ਚਰਿਤ੍ਰੋ ਪਖਯਾਨ ਦਸ਼ਮੇਸ਼ ਬਾਣੀ ਨਹੀ ( ਗਿਆਨੀ ਭਾਗ ਸਿੰਘ ਅੰਬਾਲਾ ਨਾਲ ਮਸਕੀਨ ਵਲੋਂ ਕੀਤੇ ਧੋਖੇ ਬਾਰੇ )

ਚਰਿਤ੍ਰੋ ਪਖਯਾਨ ਦਸ਼ਮੇਸ਼ ਬਾਣੀ ਨਹੀ

ਸਿੰਘ ਸਾਹਿਬਾਨ ਦਾ ਫ਼ਤਵਾ: ਚੂੰਕਿ ਪੰਥ ਵਿੱਚ ਸਾਰੇ "ਦਸਮ ਗ੍ਰੰਥ" ਨੂੰ ਗੁਰੂ ਜੀ ਦੀ ਕ੍ਰਿਤ ਮੰਨਣ ਅਤੇ ਨ ਮੰਨਣ ਵਾਲੇ, ਦੋ ਵੀਚਾਰਾਂ ਦੇ ਲੋਕ ਹਨ। ਇਸ ਲਈ ਸਮੇਂ ਸਮੇਂ ਐਸੇ ਸ਼ੰਕੇ ਸ਼੍ਰੋ: ਗੁ: ਪ੍ਰਬੰਧਕ ਕਮੇਟੀ,ਅੰਮ੍ਰਿਤਸਰ, ਅਥਵਾ ਉਸ ਵਲੋਂ ਨਿੱਯਤ ਧਾਰਮਿਕ ਸਲਾਹਕਾਰ ਕਮੇਟੀ ਪਾਸ ਸਾਮਾਧਾਨ ਲਈ ਆਉਂਦੇ ਰਹਿੰਦੇ ਹਨ। ਇਕ ਵਾਰ ਮਿਤੀ 6.7.73 ਨੂੰ ਚੰਡੀਗੜ "ਰਾਜ ਕਰੇਗਾ ਖ਼ਾਲਸਾ" ਅਤੇ "ਚਰਿਤ੍ਰੋ ਪਖਯਾਨ" ਵਾਰੇ ਪੁੱਛ ਪੁੱਜੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਾਹਿਬਾਨ ਨੇ ਇਹਨਾਂ ਪੁੱਛਾਂ ਦਾ ਜੋ ਉੱਤਰ ਦਿੱਤਾ, ਉਸ ਦੀ ਨਕਲ ਹੇਠਾਂ ਹਾਜ਼ਰ ਹੈ:-


--------------------------------------------------------------------------------

ੴਵਾਹਿਹੁਰੂ ਜੀ ਕੀ ਫ਼ਤਹ॥
ਦਫ਼ਤਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਨੰ: 36672 3/4-8-73,
ਸ੍ਰ: ਸੰਤੋਖ ਸਿੰਘ
ਕਾਟੇਜ, ਲੋਅਰ ਮਾਲ, ਕਸਾਉਲੀ ( ਹਿ:ਪ੍ਰ )
ਪ੍ਰਯੋਜਨ: ਧਾਰਮਿਕ ਪੁਛ ਸਬੰਧੀ
ਸ੍ਰੀ ਮਾਨ ਜੀ,
ਆਪ ਜੀ ਦੀ ਪੱਤਰਕਾ ਮਿਤੀ 6-7-73 ਦੇ ਸਬੰਧ ਵਿਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:-
1. "ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ। ਇਸ ਫ਼ੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ।
2. "ਚਰਿਤ੍ਰੋ ਪਖਯਾਨ" ਜੋ ਦਸਮ ਗ੍ਰੰਥ ਵਿੱਚ ਹਨ, ਇਹ "ਦਸ਼ਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।
ਸ਼ੁਭ ਚਿੰਤਕ,
ਸਹੀ-ਮੀਤ ਸਕੱਤਰ
( ਗੁਰਬਖ਼ਸ਼ ਸਿੰਘ )
ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ।




--------------------------------------------------------------------------------


ਨੋਟ: ਉਪਰੋਕਤ ਉਤਰ ਦੇਣ ਸਮੇਂ ਗਿਆਨੀ ਸਾਧੂ ਸਿੰਘ ਜੀ ਭੌਰਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਨ, ਗਿਆਨੀ ਚੇਤ ਸਿੰਘ ਜੀ, ਸ੍ਰੀ ਦਰਬਾਰਸਾਹਿਬ ਦੇ ਹੈਡ ਗ੍ਰੰਥੀ ਅਤੇ ਗਿਆਨੀ ਕਿਰਪਾਲ ਸਿੰਘ ਜੀ ਗ੍ਰੰਥੀ ਸਾਹਿਬ।ਗਿਆਨੀ ਭਾਗ ਸਿੰਘ ਵਿਰੁੱਧ ਹੁਕਮਨਾਮਾਂ ਜਾਰੀ ਕਰਨ ਸਮੇਂ ਵੀ ਇਹੀ ਸਿੰਘ ਸਾਹਿਬਾਨ ਸਨ, ਉਸ ਵਾਰੇ ਅਸਲੀਅਤ ਕੀ ਹੈ ਹੇਠਾਂ ਪੜ੍ਹੋ।
ੴ ਸਤਿਗੁਰ ਪ੍ਰਸਾਦਿ॥
ਗਿ: ਭਾਗ ਸਿੰਘ ਵਿਰੁੱਧ "ਹੁਕਮ-ਨਾਮੇ" ਬਾਰੇ ਸੱਚੀ ਸਾਖੀ ( ਭਾਈ ਸਾਹਿਬ ਪ੍ਰਿੰ: ਹਰਿਭਜਨ ਸਿੰਘ )
ਵਿਦਵਾਨ ਬਜ਼ੁਰਗ ਪ੍ਰਚਾਰਕ, ਗਿਆਨੀ ਭਾਗ ਸਿੰਘ "ਅੰਬਾਲਾ" ਨੇ ਪਹਿਲੀ ਵਾਰ ਸੰਨ 1976 ਵਿੱਚ "ਦਸਮ ਗ੍ਰੰਥ-ਨਿਰਣੈ" ਨਾਮ ਦੀ ਪੁਸਤਕ ਲਿਖੀ ਤੇ ਛਾਪੀ, ਜਿਸ ਵਿਚਲੇ ਲੇਖਾਂ ਵਾਰੇ, ਪੰਥ ਦੇ ਵਿਦਵਾਨਾਂ, ਜਿਨ੍ਹਾਂ ਵਿਚ ਭਾਈ ਅਰਦਮਨ ਸਿੰਘ ਬਾਗੜੀਆਂ, ਸ: ਮਨੋਹਰ ਸਿੰਘ ਮਾਰਕੋ, ਸ: ਕਰਤਾਰ ਸਿੰਘ ਬਾੜੀ, ਸ: ਰਤਨ ਸਿੰਘ ਜੱਗੀ ( ਜੋ ਹੁਣ ਇੱਕ ਦਿੱਲੀ ਵਾਲੇ ਸਾਧ ਕੋਲ ਵਿਕ ਚੁੱਕਾ ਹੈ ) ਸ: ਮਾਨ ਸਿੰਘ ਮਾਨਸਰੋਵਰ ਤੇ ਪਿੰ੍ਰ: ਜਗਜੀਤ ਸਿੰਘ ਸਲੂਜਾ ਆਦਿਨਾਮ ਸ਼ਾਮਿਲ ਸਨ ਅਤੇ ਜੋ ਬਿੱਪਰ ਸੰਸਕਾਰਾਂ ਦੇ ਕੱਟੜ ਵਿਰੋਧੀ ਤੇ ਨਿਰੋਲ ਇੱਕ ਅਕਾਲ ਪੁਰਖੀ ਸਨ, ਨੇ ਤਾਂ ਇਸ ਦੀ ਪ੍ਰਸੰਸਾ ਕੀਤੀ; ਪਰ, ਪ੍ਰੰਪਰਾਵਾਦੀਆਂ ਨੇ ਜਜ਼ਬਾਤੀ ਵਿਰੋਧਤਾ। ਆਖਰ, ਅਜੀਬ ਹਾਲਤਾਂ ਵਿੱਚ, 1977 ਈ: ਨੂੰ, ਜਥੇਦਾਰ, "ਸ੍ਰੀ ਅਕਾਲ ਤਖ਼ਤ ਸਾਹਿਬ" ਵਲੋਂ "ਹੁਕਮ-ਨਾਮਾ",
ਮਿਤੀ 5-7-77 ਰਾਹੀਂ ਗਿਆਨੀ ਜੀ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ, ਆਦਿਕ।
ਅੱਜ, ਇਸ ਦੁਰਭਾਗੀ ਘਟਨਾ ਬਾਰੇ, ਪੰਥ ਵਿੱਚ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਆਧਾਰਤ, ਵੱਖ ਵੱਖ ਧਾਰਨਾਵਾਂ ਪ੍ਰਚੱਲਤ ਹਨ। ਇਹ ਲੇਖਕ, ਸੰਬੰਧਤ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਜੋ 1977 ਈ:, ਨੂੰ ਹੋਈ, ਵਿੱਚ ਸ਼ਾਮਿਲ ਹੋਣ ਕਰਕੇ, ਇਸ ਘਟਨਾ ਬਾਰੇ ਹੋਈ ਕਾਰਵਾਈ ਨੂੰ , ਪੂਰੀ ਪੂਰੀਈਮਾਨਦਾਰੀ ਤੇ ਸਚਾਈ ਨਾਲ "ਸਾਚੀ ਸਾਖੀ" ਵਜੋਂ ਕਲਮ-ਬੰਦ ਕਰਨਾ, ਯੋਗ ਤੇ ਲਾਭਦਾਇਕ ਸਮਝਦਾ ਹੈ। ਸੋ, ਸਹੀ ਜਾਣਕਾਰੀ ਇਸ ਪ੍ਰਕਾਰ ਹੈ:-
ਜਾਣਕਾਰੀ:- ਸੰਬੰਧਤ ਪੁਸਤਕ ਛਪਣ ਉਪ੍ਰੰਤ, ਆਮ ਸਿੱਖ ਸੰਗਤਾਂ ਵਿਚ, ਇਸ ਵਿਰੁੱਧ ਉੱਠੀ ਆਵਾਜ਼ ਨੂੰ ਮੁੱਖ ਰੱਖ ਕੇ, ਸ਼੍ਰੋ: ਗੁ: ਪ੍ਰ: ਕਮੇਟੀ ਨੇ ਇਨ੍ਹਾਂ ਮੈਂਬਰਾਂ ਦੇ ਆਧਾਰਤ, ਧਾਰਮਿਕ ਸਲਾਹਕਾਰਾਂ ਦੀ ਇਕੱਤਰਤਾ ਬੁਲਾਈ:-
1. ਗਿਆਨੀ ਸਾਧੂ ਸਿੰਘ ਭੌਰਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ।
2. ਗਿਆਨੀ ਗੁਰਦਿਆਲ ਸਿੰਘ ਅਜਨੋਹਾ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ।
3. ਗਿਆਨੀ ਚੇਤ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ।
4. ਗਿਆਨੀ ਕਿਰਪਾਲ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ।
5. ਸ੍ਰ: ਗੁਰਬਖ਼ਸ਼ ਸਿੰਘ, ਮੀਤ ਸਕੱਤਰ ਸ਼੍ਰੋ: ਗੁ: ਪ੍ਰ: ਕਮੇਟੀ ।
6. ਪ੍ਰਿੰ: ਸਤਿਬੀਰ ਸਿੰਘ, ਮੈਂਬਰ ਧਰਮ ਪਰਚਾਰ ਕਮੇਟੀ ।
7. ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ, ਇਤਿਹਾਸਕਾਰ ਸ਼੍ਰੋ: ਗੁ: ਪ੍ਰ: ਕਮੇਟੀ ।
8. ਸ੍ਰ: ਸਰਮੁਖ ਸਿੰਘ ਚਮਕ ।
9. ਪ੍ਰੋ: ਪ੍ਰਕਾਸ਼ ਸਿੰਘ, ਖਾਲਸਾ ਕਾਲਜ਼ ਸ੍ਰੀ ਅੰਮ੍ਰਿਤਸਰ ।
10. ਡਾ: ਮਾਨ ਸਿੰਘ ਨਿਰੰਕਾਰੀ
11. ਲੇਖਕ, ( ਦਾਸ ਪ੍ਰਿੰ: ਹਰਿਭਜਨ ਸਿੰਘ )
ਨੋਟ:- ਉਪ੍ਰੋਕਤ ਮੈਂਬਰਾਂ ਤੋਂ ਬਿਨਾਂ, ਪੰਜ ਕੁ ਮੈਂਬਰ ਹੋਰ ਸਨ, ਜਿਨ੍ਹਾਂ ਦੇ ਨਾਮ ਮੈਨੂੰ ਵਿਸਰ ਗਏ ਹਨ। ਹਾਂ, "ਸ੍ਰੀ ਦਰਬਾਰ ਸਾਹਿਬ" ਦੇ ਬਾਕੀ ਤਿੰਨੇ ਗ੍ਰੰਥੀ
ਸਾਹਿਬਾਨ, ਅਵੱਸ਼ ਇਸ ਇਕੱਤਰਤਾ ਵਿੱਚ ਸ਼ਾਮਲ ਸਨ।
ਕਾਰਵਾਈ:-
1. ਇਹ ਇਕੱਤਰਤਾ "ਸ੍ਰੀ ਗੁਰੂ ਨਾਨਕ ਨਿਵਾਸ" ਦੇ ਮੀਟਿੰਗ ਹਾਲ ਵਿੱਚ, ਜਥੇਦਾਰ "ਸ੍ਰੀ ਅਕਾਲ ਤਖ਼ਤ" ਦੀ ਪ੍ਰਧਾਨਗੀ ਹੇਠ ਆਰੰਭ ਹੋਈ। ਇਕੱਤਰਤਾ ਵਿਚ, ਦੋ ਤਿੰਨ ਮੈਂਬਰ ਜਿਹਾ ਕਿ ਜਥੇਦਾਰ ਅਜਨੋਹਾ, ਵੱਡੇ ਜੋਸ਼ ਤੇ ਕ੍ਰੋਧ ਗ੍ਰਸਤ ਸਨ। ਉਹ ਵਾਰੀ ਵਾਰੀ, ਗਿ: ਜੀ ਵਿਰੁੱਧ ਤੁਰੰਤ ਫ਼ਤਵਾ ਦਿੱਤੇ ਜਾਣ ਵਾਲੇ ਜਜ਼ਬਾਤ ਦਾ ਪ੍ਰਗਟਾ ਕਰ ਰਹੇ ਸਨ। ਜਦ ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ, ਜਿਨ੍ਹਾਂ ਨੇ "ਦਸਮ ਗ੍ਰੰਥ ਬਾਰੇ" ਨਾਮ ਦੀ ਪੁਸਤਕ ਵੀ ਲਿਖੀ ਸੀ, ਜਿਸ ਵਿੱਚ, "ਦਸਮ ਗ੍ਰੰਥ" ਵਿਚਲੀਆਂ ਬਹੁਤੀਆਂ ਰਚਨਾਵਾਂ, "ਸ੍ਰੀ ਦਸ਼ਮੇਸ਼ ਜੀ" ਕ੍ਰਿਤ ਨਹੀਂ ਮੰਨੀਆਂ ਸਨ, ਆਪਣੇ ਵੀਚਾਰ ਦੱਸਣ ਲਈ ਕੁੱਝ ਕਹਿਣ ਲੱਗੇ, ਤਾਂ, ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਬੁਰੀ ਤਰਾਂ ਝਾੜਿਆ, ਅਤੇ ਉਹ ਉੱਥੇ ਹੀ ਸਹਿਮ ਕੇ ਬੈਠ ਗਏ। ਇਹ ਝਾੜ ਏਨੀ ਗੰਭੀਰ ਸੀ ਕਿ ਫੇਰ "ਅਸ਼ੋਕ" ਜੀ ਨੇ ਸਾਰੀ ਇਕੱਤਰਤਾ ਵਿੱਚ ਜ਼ਰਾ ਵੀ, ਚੂੰ ਚਾਂ ਨਹੀਂ ਕੀਤੀ, ਖਾਮੋਸ਼ ਬੈਠੇ ਰਹੇ।ਇਹ ਲੇਖਕ ( ਦਾਸ ਹਰਿਭਜਨ ਸਿੰਘ ) ਲੱਗ-ਭੱਗ 45 ਕੁ ਮਿੰਟ, ਪੂਰਨ ਖਾਮੋਸ਼ੀ ਧਾਰੀ, ਵੇਖਦਾ ਸੁਣਦਾ ਰਿਹਾ।
2. ਆਖਰ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਮੈਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ, "ਬਾਬਾ ਜੀ, ਹੁਣ ਕੁਝ ਬੋਲੋ ਵੀ।" ਮੈਂ ਅੱਗੋਂ ਬੜੀ ਗੰਭੀਰਤਾ ਨਾਲ ਬੇਨਤੀ ਕੀਤੀ ਕਿ ਮੈਂ ਹੈਰਾਨ ਹਾਂ ਕਿ ਕੀ ਇਹ ਇਕੱਤਰਤਾ ਉੱਚੀਆਂ ਪਦਵੀਆਂ ਦੇ ਅਧਿਕਾਰੀਆਂ ਤੇ ਪੰਥ ਦੇ ਚੁਣੇ ਵਿਦਵਾਨਾਂ ਦੀ ਹੈ? ਅਸੀਂ ਇੱਕ ਬਜ਼ੁਰਗ ਧਾਰਮਿਕ ਵਿਆਕਤੀ ਨੂੰ, ਬਿਨਾਂ ਉਸ ਦਾ ਪੱਖ ਸੁਣੇ ਦੇ, "ਫਾਹੇ" ਲਾਉਣ ਲਈ ਬੜੇ ਉਤਾਵਲੇ ਹਾਂ।
3. ਮੇਰੀ ਸਨਿਮਰ ਪੁੱਛ ਹੈ ਕਿ ਇਸ ਇਕੱਤਰਤਾ ਵਿੱਚ ਹਾਜ਼ਰ ਸਤਿਕਾਰਤ ਵਿਆਕਤੀਆਂ ਚੋਂ, ਕੀ ਕਿਸੇ ਨੇ ਸਾਰੇ "ਦਸਮ ਗ੍ਰੰਥ" ਨੂੰ ਪੜਚੋਲੀਆ ਨਜ਼ਰ ਨਾਲ ਘੋਖ ਕੇ ਵਾਚਿਆ ਵੀ ਹੈ ? ਸਭ ਖਾਮੋਸ਼ ਸਨ।
4. ਕੀ "ਦਸਮ ਗ੍ਰੰਥ" ਦੀ ਪ੍ਰਮਾਣੀਕਤਾ ਦਾ ਮਸਲਾ ਉਨਾਂ ਹੀ ਪੁਰਾਣਾਂ ਨਹੀਂ, ਜਿੰਨਾਂ ਪੁਰਾਣਾਂ ਇਹ ਗ੍ਰੰਥ ਹੈ ?
5. ਕੀ ਜੂਨ 1973 ਨੂੰ, ਜਥੇਦਾਰ, ਸ੍ਰੀ ਅਕਾਲ ਤਖ਼ਤ ਤੇ ਪੰਜਾਂ ਗ੍ਰੰਥੀ ਸਿੰਘ ਸਾਹਿਬਾਨ ਨੇ ਭਾਈ ਸੰਤੋਖ ਸਿੰਘ, ਚੰਡੀਗੜ ਦੀ ਪੁੱਛ ਦੇ ਉੱਤਰ ਵਿੱਚ, ਮੀਤ ਸਕੱਤਰ, ਸ੍ਰ: ਗੁਰਬਖ਼ਸ਼ ਸਿੰਘ ਰਾਹੀਂ, ਇਹ ਉੱਤਰ ਨਹੀਂ ਸੀ ਦਿੱਤਾ ਕਿ "ਚਰਿਤ੍ਰੋ ਪਖਿਆਨ" ਸ੍ਰੀ ਦਸ਼ਮੇਸ਼ ਜੀ ਦੀ ਰਚਨਾਂ ਨਹੀ, ਕਿਸੇ ਹਿੰਦੂ ਮਿਥਿਹਾਸਕ ਰਚਨਾ ਦਾ ਉਤਾਰਾ ਹੈ ?ਫੇਰ ਮੇਰੀ ਪੁੱਛ ਸੀ ਕਿ ਐਸੀ ਪੁਜੀਸ਼ਨ ਵਿੱਚ ਕੀ ਇਹ ਹਕੀਕਤ ਸੂਰਜ-ਵੱਤ ਰੋਸ਼ਨ ਨਹੀਂ ਕਿ ਸਾਰਾ "ਦਸਮ ਗ੍ਰੰਥ" ਸ੍ਰੀ ਦਸਵੇਂ ਪਾਤਸ਼ਾਹ ਜੀ ਦੀ ਲਿਖਤ ਰਚਨਾਂ ਨਹੀਂ ? ਮੈਂ ਸਨਿਮਰ ਇਹ ਵੀ ਕਿਹਾ ਕਿ ਮੈਂ ਇਸ ਸਟੇਜ ਉੱਤੇ, ਗਿ: ਭਾਗ ਸਿੰਘ ਵਿਰੁੱਧ ਲਏ ਕਿਸੇ ਫੈਸਲੇ ਨਾਲ ਸਹਿਮਤ ਨਹੀਂ, ਸੋ, ਮੇਰੀ ਅਸੰਮਤੀ ਨੋਟ ਕਰਕੇ ਆਪ ਕੋਈ ਵੀ ਫੈਸਲਾ ਲੈ ਸਕਦੇ ਹੋ। ਪ੍ਰੰਤੂ, ਐਸਾ ਕਰਨੋਂ ਉਨ੍ਹਾਂ ਇਨਕਾਰ ਕੀਤਾ ਅਤੇ ਮੈਨੂੰ ਹੀ ਆਦੇਸ਼ ਦਿੱਤਾ ਕਿ ਪ੍ਰਿ: ਸਤਿਬੀਰ ਸਿੰਘ ਨਾਲ ਰਲ ਕੇ ਯੋਗ ਮਤਾ ਤਿਆਰ ਕਰਾਂ।
ਮਤਾ:- (ੳ) ਅੱਜ ਇੱਥੇ ਜੁੜੀ ਧਾਰਮਿਕ ਸਲਾਹਕਾਰ ਕਮੇਟੀ ਦਾ ਫੈਸਲਾ ਹੈ ਕਿ ਗਿਆਨੀ ਭਾਗ ਸਿੰਘ ਨੂੰ ਚਾਹੀਦਾ ਸੀ ਕਿ ਕੁੱਝ ਪੰਥ ਪ੍ਰਵਾਣਤ ਫੈਸਲਿਆਂ ਵਾਰੇ ਕੱਤਈ, ਦੋ ਟੁੱਕ ਆਪਣਾ ਮੱਤ ਪ੍ਰਗਟ ਕਰਨ ਦੀ ਥਾਂ, ਆਪਣਾ ਪੱਖ, ਪੰਥ ਦੇ ਰੂਬਰੂ ਰੱਖਦੇ, ਅਤੇ ਅੰਤਮ ਫੈਸਲਾ ਸਮੁੱਚੇ ਪੰਥ ਉੱਤੇ ਛੱਡ ਦਿੰਦੇ ਇਤਿਆਦਿਕ।
(ਅ) ਇਹ ਕਮੇਟੀ ਵੱਡੀ ਨਿਮਰਤਾ ਤੇ ਜ਼ੋਰ ਨਾਲ, ਸ਼੍ਰੋ: ਗੁ: ਪ੍ਰ: ਕਮੇਟੀ ਦੀ ਸੇਵਾ ਵਿੱਚ ਇਹ ਬਿਨੈ ਵੀ ਕਰਦੀ ਹੈ ਕਿ ਕਿਉਂਕਿ ਸਮਾਂ ਗੁਜ਼ਰਨ ਨਾਲ ਇਹ ਕੰਮ ਚੂੰਕਿ ਹੋਰ ਕਠਨ ਹੁੰਦਾ ਜਾ ਰਿਹਾ ਹੈ, ਇਸ ਲਈ, ਉਹ ਪਹਿਲੀ ਫੁਰਸਤ ਵਿੱਚ ਪੰਥ ਦੇ ਚੋਟੀ ਦੇ ਵਿਦਵਾਨਾਂ ਦੀ ਸਬ-ਕਮੇਟੀ ਬਣਾਵੇ, ਜੋ ਪੂਰੀ ਪੂਰੀ ਘੋਖ ਤੇ ਦੂਰ ਅੰਦੇਸ਼ੀ ਨਾਲ, ਗੁਰਬਾਣੀ ਤੇ ਗੁਰਮਤਿ ਦੀ ਰੋਸ਼ਨੀ ਵਿੱਚ, ਇਹ ਨਿਰਣਾ ਦੇਵੇ ਕਿ "ਦਸਮ ਗ੍ਰੰਥ" ਦੀਆਂ ਕਿਹੜੀਆਂ ਕਿਹੜੀਆਂ ਰਚਨਾਵਾਂ "ਸ਼੍ਰੀ ਗੁਰੂ ਗ੍ਰੰਥ ਸਾਹਿਬ" ਤੇ ਸਤਿਗੁਰੂਆਂ ਦੇ ਆਸ਼ੇ ਅਨੁਕੂਲ ਹਨ, ਅਤੇ ਕਿਹੜੀਆਂ "ਬਿਪਰ-ਸੰਸਕਾਰੀ" ਰੀਤਾਂ, ਰਸਮਾਂ ਤੇ ਮਨਮੱਤ ਦੀਆਂ ਮਨੌਤਾਂ ਨਾਲ ਭਰਪੂਰ ?
ਪ੍ਰਵਾਨਗੀ:- ਆਖਰ ਇਹ ਮਤਾ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ, ਅਤੇ ਗਿ: ਭਾਗ ਸਿੰਘ ਨੂੰ, ਕੋਈ ਦੰਡ ਦੇਣਾ ਯੋਗ ਨ ਜਾਤਾ। ਧਾਰਮਿਕ ਸਲਾਹਕਾਰ ਕਮੇਟੀ ਵਿਚ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ ਮਤਾ ਅਗਲੀ ਕਾਰਵਾਈ ਲਈ ਸ਼੍ਰੋ: ਗੁ: ਪ੍ਰ: ਕਮੇਟੀ ਨੂੰ ਭੇਜ ਦਿੱਤਾ ਗਿਆ।
ਫੇਰ ਗਿਆਨੀ ਭਾਗ ਸਿੰਘ ਵਿਰੁੱਧ ਹੁਕਮ-ਨਾਮਾਂ ਕਿਉਂ ਤੇ ਕਿਵੇਂ ?
ਧਾਰਮਿਕ ਸਲਾਹਕਾਰ ਕਮੇਟੀ ਦੇ ਉਪਰੋਕਤ ਸਰਬ-ਸੰਮਤੀ ਫੈਸਲੇ ਉਪ੍ਰੰਤ, ਕਮੇਟੀ ਦੇ ਕਿਸੇ ਵਿਆਕਤੀ ਨੂੰ ਹੱਕ ਨਹੀਂ ਪਹੁੰਚਦਾ ਸੀ ਕਿ ਉਹ ਆਪਣੀ ਹੀ ਹਾਜ਼ਰੀ ਵਿੱਚ ਹੋਏ ਫੈਸਲੇ ਦੀ ਕਿਸੇ ਤਰ੍ਹਾਂ ਮਿੱਟੀ ਪਲੀਤ ਕਰੇ। ਜਥੇਦਾਰ "ਸ੍ਰੀ ਅਕਾਲ ਤਖ਼ਤ ਸਾਹਿਬ" ਜੇ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੇ ਸਰਬ-ਸੰਮਤ ਫੈਸਲੇ ਵਿੱਚ ਆਪ ਸ਼ਾਮਲ ਨ ਹੁੰਦੇ ਤਾਂ ਗੱਲ ਹੋਰ ਸੀ, ਹਾਂ ਜੇ ਉਨ੍ਹਾਂ ਦਾ ਆਪਣੇ ਹੀ ਸਾਂਝੇ ਤੇ ਸਰਬ-ਸੰਮਤ ਫੈਸਲੇ ਬਾਰੇ ਮਨ ਬਦਲ ਗਿਆ ਸੀ, ਤਾਂ ਉਹ ਫੇਰ ਧਾਰਮਿਕ ਸਲਾਹਕਾਰਾਂ ਦੀ ਇਕੱਤਰਤਾ ਸੱਦਦੇ, ਅਤੇ ਸਰਬ-ਸੰਮਤੀ ਨਾਲ ਹੋਇਆ ਫੈਸਲਾ ਬਦਲਵਾ ਲੈਂਦੇ, ਪਰ, ਮੈਂਬਰ ਸਾਹਿਬਾਨ ਵਿਰੁੱਧ, ਐਸਾ ਹੱਤਕ ਤਾਨਾਸ਼ਾਹੀ ਫੈਸਲਾ ਨ ਕਰਦੇ।
ਪਿਛੋਕੜ:- ਇਸ ਸਾਰੀ ਘਟਨਾ ਦਾ ਪਿਛੋਕੜ ਜੋ ਬਾਅਦ ਵਿੱਚ ਗਿਆਨੀ ਭਾਗ ਸਿੰਘ ਤੇ ਉਨ੍ਹਾਂ ਦੇ ਨਿਕਟ ਵਰਤੀਆਂ ਪਾਸੋਂ ਸੁਣਨ ਵਿੱਚ ਆਇਆ, ਉਹ ਸੰਖੇਪ ਵਿੱਚ ਇਸ ਪ੍ਰਕਾਰ ਸੀ:-
ਗਿਆਨੀ ਭਾਗ ਸਿੰਘ ਜੀ ਤੇ ਗਿਆਨੀ ਸੰਤ ਸਿੰਘ ਮਸਕੀਨ ਦੀ ਇੰਦੌਰ ਵਿਖੇ ਕਿਸੇ ਸਮਾਗਮ ਸਮੇਂ, ਮੁੱਠ ਭੇੜ ਹੋ ਗਈ, ਜਿਸ ਵਿੱਚ ਭਾਗ ਸਿੰਘ ਦਾ ਹੱਥ ਉੱਤੇ ਰਿਹਾ। ਮਸਕੀਨ ਜੀ ਨੇ ਇਸ ਦੀ ਸਿ਼ਕਾਇਤ, ਆਪਣੇ ਹਿਤੂ ਤੇ ਵੱਡੇ ਨਿਕਟਵਰਤੀ, ਗਿਆਨੀ ਚੇਤ ਸਿੰਘ ਹੈਡ ਗ੍ਰੰਥੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ" ਨੂੰ ਕੀਤੀ, ਜਿਨ੍ਹਾਂ ਦੀ ਗਿਆਨੀ ਸਾਧੂ ਸਿੰਘ ਭੌਰਾ, "ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ" ਨਾਲ ਡਾਢੀ ਸਮੀਪਤਾ ਸੀ। ਸੋ ਇਨ੍ਹਾਂ ਦੋਹਾਂ ਸਾਥੀਆਂ ਨੇ ਜਥੇਦਾਰ ਭੌਰਾ ਉੱਤੇ ਦਬਾਅ ਪਾਇਆ ਕਿ ਉਹ ਗਿਆਨੀ ਭਾਗ ਸਿੰਘ ਵਿਰੁੱਧ "ਹੁਕਮ-ਨਾਮਾ" ਜਾਰੀ ਕਰਨ। ਇਉਂ ਇਹ ਭਾਣਾ ਵਰਤਿਆ।
ਗਿਆਨੀ ਭਾਗ ਸਿੰਘ ਦੀ ਅੰਤਲੀ ਜਾਨ-ਲੇਵਾ ਬੀਮਾਰੀ ਸਮੇਂ, ਮੈਂ ਉਨ੍ਹਾਂ ਦੀ (ਸੈਕਟਰ 37) ਸੁੱਖ-ਸਾਂਦ ਪੁੱਛਣ ਗਿਆ, ਤਾਂ ਉਨ੍ਹਾਂ ਪਾਸੋਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ "ਮਸਕੀਨ" ਜੀ ਨੇ ਕਿਵੇ ਪਲੋਸ-ਪਲਾਸ ਕੇ, ਗਿਆਨੀ ਹੋਰਾਂ ਪਾਸੋਂ ਪੁਸਤਕ ਲਿਖੇ ਜਾਣ ਦੀ ਲਿਖਤੀ ਮਾਫੀ ਮੰਗਵਾਈ ਹੈ। ਮੈਂ ਗਿਆਨੀ ਜੀ ਨੂੰ ਸਖਤ ਪ੍ਰੇਸ਼ਾਨੀ ਤੇ ਬੇ-ਬਸੀ ਵਿੱਚ ਵੇਖਿਆ। ਉਹ "ਮਾਫੀ" ਦੇ ਮਸਕੀਨ ਜੀ ਨੂੰ ਲਿਖਕੇ ਦਿੱਤੇ ਚੰਦ ਅੱਖਰਾਂ ਉੱਤੇ ਪਛਤਾ ਰਹੇ ਸਨ, ਅਤੇ ਕਿਸੇ ਨੂੰ ਕੁੱਝ ਲਿਖਾਉਣਾ ਚਾਹੁੰਦੇ ਸਨ। ਮੈਂ ਇਸ ਸੇਵਾ ਲਈ ਆਪਣੇ ਆਪ ਨੂੰ ਪੇਸ਼ ਕੀਤਾ, ਅਤੇ ਇਕਰਾਰ ਅਨੁਸਾਰ, ਦੂਜੇ ਦਿਨ ਸਵੇਰੇ ਉਨ੍ਹਾਂ ਪਾਸ ਪੁੱਜ ਗਿਆ, ਪਰ ਅਫਸੋਸ, ਉਹ ਉਦੋਂ ਤੱਕ, ਇੰਨੇ ਬੇ-ਸੁਰਤ ਹੋ ਚੁੱਕੇ ਸਨ ਕਿ ਇੱਕ ਅੱਖਰ ਵੀ ਮੈਨੂੰ ਨਾ ਲਿਖਾ ਸਕੇ। ਦੂਜੇ ਦਿਨ, ਉਨ੍ਹਾਂ ਦੀ ਚੇਤਨ ਸੱਤਾ ਸਦਾ ਲਈ ਉਡਾਰੀ ਮਾਰ ਗਈ।
ਸੋ, ਇਹ ਹੈ ਸੰਖੇਪ ਵਿੱਚ ਗਿਆਨੀ ਭਾਗ ਸਿੰਘ ਜੀ ਜਿਹੇ ਵੱਡੇ ਜਬ੍ਹੇ ਵਾਲੇ ਵਿਦਵਾਨ, ਗੁਰਸਿੱਖ, ਪ੍ਰਚਾਰਕ ਨਾਲ ਪ੍ਰੇਸ਼ਾਨ-ਭਰਪੂਰ ਵਰਤੇ ਦੁਖਾਂਤ ਦੀ "ਸੱਚੀ ਸਾਖੀ"।


--------------------------------------------------------------------------------

ਵੱਲੋਂ:- ਗਿਆਨੀ ਸੁਰਜੀਤ ਸਿੰਘ ਸਿੱਖ ਮਿਸ਼ਨਰੀ
ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿੱ: ਸਿ: ਗੁ: ਪ੍ਰ: ਕਮੇਟੀ
ਫਾਉਂਡਰ ਅਤੇ ਪ੍ਰਚਾਰਕ, ਸਿੱਖ ਮਿਸ਼ਨਰੀ ਕਾਲਜ (ਰਜਿ.)
ਗੁਰਮਤਿ ਲੈਕਚਰਾਰ, ਕਥਾਵਾਚਕ ਅਤੇ ਲੇਖਕ
ਮੈਂਬਰ- ਵਿਸ਼ਵ ਸਿੱਖ ਕਾਉਂਸਿਲ, ਸ੍ਰੀ ਅਕਾਲ ਤਖ਼ਤ ਸਾਹਿਬ
ਪ੍ਰਿੰਸੀਪਲ- ਗੁਰਮਤਿ ਐਜੂਕੇਸ਼ਨ ਸੈਂਟਰ, ਦਿੱਲੀ।
ਮਿਤੀ: 6/12/97
ਸਤਿਕਾਰ ਯੋਗ ਪ੍ਰਿ: ਹਰਿਭਜਨ ਸਿੰਘ ਜੀਉ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।
ਆਪ ਜੀ ਦਾ ਪੱਤਰ ਪ੍ਰਾਪਤ ਹੋ ਗਿਆ ਸੀ ਅਤੇ ਆਪ ਜੀ ਦੇ ਤਿੰਨ ਲੇਖ ਵੀ ਨਾਲ ਨੱਥੀ ਸਨ। ਸਭ ਤੋਂ ਕੀਮਤੀ ਚੀਜ ਜੋ ਇਸ ਪੱਤਰ ਨਾਲ ਦਾਸ ਨੂੰ ਪ੍ਰਾਪਤ ਹੋਈ ਹੈ, "ਹੁਕਮ-ਨਾਵੇ" ਪਰੋਖੇ, ਜੋ ਵੇਰਵਾ ਆਪ ਜੀ ਨੇ ਲਿਖਿਆ ਹੈ। ਕੁਝ ਬੇਨਤੀਆਂ ਇਸ ਪ੍ਰਕਾਰ ਹਨ:-
ਗਿਆਨੀ ਭਾਗ ਸਿੰਘ ਜੀ ਵਾਰੇ ਆਪ ਜੀ ਨੇ ਲਿਖਿਆ ਹੈ ਕਿ "ਉਹ ਕੁੱਝ ਵੇਰਵਾ" ਦੇਣਾ ਚਾਹੁੰਦੇ ਸਨ। ਪਰ, ਉਸ ਤੋਂ ਪਹਿਲਾਂ ਗੁਰਪੁਰ ਵਾਸੀ ਹੋ ਗਏ। ਸੰਖੇਪ ਵਿੱਚ ਉਹ ਵੇਰਵਾ ਇਸ ਪ੍ਰਕਾਰ ਹੈ:-
ਦਿੱਲੀ ਵਿੱਚ ਸ੍ਰ: ਮਿਲਾਪ ਸਿੰਘ ਜੀ ਦੇ ਉੱਦਮ ਨਾਲ, ਭਾਈ ਅਮਰ ਸਿੰਘ ਜੀ ਅਲੀਗੜ, ਵਾਲਿਆਂ ਨਾਲ ਇਹ ਫੈਸਲਾ ਹੋਇਆ ਕਿ ਉਹ ਜਥੇਦਾਰ ਸਾਧੂ ਸਿੰਘ ਭੌਰਾ ਨਾਲ ਮਿਲਕੇ, ਇਹ ਹੁਕਮ-ਨਾਵਾਂ ਜੋ ਮੂਲੋਂ ਗਲਤ ਹੈ, ਵਾਪਸ ਕਰਵਾ ਲੈਣਗੇ। (ਧਿਆਨ ਰਹੇ ਭਾਈ ਅਮਰ ਸਿੰਘ ਜੀ ਦੀ ਦਿੱਲੀ ਵਿੱਚ ਟਰਾਂਸਪੋਰਟ ਹੈ) ਇਸ ਵਕਤ ਉਹਨਾਂ ਨਾਲ, ਦਾਸ ਦਾ ਵੀ ਵਿਚਾਰ ਵਟਾਂਦਰਾ ਹੋਇਆ। ਉਹਨਾਂ ਦੇ ਲਫ਼ਜਾਂ ਵਿੱਚ "ਮੈਨੂੰ ਸਾਰੀ ਗੱਲ ਸਮਝ ਆ ਗਈ ਹੈ" ਭੌਰਾ ਜੀ ਤਾਂ ਸਾਡੇ ਹੀ ਉੱਥੇ ਗ੍ਰੰਥੀ ਹੁੰਦਾ ਸੀ, ਮੈਂ ਉਸ ਨਾਲ ਸਾਰੀ ਗੱਲ ਵੀ ਕਰ ਲਈ ਹੈ। ਬੱਸ ਗਿਆਨੀ ਜੀ ਨਾਲ ਚੱਲਣਗੇ, ਉਹ (ਭੌਰਾ ਸਾਹਿਬ) ਆਪਣੀ ਗਲਤੀ ਨੂੰ ਮਹਿਸੂਸ ਕਰਦਾ ਹੈ। ਦਾਸ ਤੇ ਸ੍ਰ: ਮਿਲਾਪ ਸਿੰਘ ਜੀ ਨੇ, ਗਿਆਨੀ ਜੀ ਨਾਲ "ਅਕਾਲ ਤਖ਼ਤ ਸਾਹਿਬ" ਜਾਣਾ ਸੀ, ਇਸ ਦੀ ਭਿਣਕ "ਮਸਕੀਨ ਸਾਹਿਬ" ਨੂੰ ਪੈ ਗਈ। ਉਨ੍ਹਾਂ ਵਲੋਂ, ਫਟਾਫਟ ਗਿਆਨੀ ਜੀ ਨੂੰ, ਇੱਕ ਚਿੱਠੀ ਪੁੱਜੀ ਕਿ ਮੈਂ ਫਲਾਣੀ ਤਾਰੀਖ ਨੂੰ ਦਿੱਲੀ ਸਟੇਸ਼ਨ ਤੇ ਤੁਹਾਨੂੰ ਮਿਲਾਂਗਾ, ਤੁਹਾਡੀ ਵੀ ਮੈਂ ਟਿਕਟ ਲੈ ਰੱਖੀ ਹੈ, ਤੁਸੀਂ ਮੇਰੇ ਨਾਲ ਸ੍ਰੀ ਅੰਮ੍ਰਿਤਸਰ ਚੱਲਣਾ, ਕੰਮ ਮੁਕਾ ਲਵਾਂਗੇ। ਉਸ ਵਕਤ ਗਿਆਨੀ ਜੀ, ਸ਼ਾਇਦ ਉੱਕ ਗਏ ਜਾਂ ਸਾਡੇ ਨਾਲ ਮੇਲ ਨ ਬਣ ਸਕਿਆ। ਉਹ, ਮਸਕੀਨ ਸਾਹਿਬ ਦੀ ਨਵੀਂ ਚਾਲ ਦਾ ਸਿ਼ਕਾਰ ਹੋ ਗਏ। ਸ਼ਟੇਸ਼ਨ ਤੇ ਚਲੇ ਗਏ ਅਤੇ ਮਸਕੀਨ ਸਾਹਿਬ ਨਾਲ ਸ੍ਰੀ ਅੰਮ੍ਰਿਤਸਰ ਪਹੁੰਚ ਗਏ। ਜਿਸ ਵਕਤ, ਸਾਨੂੰ ਰਾਤੀਂ ਪਤਾ ਲੱਗਾ ਤਾਂ ਸਾਨੂੰ ਫਿਕਰ ਸੀ, ਬਲਕਿ ਘਬਰਾਹਟ ਸੀ ਕਿ ਮਸਕੀਨ ਸਾਹਿਬ ਦੀ ਇਸ ਵਿੱਚ ਸ਼ਾਇਦ ਕੋਈ ਚਾਲ ਨ ਹੋਵੇ, ਆਖਿਰ ਇਹੀ ਹੋਇਆ।ਗਿਆਨੀ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਿਸ ਪੁੱਜੇ ਤਾਂ ਸਿੱਧੇ ਲਾਜਪਤ ਨਗਰ, ਦਿੱਲੀ ਵਿਖੇ, ਸ੍ਰ: ਨਰਿੰਦਰਜੀਤ ਸਿੰਘ ਦੇ ਘਰ ਗਏ। ਦਾਸ ਨੂੰ ਵੀ ਫੂਨ ਕਰਕੇ ਬੁਲਾਇਆ ਗਿਆ। ਤਦ, ਇਸ ਵਡੇਰੀ ਉਮਰ ਵਿੱਚ ਗਿਆਨੀ ਜੀ ਦੀਆਂ ਅੱਖਾਂ ਵਿੱਚ ਅੱਥਰੂ ਸਨ, ਕਹਿਣ ਲੱਗੇ, ਮਸਕੀਨ ਜੀ ਨੇ ਮੇਰੇ ਨਾਲ ਧੋਖਾ ਕੀਤਾ ਹੈ, ਹੁਣ ਰਾਜੌਰੀ ਗਾਰਡਨ, ਉਹ ਮੇਰੀ ਇੰਤਜਾਰ ਕਰ ਰਿਹਾ ਹੈ, ਕਹਿੰਦਾ ਹੈ, ਮੇਰੇ ਨਾਲ ਅਲਵਰ ਦੇ ਸਮਾਗਮ ਤੇ ਚੱਲੋ। ਉੱਥੇ, ਸੰਗਤਾਂ ਦੇ ਵੱਡੇ ਇਕੱਠ ਵਿੱਚ ਤੁਹਾਡੇ ਕੋਲੋਂ ਕਥਾ ਕਰਵਾਵਾਂਗੇ। ਗਿਆਨੀ ਜੀ ਦਿਆਂ ਲਫਜਾਂ ਵਿੱਚ, ਸ੍ਰੀ ਅੰਮ੍ਰਿਤਸਰ ਜਾਂਦਿਆਂ, ਭੌਰਾ ਜੀ ਪਹਿਲਾਂ ਤੋਂ ਤਿਆਰ ਬੈਠਾ ਸੀ। ਇੱਕ ਪੈਡ ਤੇ ਕੁੱਝ ਟਾਈਪ ਹੋਇਆ ਸੀ। ਮੈਂ ਪੜ੍ਹਨ ਲੱਗਾ ਤਾਂ ਮੇਰੇ ਹੱਥੋਂ ਮੇਰੀ ਐਨਕ ਥੱਲੇ ਡਿੱਗ ਪਈ। ਅਸੀਂ ਸਾਰੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸੀ। (ਚੇਤੇ ਰਹੇ, ਇਤਨੀ ਵਡੇਰੀ ਉਮਰ ਵਿੱਚ ਗਿਆਨੀ ਜੀ ਦੇ ਹੱਥ ਕੰਬਦੇ ਸਨ, ਜਿਸ ਕਰਕੇ ਉਹਨਾਂ ਦੇ ਹੱਥਾਂ ਵਿੱਚੋਂ ਐਨਕ ਡਿੱਗੀ, ਨਜ਼ਰ ਵੀ ਕਮਜ਼ੋਰ ਪੈ ਚੁੱਕੀ ਸੀ), ਭੌਰਾ ਸਾਹਿਬ ਤੇ ਮਸਕੀਨ ਜੀ ਦੋਵੇਂ ਕਹਿਣ ਲੱਗੇ, ਗਿਆਨੀ ਜੀ ਛੱਡੋ ਐਨਕ, ਤੁਹਾਨੂੰ ਸਾਡੇ ਤੇ ਯਕੀਨ ਨਹੀ ? ਫਟਾਫਟ ਸਾਈਨ ਕਰੋ ਅਤੇ ਦੇਗ ਕਰਵਾਉ। ਇਸ ਤਰ੍ਹਾਂ ਗਿਆਨੀ ਜੀ ਨੇ ਬਿਨਾਂ ਪੜ੍ਹੇ ਉਹਨਾਂ ਦੇ ਪ੍ਰਭਾਵ ਵਿੱਚ ਆ ਕੇ ਸਾਈਨ ਕਰ ਦਿੱਤੇ। ਕੜਾਹ ਪ੍ਰਸ਼ਾਦ ਕਰਵਾਇਆ ਤਾਂ ਗਿਆਨੀ ਜੀ ਕਹਿਣ ਲੱਗੇ, ਲਿਆਉ, ਹੁਣ ਮੈਂ ਪੜ੍ਹ ਤਾਂ ਲਵਾਂ। ਪੜਿਆ ਤਾਂ ਉਸ ਵਿੱਚ ਟਾਈਪ ਕੀਤਾ ਹੋਇਆ ਸੀ ਕਿ "ਚੌਪਈ ਅਤੇ ਅਰਦਾਸ" ਦੇ ਮੁਆਮਲੇ ਵਿੱਚ, ਗਿਆਨੀ ਜੀ ਨੇ, ਮੁਆਫੀ ਮੰਗ ਲਈ ਹੈ। ਗਿਆਨੀ ਜੀ ਨੇ ਦੱਸਿਆ ਕਿ ਜਦੋਂ ਮੈਂ ਇਹ ਪੜ੍ਹਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਮੈਂ ੳਹਨਾਂ ਨੂੰ ਕਿਹਾ, "ਮਸਕੀਨ" ਤੂੰ ਮੇਰੇ ਨਾਲ ਧੋਖਾ ਕੀਤਾ ਹੈ, ਮੈਂ ਆਪਣੀ ਗੱਲ ਤੇ ਹੁਣ ਵੀ ਪੂਰੀ ਤਰ੍ਹਾਂ ਕਾਇਮ ਹਾਂ ਕਿ "ਚੌਪਈ ਅਤੇ ਅਰਦਾਸ ਦੀ ਪਹਿਲੀ ਪਉੜੀ, ਦਸ਼ਮੇਸ਼ ਜੀ ਦੀ ਰਚਨਾ ਨਹੀ"। ਅਸਲ ਵਿੱਚ, ਗਿਆਨੀ ਜੀ ਇਸੇ ਕਰਕੇ, ਮਸਕੀਨ ਜੀ ਨੂੰ, ਰਾਜੋਰੀ ਗਾਰਡਨ ਛੱਡ ਕੇ, ਉਸ ਤੋਂ ਸਮਾਂ ਲੈ ਕੇ, ਲਾਜਪਤ ਨਗਰ ਚਲੇ ਆਏ ਕਿ ਮੈਂ ਕੁੱਝ ਸੱਜਣਾਂ ਨਾਲ ਸਲਾਹ ਕਰਨੀ ਹੈ। ਮੈਂ ਆਪਣੀ ਆਖਰੀ ਉਮਰ ਵਿੱਚ, ਇਸ ਮਾਫੀ ਵਾਲੇ ਝੂਠ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਖ਼ੈਰ, ਦਾਸ ਅਤੇ ਸ੍ਰ: ਨਰਿੰਦਰਜੀਤ ਸਿੰਘ, ਗਿਆਨੀ ਜੀ ਨਾਲ ਗੁਰਦੁਆਰਾ ਰਾਜੋਰੀ ਗਾਰਡਨ ਦਿੱਲੀ ਪੁੱਜੇ। ਅੱਗੇ ਮਸਕੀਨ ਸਾਹਿਬ, ਸਾਈਡ ਦੇ ਬਰਾਂਡੇ ਵਿੱਚ ਇੱਕ ਚਾਰਪਾਈ ਤੇ ਬੈਠੇ ਸਨ। ਗਿਆਨੀ ਜੀ ਬੋਲੇ, ਮਸਕੀਨ, ਤੂੰ ਪਹਿਲਾਂ ਮੇਰੀ ਪੱਗ ਲਾਹ ਕੇ, ਮੇਰੇ ਪੈਰਾਂ ਵਿੱਚ ਸੁੱਟ ਦਿੱਤੀ, ਫਿਰ ਕਹਿ ਦਿੱਤਾ ਕਿ ਮੈਂ ਤੇਰੇ ਸਿਰ ਤੇ ਪੱਗ ਰੱਖ ਰਿਹਾ ਹਾਂ। ਇਸ ਤਰਾਂ ਦੇ ਉਹਨਾਂ ਦੇ ਲਫ਼ਜ਼ ਸਨ, ਮਸਕੀਨ ਜੀ ਨਾਲ। ਮਸਕੀਨ ਜੀ ਨੇ ਸਾਡੇ ਤੇ ਬਹੁਤ ਜ਼ੋਰ ਪਾਇਆ ਕਿ ਗਿਆਨੀ ਜੀ ਕੋਲੋਂ ਕਥਾ ਕਰਾਵਾਂਗਾ, ਮੁਆਮਲਾ ਰਫਾ-ਦਫਾ ਹੋ ਜਾਵੇਗਾ।
ਠੀਕ ਜਾਂ ਗਲਤ; ਪਰ ਗਿਆਨੀ ਜੀ ਦੇ ਦ੍ਰਿੜ ਇਰਾਦੇ ਕਾਰਨ, ਸਾਡੀ ਵੀ ਇਹੀ ਰਾਏ ਸੀ ਕਿ ਜਦੋਂ ਮੁਆਫੀ ਮੰਗੀ ਹੀ ਨਹੀਂ, ਤਾਂ ਸੰਗਤਾਂ ਨੂੰ ਧੋਖੇ ਨਾਲ ਕੁੱਝ ਹੋਰ ਦੱਸਣਾ, "ਗੁਰੂ ਪਾਤਸ਼ਾਹ" ਦੇ ਸਤਿਕਾਰ ਦੇ ਵਿਰੁੱਧ ਹੈ। ਜਦੋਂ ਗਿਆਨੀ ਜੀ ਨੇ ਪੱਕੀ ਤਰ੍ਹਾਂ ਕਹਿ ਦਿੱਤਾ ਕਿ "ਮੇਰਾ ਫੈਸਲਾ, ਚੌਪਈ ਅਤੇ ਅਰਦਾਸ ਦੀ ਪਹਿਲੀ ਪਉੜੀ ਬਾਰੇ ਉਹੀ ਹੈ"। ਸੋ ਗਿਆਨੀ ਜੀ ਨੇ, ਮਸਕੀਨ ਨਾਲ, ਇਸ ਝੂਠੇ ਢੰਗ ਵਿੱਚ ਅਲਵਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਮਸਕੀਨ ਸਾਹਿਬ ਆਪਣੀ ਕਾਰ ਵਿੱਚ ਬੈਠਕੇ ਅਲਵਰ ਚਲੇ ਗਏ। ਇਸ ਸਾਰੀ ਗੱਲਬਾਤ ਦੇ ਦੌਰਾਨ, ਗਿਆਨੀ ਜੀ ਦੇ ਅੱਥਰੂ ਨਹੀਂ ਸਨ ਰੁਕਦੇ।
ਗਿਆਨੀ ਜੀ ਦੇ ਵਿਰੁੱਧ, ਹੁਕਮ-ਨਾਮੇ ਵਾਰੇ ਕਾਫੀ ਕਿੰਤੂ-ਪ੍ਰੰਤੂ ਵੱਧ ਚੁੱਕੀ ਸੀ। ਭਾਰਤ ਭਰ ਵਿੱਚੋਂ ਹੀ 1000 ਤੋਂ ਵੱਧ ਚਿੱਠੀਆਂ, ਇਸ ਫੈਸਲੇ ਵਿਰੁੱਧ ਜਾ ਚੁੱਕੀਆਂ ਸਨ। ਮਸਕੀਨ ਜੀ ਰਾਹੀਂ ਇਸ ਨੂੰ ਜਾਰੀ ਕਰਵਾਣ ਵਾਸਤੇ ਪੜਦੇ ਪਿਛਲੀ ਗੱਲ ਵੀ, ਮਸਕੀਨ ਜੀ ਦੇ ਸਤਿਕਾਰ ਤੇ ਹਾਵੀ ਹੋ ਰਹੀ ਸੀ ਅਤੇ ਉਹਨਾਂ ਨੂੰ ਵੀ ਜਗਹ ਜਗਹ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਸੀ।
ਵਿੱਥ ਵਧੀ ਕਿੱਥੋਂ:- ਗਿਆਨੀ ਜੀ, ਇੰਦੌਰ ਦੇ ਪ੍ਰੋਗਰਾਮ ਤੇ ਸਨ ਅਤੇ ਮਸਕੀਨ ਜੀ ਵੀ ਉੱਥੇ ਹੀ ਪ੍ਰੋਗਰਾਮ ਕਰ ਰਹੇ ਸਨ। ਮਸਕੀਨ ਜੀ ਨੇ ਆਪਣੀ ਆਦਤ ਮੁਤਾਬਿਕ ਇੱਕ ਜਗ੍ਹਾ ਤੇ ਕਿਹਾ, "ਅਖੰਡਪਾਠ" ਗੁਰਮਤਿ ਅਨੁਸਾਰ ਨਹੀਂ। ਦੂਜੀ ਜਗ੍ਹਾ ਤੇ ਵੱਧ "ਅਖੰਡਪਾਠ" ਰੱਖੇ ਹੋਏ ਸਨ, ਉਹਨਾਂ ਨੂੰ ਗੁਰਮਤਿ ਅਨੁਸਾਰ ਦੱਸ ਦਿੱਤਾ। ਕਿਸੇ ਜਗ੍ਹਾ ਤੇ ਗਿਆਨੀ ਜੀ ਨੇ, ਉਸਦੀ ਇਸ ਦੋਰੰਗੀ ਕਥਾ ਵਾਰੇ ਜਿ਼ਕਰ ਕੀਤਾ, ਤਾਂ ਗਿਆਨੀ ਜੀ ਅਤੇ ਮਸਕੀਨ ਸਾਹਿਬ ਵਿੱਚ ਥੋੜ੍ਹੀ ਖਿੱਚਾਤਾਣੀ ਹੋਈ। ਇਸ ਘਟਨਾ ਬਾਰੇ, ਗਿਆਨੀ ਜੀ ਨੇ ਆਪ ਦਿੱਲੀ ਵਿੱਚ ਦਾਸ ਨਾਲ ਜਿ਼ਕਰ ਕੀਤਾ ਸੀ।
ਪੁਸਤਕ "ਦਸਮ ਗ੍ਰੰਥ ਨਿਰਣੈ" ਉਹਨੀ ਦਿਨੀਂ, ਗਿਆਨੀ ਜੀ ਨੇ ਲਿਖੀ ਤੇ ਪ੍ਰਕਾਸਿ਼ਤ ਕੀਤੀ ਹੋਈ ਸੀ। ਮਸਕੀਨ ਜੀ ਨੇ, ਰਾਜੋਰੀ ਗਾਰਡਨ ਗੁਰਦੁਆਰੇ ਕੁਝ ਦਿਨ ਕਥਾ ਕੀਤੀ ਤਾਂ "ਦਸਮ ਗ੍ਰੰਥ" ਵਿਚਲੀ ਕੱਚੀ ਬਾਣੀ ਵਿੱਚੋਂ ਕੁੱਝ ਮਿਸਾਲਾਂ ਵਰਤੀਆਂ। ਦਿੱਲੀ ਵਿੱਚ ਨੌਜਵਾਨਾਂ ਦੀ ਇਸ ਪੱਖੋਂ ਤਿਆਰੀ ਤਾਂ ਸੀ; ਪਰ ਇਸ ਉਮਰ ਵਿੱਚ ਜੋਸ਼ ਵੱਧ ਹੁੰਦਾ ਹੈ ਅਤੇ ਦੂਰਦਰਿਸ਼ਟਤਾ ਘੱਟ। ਕੁੱਝ ਨੌਜੁਆਨਾਂ ਨੇ, ਮਸਕੀਨ ਸਾਹਿਬ ਨਾਲ ਬਹਿਸ ਕੀਤੀ ਕਿ ਜੋ ਪ੍ਰਮਾਣ ਉਹਨਾਂ ਵਰਤੇ ਹਨ, ਉਹ ਦਸ਼ਮੇਸ਼ ਜੀ ਦੀ ਰਚਨਾਂ ਨਹੀਂ। ਮਸਕੀਨ ਜੀ ਦਾ ਉੱਤਰ ਹੱਠ ਵਾਲਾ ਅਤੇ ਆਪਣੇ ਆਪ ਨੂੰ ਠੀਕ ਦੱਸਣ ਵਾਲਾ ਸੀ, ਹਾਲਾਂ ਕਿ ਸਬੰਧਤ ਨੌਜੁਆਨ ਮੂਲੋਂ ਠੀਕ ਸਨ। ਦੂਜੇ ਦਿਨ, ਉਹਨਾਂ ਨੇ, "ਦਸਮ ਗ੍ਰੰਥ" ਵਿੱਚੋਂ ਕੁੱਝ ਰਚਨਾਂ ਛਪਵਾ ਕੇ ਸੰਗਤਾਂ ਵਿੱਚ ਵੰਡ ਦਿੱਤੀ ਅਤੇ ਮਸਕੀਨ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਕਰ ਉਹ ਠੀਕ ਹਨ ਤਾਂ ਇਸ਼ਤਿਹਾਰ ਵਿੱਚ ਦਿੱਤੀ, "ਦਸਮ ਗ੍ਰੰਥ" ਵਿਚਲੀ ਰਚਨਾ ਦੀ ਕਥਾ ਸੰਗਤਾਂ ਵਿੱਚ ਕਰਨ। ਮਸਕੀਨ ਜੀ ਨੇ,ਇਸ ਵਿੱਚ ਆਪਣੀ ਬੇਇੱਜ਼ਤੀ ਸਮਝੀ। ਆਪਣੇ ਅਸਰ-ਰਸੂਖ ਦਾ ਫ਼ਾਇਦਾ ਉਠਾ ਕੇ ਉਹਨਾਂ, ਗਿਆਨੀ ਚੇਤ ਸਿੰਘ ਤੇ ਭੌਰਾ ਸਾਹਿਬ ਨੂੰ ਵਰਤਿਆ ਅਤੇ ਭੜਕਾਇਆ ਕਿ ਗਿਆਨੀ ਜੀ ਨੇ ਆਪਣੇ ਗੁੰਡਿਆਂ ਕੋਲੋਂ, ਮੇਰੀ ਬੇਇੱਜ਼ਤੀ ਕਰਵਾਈ ਹੈ। ਇਸ ਤਰ੍ਹਾਂ ਇਹ ਖੇਡ ਅੱਗੇ ਤੁਰੀ। ਜਦੋਂ ਕਿ ਇੱਕ ਵਿਦਵਾਨ ਹੋਣ ਦੇ ਨਾਤੇ, ਮਸਕੀਨ ਜੀ ਦਾ ਇਹ ਫਰਜ਼ ਬਣਦਾ ਸੀ ਕਿ ਇਹ ਘਟਨਾ ਗਿਆਨੀ ਜੀ ਦੇ ਨੋਟਿਸ ਵਿੱਚ ਲਿਆਉਂਦੇ, ਕਿਉਂਕਿ ਇੱਕ ਤਾਂ ਗਿਆਨੀ ਜੀ ਨੂੰ ਇਸ ਵਾਰੇ ਕੁੱਝ ਪਤਾ ਨਹੀਂ ਸੀ, ਦੂਜਾ ਉਹ ਨੌਜਵਾਨ ਵੀ ਗੁੰਡੇ ਨਹੀਂ ਸਨ, ਇਸ ਗੱਲ ਨੂੰ ਮਸਕੀਨ ਜੀ ਵੀ ਚੰਗੀ ਤਰਾਂ ਜਾਣਦੇ ਸਨ।
ਵੈਸੇ ਵੀ, ਜਿਸ ਨੂੰ ਗਿਆਨੀ ਜੀ ਦਾ "ਮੁਆਫੀਨਾਮਾਂ" ਦੱਸਿਆ ਗਿਆ, ਉਹ ਕੇਵਲ, ਇੱਕ "ਅਕਾਲ ਤਖ਼ਤ ਸਾਹਿਬ" ਦੇ ਪੈਡ ਤੇ ਸੀ, ਜਿਸ ਉਪਰ ਨਾ ਕੋਈ ਐਂਟਰੀ ਨੰਬਰ, ਅਤੇ ਨਾ ਹੀ "ਸ੍ਰੀ ਅਕਾਲ ਤਖ਼ਤ ਸਾਹਿਬ" ਦੀ ਮੋਹਰ ਸੀ। ਗਿਆਨੀ ਜੀ ਆਪਣੇ ਫੈਸਲੇ ਤੋਂ ਅੰਤਮ ਸਮੇਂ ਤੀਕ ਅਡਿੱਗ ਸਨ।
ਗੁਰੂ ਪੰਥ ਦਾ ਦਾਸ,
ਸੁਰਜੀਤ ਸਿੰਘ
(ਧੰਨਵਾਦ ਸਹਿਤ ਦਸਮ ਗ੍ਰੰਥ ਬਾਰੇ ਚੋਣਵੇਂ ਲੇਖ ਵਿੱਚੋਂ)