕੋਈ ਮਨੁੱਖ ਆਪਣੇ ਸੱਤ ਪੁੱਤਰ ਮੇਰੇ ਭਵਨ ਵਿੱਚ ਬਲੀ ਦੇ ਦੇਵੇ ਤਾਂ ਰਾਜਾ ਬਚ ਸਕਦਾ ਹੈ .... ਬ੍ਰਾਹਮਣ ਘਰ ਆ ਕੇ ਦੱਸਦਾ ਹੈ ... ਸੁਣਦੇ-ਸਾਰ ਬ੍ਰਾਹਮਣੀ ਆਪਣੇ ਸੱਤੇ ਪੁੱਤਰ ਲਿਜਾ ਕੇ ਦੇਵੀ ਅੱਗੇ ਭੇਟ ਚਾੜ੍ਹ ਦਿੰਦੀ ਹੈ .... ਮੋਏ ਪੁੱਤਰਾਂ ਨੂੰ ਵੇਖ ਕੇ ਬ੍ਰਾਹਮਣ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਂਦਾ ਹੈ .... ਫਿਰ ਬ੍ਰਾਹਮਣ ਦੀ ਬ੍ਰਾਹਮਣੀ ਵੀ ਮਰ ਜਾਂਦੀ ਹੈ .... ਇਹ ਕੌਤਕ ਵੇਖ ਕੇ ਰਾਜਾ ਵੀ ਮਰਨ ਲਈ ਕਟਾਰ ਫੜਦਾ ਹੈ ਤਾਂ ਦੇਵੀ ਪ੍ਰਸੰਨ ਹੋ ਕੇ ਪ੍ਰਗਟ ਰੂਪ ਵਿੱਚ ਬ੍ਰਾਹਮਣ ਅਤੇ ਬ੍ਰਾਹਮਣੀ ਨੂੰ ਪੁੱਤਰਾਂ ਸਮੇਤ ਸਾਵਧਾਨ ਕਰਕੇ ਰਾਜੇ ਨੂੰ ਚਿਰੰਜੀਵਤਾ ਦਾ ਵਰ ਦੇ ਦਿੰਦੀ ਹੈ। (ਵੇਖੋ ਤ੍ਰੀਆ ਚਰਿਤ੍ਰ 165)

ਹੋਰ ਤੇ ਹੋਰ ਰਹੀ, ਇਨ੍ਹਾਂ ਭਗਉਤੀ ਭਗਤ ਕਵੀਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਵੀ ਭਗਉਤੀ ਦਾ ਮੰਤ੍ਰ ਸਿੱਖਣ ਵਾਸਤੇ ਅਤੀਤ ਸਾਧੂ ਦੇ ਭੇਖ ਵਿੱਚ ਸ੍ਰੀ ਭਗਉਤੀ ਨੂੰ ਮਨਾਉਂਦਿਆਂ ਹੋਇਆਂ ਅਨੂਪ ਕੌਰ (ਜੋ ਕਾਮ-ਚੇਸ਼ਟਾ ਨਾਲ ਵਿਆਕੁਲ ਸੀ) ਦੇ ਘਰ ਭੇਜਣੋਂ ਵੀ ਘੱਟ ਨਹੀਂ ਕੀਤੀ। (ਵੇਖੋ ਤ੍ਰੀਆ ਚਰਿਤ੍ਰ ਨੰ. 21 ਅੰਕ 10), ਯਥਾ

ਚਲਿਯੋ ਭੇਖ ਆਤੀਤ ਕੋ ਧਾਰਿ ਰਾਈ।।

ਮਨਾਪਨ ਮੋ ਸ੍ਰੀ ਭਗੌਤੀ ਮਨਾਈ।।

ਸੱਚ ਪੁਛੋ ਤਾਂ ਗੁਰੂ ਕਲਗੀਧਰ ਜੀ ਦਾ ਭਗੌਤੀ ਦੇਵੀ ਨੂੰ ਅਰਾਧਣਾ ਦਰਸਾ ਕੇ ਇਨ੍ਹਾਂ ਕਵੀਆਂ ਨੇ ਖ਼ਾਲਸੇ ਦੀ ਸੂਝ ਅਤੇ ਸਿਦਕ ਨੂੰ ਸਿੱਧੀ ਵੰਗਾਰ ਪਾਈ ਹੈ। ਪਤਾ ਨਹੀਂ ਸਾਡੇ ਉਚ-ਕੋਟੀ ਦੇ ਵਿਦਵਾਨਾਂ ਨੂੰ ਕੀ ਹੋ ਗਿਆ ਜੋ ਇਹੋ ਜਿਹੇ ਚਰਿਤ੍ਰਾਂ ਦਾ ਕਰਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧ ਕਰਨ ਉਤੇ ਤੁਲੇ ਹੋਏ ਹਨ। ਹਾਲਾਂਕਿ ਇਸੇ ਚਰਿਤ੍ਰ ਵਿਚਲੇ ‘ਤੀਰ ਸ਼ਤਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ‘ ਵਿਚਲਾ ‘ਹੁਤੋ‘ ਸ਼ਬਦ ਪ੍ਰਤੱਖ ਹੀ ਭੂਤਕਾਲ ਦਾ ਸੂਚਕ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਚਰਿਤ੍ਰ ਗੁਰੂ ਦਸ਼ਮੇਸ਼ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਵੀ ਪਿਛੇ ਲਿਖਿਆ ਗਿਆ ਹੈ। ਅੱਗੇ ਵੇਖੋ, ‘ਚਲਿਯੋ ਭੇਖ ਆਤੀਤ ਕੋ ਧਾਰ ਰਾਈ‘ ਵਿਚਲਾ ‘ਰਾਈ‘ ਸ਼ਬਦ ਪ੍ਰਤੱਖ ਹੀ ਅੰਨਯ-ਪੁਰਖ ਦਾ ਲਖਾਇਕ ਹੈ। ਫਿਰ ਇਹ ਰਚਨਾ ਗੁਰੂ ਸਾਹਿਬ ਜੀ ਦੀ ਕਿਵੇਂ ਹੋ ਸਕਦੀ ਹੈ? ਜੇ ਇਹ ਰਚਨਾ ਗੁਰੂ ਜੀ ਦੀ ਹੁੰਦੀ ਤਾਂ ਆਪਣੇ ਆਪ ਨੂੰ ਉਤਮ ਪੁਰਖ ਦੀ ਥਾਵੇਂ ਅੰਨਯ ਪੁਰਖ ਰੂਪ ਵਿੱਚ ਪੇਸ਼ ਨਾ ਕਰਦੇ।

ਇਥੇ ਇਕ ਗੱਲ ਉਚੇਚੀ ਯਾਦ ਰੱਖਣ ਵਾਲੀ ਇਹ ਵੀ ਹੈ ਕਿ ਦਸਮ ਗ੍ਰੰਥ ਨੂੰ ਦਸ਼ਮੇਸ਼ ਕ੍ਰਿਤ ਦਰਸਾਉਣ ਵਾਲੇ ਵਿਦਵਾਨ ਉਪ੍ਰੋਕਤ ਚਰਿਤ੍ਰਾਂ ਨੂੰ ਆਪਣੀਆਂ ਪੁਸਤਕਾਂ ਵਿੱਚ ਜੁਰਅੱਤ ਨਹੀਂ ਕਰਦੇ ਬਲਕਿ ‘ਦੇਖਨ ਆਇਓ ਜਗਤ ਤਮਾਸ਼ਾ‘ ਆਦਿਕ ਚੋਪੜੀ-ਚਾਪੜੀ ਸ਼ਬਦਾਵਲੀ ਵਰਤ ਕੇ ਅਜਾਣ ਸ਼ਰਧਾਲੂਆਂ ਨੂੰ ਸਹੀ ਜਾਣਕਾਰੀ ਦੇਣ ਦੀ ਥਾਵੇਂ ਉਲਟਾ ਗੁਮਰਾਹ ਕਰਦੇ ਹਨ। ਜੇਕਰ ਆਮ ਗੁਰਸਿੱਖਾਂ ਨੇ ਦਸਮ ਗ੍ਰੰਥ ਦਾ ਅਧਿਐਨ ਕੀਤਾ ਹੁੰਦਾ ਤਾਂ ਇਹ ਵਿਦਵਾਨ ਸਿੱਖ ਜਨਤਾ ਨੂੰ ਇਸ ਤਰ੍ਹਾਂ ਗੁਮਰਾਹ ਕਰਨ ਦੀ ਜੁਰਅੱਤ ਕਦੇ ਵੀ ਨਾ ਕਰਦੇ।

ਇਹ ਦਲੇਰੀ ਸ੍ਰ. ਸ਼ਮਸ਼ੇਰ ਸਿੰਘ ਜੀ ਅਸ਼ੋਕ, ਡਾ. ਰਤਨ ਸਿੰਘ ਜੱਗੀ ਅਤੇ ਡਾ. ਕਰਤਾਰ ਸਿੰਘ ਜੀ ਬਾੜੀ ਵਰਗੇ ਵਿਦਵਾਨਾਂ ਦੇ ਹਿੱਸੇ ਆਈ ਹੈ ਜਿਨ੍ਹਾਂ ਲੁਕ-ਲੁਕੋ ਤੋਂ ਕੰਮ ਨਾਂ ਲੈਂਦਿਆਂ ਹੋਇਆਂ ਦਸਮ ਗ੍ਰੰਥ ਵਿਚਲੀ ਰਚਨਾ ਰੂਪੀ ਵਸਤੂ ਨਿਡਰ ਹੋ ਕੇ ਆਪਣੀਆਂ ਪੁਸਤਕਾਂ ਵਿੱਚ ਪੇਸ਼ ਕੀਤੀ ਹੈ ਅਤੇ ਠੋਸ ਤੱਥਾਂ ਦੇ ਆਧਾਰ ਉਤੇ ਸਿੱਧ ਕੀਤਾ ਹੈ ਕਿ ‘ਵਾਰ ਭਗਉਤੀ ਜੀ ਕੀ‘ ਵਾਲੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ ਸਗੋਂ ਦੇਵੀ ਪੂਜਕ ਕਵੀ ਦੀ ਹੈ। ਅੱਜ ਅਨਮਤੀ ਦੇਵੀ ਪੂਜਕਾਂ ਨੇ ਇਸੇ ‘ਵਾਰ ਸ੍ਰੀ ਭਗਉਤੀ‘ ਦਾ ਆਸਰਾ ਲੈ ਕੇ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾਉਣਾ ਅਰੰਭਿਆ ਹੋਇਆ ਹੈ ਜਿਵੇਂ ਕਿ ਦੇਵੀ ਦੇ ਜਗਰਾਤਿਆਂ ਸਮੇਂ ਸਟੇਜਾਂ ਉੱਤੇ ਦੇਵੀ ਦੀ ਮੂਰਤੀ ਤੋਂ ਥੋੜੀ ਨੀਵੀਂ ਜਗ੍ਹਾ ਉੱਤੇ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਆਮ ਵੇਖਣ ਵਿੱਚ ਆਉਂਦੀਆਂ ਹਨ। ਇਹ ਗੁੱਝੀ ਚਾਲ ਸਿੱਖ ਕੌਮ ਦੇ ਕੁਝ ਅੰਸ਼ (ਹਿੱਸੇ) ਨੂੰ ਹੌਲੀ ਹੌਲੀ ਆਪਣੀ ਅਰਦਾਸ ਤੋਂ ਡੇਗ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਦੇਵੀ ਦੇ ਜਗਰਾਤੇ ਸਮੇਂ ਉਪ੍ਰੋਕਤ ਢੰਗ ਨਾਲ ਸਟੇਜਾਂ ਉੱਤੇ ਰੱਖਣ ਦਾ ਮਨੋਰਥ ਗੁਰੂ ਸਾਹਿਬਾਨ ਨੂੰ ਦੇਵੀ ਪੂਜਕ ਦਰਸਾਉਣ ਤੋਂ ਬਿਨਾਂ ਹੋਰ ਕੋਈ ਨਹੀਂ ਹੈ।

ਹੋ ਸਕਦਾ ਹੈ ਜਿਵੇਂ ਭਗਉਤੀ ਉਪਾਸ਼ਕਾਂ ਨੇ ਦੇਵੀ ਭਗਵਤੀ ਦੀਆਂ ਭੇਟਾਂ (ਗੀਤਾਂ) ਵਿੱਚ ਹੇਠ ਲਿਖਿਆ ਗੀਤ :

‘ਨੰਗੀ ਨੰਗੀ ਪੈਰੀਂ ਅਕਬਰ ਆਇਆ,

ਸਿਰ ਸੋਨੇ ਦਾ ਛਤ੍ਰ ਝੁਲਾਇਆ।‘

ਪ੍ਰਚਲਤ ਕੀਤਾ ਹੋਇਆ ਹੈ, ਉਸੇ ਤਰ੍ਹਾਂ ਕਿਸੇ ਦਿਨ ਇਹ ਗਾਉਣਾ ਵੀ ਅਰੰਭ

ਦੇਣ ਕਿ :

‘ਨੰਗੀ ਨੰਗੀ ਪੈਰੀਂ ਗੁਰੂ ਨਾਨਕ ਆਇਆ ......‘

ਇਸ ਲਈ ਇਕ-ਦਮ ਸੁਚੇਤ ਹੋਣ ਦੀ ਲੋੜ ਹੈ। ਇਹ ਜਗਰਾਤਿਆਂ ਦੇ ਦ੍ਰਿਸ਼ ਵੇਖ ਕੇ ਭੋਲੇ-ਭਾਲੇ ਸਿੱਖ ਤਾਂ ਭਾਵੇਂ ਖੁਸ਼ ਹੁੰਦੇ ਹੋਣਗੇ, ਪਰ ਸੂਝ-ਬੂਝ ਵਾਲੇ ਸਿਦਕੀਆਂ ਅਤੇ ਪੰਥ-ਦਰਦੀਆਂ ਦੇ ਹਿਰਦੇ ਤਾਂ ਛਲਨੀ ਹੋ ਜਾਂਦੇ ਹਨ। ਸੋਕ ਕਿ ਇਹ ਕੁਝ ਵੇਖਦਿਆਂ ਹੋਇਆਂ ਵੀ ਸਾਡੇ ਧਾਰਮਿਕ ਆਗੂ ਅਤੇ ਵਿਦਵਾਨ ਕੁੰਭਕਰਣੀ ਨੀਂਦਰ ਵਿਚੋਂ ਉਠਣ ਦਾ ਨਾਂ ਤਕ ਵੀ ਨਹੀਂ ਲੈਂਦੇ।

ਵਕਤ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸਿੰਘ ਸਭਾ ਸ਼ਤਾਬਦੀ ਕਮੇਟੀ ਆਦਿਕ ਧਾਰਮਕ ਸੰਸਥਾਵਾਂ ਦਸਮ ਗ੍ਰੰਥ ਸਬੰਧੀ ਉੱਚ ਪੱਧਰ ‘ਤੇ ਸਿੱਖ ਵਿਦਵਾਨਾਂ ਦੀਆਂ ਗੋਸ਼ਟੀਆਂ ਕਰਵਾਉਣ ਅਤੇ ਬਿਨਾ ਕਿਸੇ ਢਿੱਲ-ਮੱਠ ਦੇ ਇਸ ਮਸਲੇ ਨੂੰ ਸੁਚੱਜੇ ਢੰਗ ਨਾਲ ਨਿਬੇੜਨ ਦਾ ਉਪਰਾਲਾ ਕਰਨ ਕਿ ਦਸਮ ਗ੍ਰੰਥ ਵਿਚਲੀਆਂ ਕਿਹੜੀਆਂ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਹਨ ਅਤੇ ਕਿਹੜੀਆਂ ਕਵੀਆਂ ਦੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਚਾਹੀਦਾ ਹੈ ਕਿ ਕਿਸੇ ਵੀ ਦਸਮ ਗ੍ਰੰਥ ਦੇ ਪ੍ਰਕਾਸ਼ਨ ਲਈ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ‘ ਜਾਂ ‘ਦਸਮ ਗੁਰੂ ਗ੍ਰੰਥ‘ ਨਾਮ ਦੀ ਵਰਤੋਂ (ਜਾਂ ਇਹ ਨਾਮ ਛਾਪਣ) ਤੋਂ ਰੋਕਣ ਲਈ ਉਚੇਚਾ ਜਤਨ ਕਰੇ।

ਜੇ ਵਕਤ ਸਿਰ ਕੁਝ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਸਮਾਂ ਪਾ ਕੇ ਪੰਥ ਵਿਰੋਧੀਆਂ ਵਲੋਂ ਇਹ ਕਹਿਣਾ ਤੇ ਲਿਖਣਾ ਵੀ ਸ਼ੁਰੂ ਹੋ ਜਾਵੇ ਕਿ ਸਿੱਖਾਂ ਦਾ ਅਸਲੀ ਗੁਰੁ ਆਦਿ ਗੁਰੂ ਗ੍ਰੰਥ ਸਾਹਿਬ ਨਹੀਂ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ‘ ਹੈ। ਆਸ ਹੈ ਇਸ ਲਿਖਤ ਨੂੰ ਖ਼ਤਰੇ ਦੀ ਘੰਟੀ ਸਮਝਿਆ ਜਾਏਗਾ, ਐਵੇਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾਏਗਾ।

ਨੋਟ - ਇਕ ਹੋਰ ਗੱਲ ਪਾਠਕਾਂ ਦੇ ਧਿਆਨ ਗੋਚਰੀ ਕਰਨ ਵਾਲੀ ਇਹ ਵੀ ਹੈ ਕਿ ਸਭ ਤੋਂ ਪਹਿਲੀ ਸੰਮਤ 1770 ਵਿੱਚ ਹੱਥ ਲਿਖੀ ਦਸਮ ਗ੍ਰੰਥ ਦੀ ਬੀੜ ਵਿੱਚ ‘ਭਗਉਤੀ ਦੀ ਵਾਰ‘ ਥਾਵੇਂ ‘ਵਾਰ ਦੁਰਗਾ ਜੀ ਲਿਖਯਤੇ‘ ਸਿਰਲੇਖ ਹੈ ਅਤੇ ਹੋਰ ਵੀ ਕਈ ਅੰਤਰੇ ਹਲ ਬਲਕਿ ਬਹੁਤ ਥਾਈਂ ਪਾਠਾਂ ਉਤੇ ਹੜਤਾਲ ਵੀ ਫਿਰੀ ਹੋਈ ਹੈ। ਭਾਵੇਂ ਹੋਰ ਵੀ ਕਈ ਥਾਈਂ ਹੜਤਾਲ ਫਿਰੀ ਹੋਈ ਹੈ ਪਰ ਵਾਰ ਦੁਰਗਾ (ਭਗਉਤੀ ਦੀ ਵਾਰ) ਵਿੱਚ ਤਾਂ ਹੜਤਾਲ ਦੀ ਵਰਤੋਂ ਸਭ ਤੋਂ ਵਧੇਰੇ ਕੀਤੀ ਗਈ ਹੈ। ਉਪ੍ਰੋਕਤ ਬੀੜ ਇਸ ਵੇਲੇ ਸਵਰਗਵਾਸੀ ਰਾਜਾ ਗੁਲਾਬ ਸਿੰਘ ਜੀ ਸੇਠੀ, ਕੋਠੀ ਨੰ 47, ਹਨੂਮਾਨ ਰੋਡ, ਨਵੀਂ ਦਿੱਲੀ ਵਿੱਚ ਵੇਖੀ ਜਾ ਸਕਦੀ ਹੈ।