ਪੰਥ ਪ੍ਰਵਾਨਕਤਾ ਅਤੇ ਰਹਿਤ ਮਰਿਯਾਦਾ ਦੇ ਨਾਂ ਤੇ ਨਾਨਕਵਾਦ (ਸੱਚ) ਦੀ ਕੁਰਾਬਾਨੀ ਨਾ ਦਿਓ - ਤੱਤ ਗੁਰਮਤਿ ਪਰਿਵਾਰ

(ਕਿਸ਼ਤ ਪਿਹਲੀ)

‘ਨਾਨਕਵਾਦ’ ਨਿਰੋਲ ਸੱਚ ਆਧਾਰਿਤ ਉਹ ਵਿਚਾਰਧਾਰਾ ਹੈ ਜਿਸ ਦਾ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ‘ਸੱਚ ਦੇ ਗਿਆਨ’ ਰਾਹੀਂ ਨਿਰਮਲ ਕਰਨਾ ਹੈ ਤਾਂ ਕਿ ਐਸੇ ਮਨੁੱਖਾਂ ਰਾਹੀਂ ਇੱਕ ਆਦਰਸ਼ ਸਮਾਜ (ਬੇਗਮਪੁਰਾ) ਦੀ ਉਸਾਰੀ ਹੋ ਸਕੇ। ‘ਨਾਨਕਵਾਦ’ ਦਾ ਮੂਲ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਵਿੱਚ ਦਰਜ ਬਾਣੀ ਹੈ। ਇਸ ਬਾਣੀ ਨੂੰ ਧੁਰ ਦੀ ਬਾਣੀ, ਸੱਚ ਦੀ ਬਾਣੀ, ਨਿਰੰਕਾਰ (ਵਾਹੁ ਵਾਹੁ ਬਾਣੀ ਨਿਰੰਕਾਰ ਹੈ), ਪ੍ਰਭੂ ਦਾ ਹੁਕਮ ਆਦਿਕ ਵੀ ਕਿਹਾ ਜਾਂਦਾ ਹੈ। ਇਹ ਬਾਣੀ ਬਿਨਾ ਕਿਸੇ ਵਿਤਕਰੇ ਦੇ (ਰੰਗ, ਨਸਲ, ਵਰਣ, ਲਿੰਗ ਆਦਿਕ) ਸਮੁੱਚੀ ਮਨੁੱਖਤਾ ਦੇ ਭਲੇ ਖਾਤਰ ਹੈ। ਨਾਲ ਹੀ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਦੀ ਰਚਨਾ) ਦਾ ਸੱਚ ਸਰਬਕਾਲੀ ਅਤੇ ਸਰਬਦੇਸੀ ਹੈ। ਇਹ Universal Truth ਹੈ। ਇਹ ਸਿਰਫ ਕਿਸੇ ਖਾਸ ਦੇਸ਼, ਕਿਸੇ ਖਾਸ ਫਿਰਕੇ ਖਾਤਰ ਨਹੀਂ ਹੈ। ਇਸ ‘ਨਾਨਕਵਾਦ’ (ਗੁਰੂ ਗ੍ਰੰਥ ਸਾਹਿਬ) ਨੂੰ ਆਪਣਾ ਰਹਿਬਰ, ਗੁਰੂ, ਸੇਧ ਦਾਤਾ ਮੰਨਣ ਵਾਲੇ ਮਨੁੱਖਾਂ ਦੇ ਸਮੂੰਹ ਨੂੰ ਸਿੱਖ ਕੌਮ ਕਿਹਾ ਜਾਂਦਾ ਹੈ।

ਪਰ ਇਹ ਵੀ ਸੱਚ ਹੈ ਕਿ ਸਮੇਂ ਦੇ ਨਾਲ ਭਾਸ਼ਾ ਦੇ ਬਦਲਾਵ ਅਤੇ ਹੋਰ ਕਾਰਨਾਂ ਕਰਕੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਸਮਝਣਾ ਆਮ ਸਿੱਖ ਲਈ ਮੁਸ਼ਕਲ ਹੋ ਗਿਆ। ਵੈਸੇ ਵੀ ਗੁਰਬਾਣੀ ਕਾਵਿ ਦੇ ਰੂਪ ਵਿੱਚ ਹੈ। ਜਿਸ ਨੂੰ ਸਮਝਣ ਲਈ ਪੜ੍ਹਿਆ ਲਿਖਿਆ ਅਤੇ ਕਾਵਿ ਨਿਯਮਾਂ ਦਾ ਜਾਣਕਾਰ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਇਸ ਦੇ ਸਹੀ ਭਾਵ ਸਮਝ ਆ ਸਕਣ। ਇਸ ਕਰਕੇ ਹਰ ਮਨੁੱਖ (ਸਿੱਖ) ਲਈ ਕਈ ਕਾਰਨਾਂ ਕਰਕੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਖੁਦ ਸਮਝ ਪਾਉਣਾ ਮੁਸ਼ਕਿਲ ਸੀ। ਇਸੇ ਕਰਕੇ ਨਾਨਕ ਪਾਤਿਸ਼ਾਹ ਜੀ ਨੇ ਸੰਗਤਾਂ ਕਾਇਮ ਕੀਤੀਆਂ ਤਾਂ ਕਿ ਉੱਥੇ ਗੁਰਬਾਣੀ ਦੇ ਵਿਚਾਰ ਰਾਹੀਂ ਹਰ ਮਨੁੱਖ ਸਹਿਜੇ ਹੀ ਸਰਲ ਭਾਸ਼ਾ ਵਿੱਚ ‘ਸੱਚ ਦਾ ਗਿਆਨ’ ਪ੍ਰਾਪਤ ਕਰ ਸਕੇ। ਇਸੇ ਕਰਕੇ ਸਤਿਸੰਗਤ ਨੂੰ ਗੁਰਬਾਣੀ ਵਿੱਚ ਬਹੁਤ ਮਹੱਤਵ ਦਿੱਤਾ ਗਿਆ ਹੈ। ਗੁਰਬਾਣੀ ਵਿੱਚ ‘ਸਭਸੈ ਉਪਰਿ ਗੁਰ ਸਬਦ ਵਿਚਾਰ’ ਰਾਹੀਂ ਸੱਚ ਦੀ ਵਿਚਾਰ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ ਤਾਂ ਕਿ ਸੱਚ ਦੀ ਸਮਝ ਪੈ ਸਕੇ। ਗੁਰਬਾਣੀ ਤਾਂ ਗੁਰਬਾਣੀ ਦੇ ਭਾਵਾਂ ਨੂੰ ਸਰਲ ਭਾਸ਼ਾ ਵਿੱਚ ਬਿਆਨ ਕਰਨ ਦੀ ਮਨਸ਼ਾ ਨਾਲ ਗੁਰਬਾਣੀ ਦੇ ਟੀਕੇ, ਰਹਿਤਨਾਮੇ ਆਦਿ ਲਿਖੇ ਗਏ। ਪਰ ਸਮੇਂ ਦੇ ਨਾਲ ਅਨੇਕਾਂ ਕਾਰਨਾਂ ਕਰਕੇ ਸਿੱਖ ਸਮਾਜ ਦੀ ਸੋਚ ਉੱਪਰ ਲੁੱਟ-ਖਸੁੱਟ ਨਾਲ ਭਰਪੂਰ ਉਹ ਬ੍ਰਾਹਮਣਵਾਦੀ ਵਿਚਾਰਧਾਰਾ ਭਾਰੂ ਹੋ ਗਈ ਜਿਸ ਤੋਂ ਬਚਣ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਬਖਸ਼ਦੀ ਹੈ। ਇਸ ਵਿਚਾਰਧਾਰਾ ਦਾ ਸਰੋਤ ਵੇਦ, ਸ਼ਾਸਤਰ, ਸਿਮਰਤੀਆਂ ਆਦਿ ਹਨ। ਇਸੇ ਸੋਚ ਦੇ ਹੇਠ ਗੁਰਬਾਣੀ ਦੀ ਵਿਆਖਿਆ ਵੀ ਬ੍ਰਾਹਮਣਵਾਦੀ ਕੀਤੀ ਜਾਣ ਲੱਗ ਪਈ। ਫਰੀਦਕੋਟੀ ਆਦਿ ਸੰਪਰਦਾਇ ਟੀਕੇ ਅਤੇ ਹੋਰ ਗ੍ਰੰਥ ਪੁਸਤਕਾਂ ਆਦਿ ਵਿੱਚ ਇਹ ਬ੍ਰਾਹਮਣਵਾਦੀ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ। ਇਸੇ ਪ੍ਰਭਾਵ ਕਾਰਨ ਸਿੱਖ ਸਮਾਜ ਦੇ ਆਮ ਜੀਵਨ ਵਿੱਚ ਉਹ ਸਾਰੇ ਬ੍ਰਾਹਮਣਵਾਦੀ ਕਰਮਕਾਂਡ ਵਹਿਮ ਭਰਮ, ਰੀਤੀ ਰਿਵਾਜ, ਫੇਰ ਪ੍ਰਚੱਲਤ ਹੋ ਗਏ ਜਿਸ ਦੀ ਜਿੱਲਤ ਵਿੱਚੋਂ 239 ਸਾਲ ਲਾ ਕੇ ‘ਸੱਚ ਦੇ ਗਿਆਨ’ ਰਾਹੀਂ ਨਾਨਕ ਜਾਮਿਆਂ ਨੇ ਸਾਨੂੰ ਕੱਢਿਆ ਸੀ। ਬ੍ਰਾਹਮਣਵਾਦ ਸੋਚ ਭਾਰੂ ਹੋਣ ਦਾ ਸਿਖਰ ਹੀ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਹੀ ਬ੍ਰਾਹਮਣੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਣ ਲੱਗ ਪਈ।

ਸਿੱਖ ਸਮਾਜ ਦੀ ਇਸ ਹਾਲਤ ਤੋਂ ਚਿੰਤਤ ਕਈ ਜਾਗਰੂਕ ਸਿੱਖਾਂ (ਪ੍ਰੋਫੈਸਰ ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ) ਆਦਿ ਦੀ ਕੋਸ਼ਿਸ਼ ਸਦਕਾ ਸਿੰਘ ਸਭਾ ਲਹਿਰ (ਪੁਨਰ ਜਾਗਰਣ) ਸ਼ੁਰੂ ਹੋਈ ਜਿਸ ਨੇ ਲਿਟਰੇਚਰ ਅਤੇ ਸਟੇਜੀ ਪ੍ਰਚਾਰ ਰਾਹੀਂ ‘ਨਾਨਕਵਾਦ’ ਦੇ ਸੱਚ ਨੂੰ ਬ੍ਰਾਹਮਣਵਾਦ ਦੇ ਪ੍ਰਭਾਵ ਤੋਂ ਨਿਖੇੜ ਕੇ ਪੇਸ਼ ਕਰਨਾ ਸ਼ੁਰੂ ਕੀਤਾ। ਸਿੱਖ ਭੇਖ ਵਾਲੇ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਪੈਰੋਕਾਰਾਂ (ਪੁਜਾਰੀ ਸ਼੍ਰੇਣੀ ਅਤੇ ਸੰਪਰਦਾਇ ਸਿੱਖ) ਨੇ ਇਨ੍ਹਾਂ ਦਾ ਤਕੜਾ ਵਿਰੋਧ ਵੀ ਕੀਤਾ। ਪਰ ਇਨ੍ਹਾਂ ਨੇ ਹਿੰਮਤ ਨਹੀਂ ਹਾਰੀ। ਕੌਮ ਵਿੱਚ ਹੌਲੀ ਹੌਲੀ ਜਾਗ੍ਰਿਤੀ ਆਉਣੀ ਸ਼ੁਰੂ ਹੋ ਗਈ। ਇਸ ਦਾ ਨਤੀਜਾ ਅਕਾਲੀ ਲਹਿਰ ਵਿੱਚ ਨਿਕਲਿਆ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਗਈ। ਪਰ ਇਹ ਵੀ ਸੱਚ ਹੈ ਕਿ ਉਸ ਸਮੇਂ ਵੀ ਸਿੱਖ ਸਮਾਜ ਵਿੱਚ ਧੜੇਬੰਦੀ, ਬ੍ਰਾਹਮਣਵਾਦ ਦਾ ਕਾਫੀ ਪ੍ਰਭਾਵ ਸੀ। ਹਰ ਜੱਥਾ, ਹਰ ਧੜਾ ਆਪਣੇ ਮੁੱਖੀ ਦੇ ਵਿਚਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਨਾਲੋਂ ਵੱਧ ਮਹੱਤਵ ਦਿੰਦਾ ਸੀ (ਅੱਜ ਵੀ ਹਾਲਾਤ ਜ਼ਿਆਦਾ ਵੱਖਰੇ ਨਹੀਂ ਹਨ) ਇਸੇ ਕਾਰਨ ਕੌਮ ਵਿੱਚ ਇਕਸਾਰਤਾ ਨਹੀਂ ਸੀ। ਬਲਕਿ ‘ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ’ ਵਾਲੀ ਗੱਲ ਸੀ।

ਕੌਮ ਵਿੱਚ ਇੱਕਸਾਰਤਾ ਲਿਆਉਣ ਦੇ ਮਦਸਦ ਨੂੰ ਸਾਹਮਣੇ ਰੱਖ ਕੇ ਕੁੱਝ ਪੰਥ ਦਰਦੀਆਂ ਦੀ ਸਲਾਹ ਤੇ ਸ਼੍ਰੋਮਣੀ ਕਮੇਟੀ ਨੇ ਇੱਕ ਸਾਂਝੀ ਸਿੱਖ ਰਹਿਤ ਮਰਿਯਾਦਾ ਬਣਾਉਣ ਦੀ ਯੋਜਨਾ ਬਣਾਈ। ਇਸ ਮਕਸਦ ਨਾਲ 25 ਵਿਦਵਾਨਾਂ ਦਾ ਇੱਕ ਪੈਨਲ ਰਿਪੋਰਟ ਰਹੁ ਰੀਤੀ ਸਬ ਕਮੇਟੀ ਦੇ ਨਾਂ ਹੇਠ ਬਣਾਇਆ। ਇਸ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਜੀ ਸਨ। ਇਸ ਕਮੇਟੀ ਵਿੱਚ ਵਿਦਵਾਨਾਂ ਦੇ ਨਾਲ ਨਾਲ ਤਕਰੀਬਨ ਹਰ ਵੱਡੇ ਧੜੇ ਜੱਥੇ ਦੇ ਪ੍ਰਤਿਨਿਧੀ ਲਏ ਗਏ। ਇਸ ਕਮੇਟੀ ਦੀਆਂ ਤਕਰੀਬਨ 5 ਮੀਟਿੰਗਾਂ ਹੋਈਆਂ ਅਤੇ 1ਅਕਤੂਬਰ 1932 ਨੂੰ ਇਸ ਦੇ ਖਰੜੇ (ਡ੍ਰਾਫਟ) ਨੂੰ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ। (ਐੱਸ. ਜੀ. ਪੀ. ਸੀ. ਦੀ ਛਪੀ ਰਹਿਤ ਮਰਿਯਾਦਾ ਵਿੱਚ ਦੱਸੇ ਅਨੁਸਾਰ)। ਇਸ ਉੱਪਰ ਪੰਥਕ ਜਥੇਬੰਦੀਆਂ ਅਤੇ ਹੋਰ ਸਿੱਖਾਂ ਦੀਆਂ ਰਾਵਾਂ ਲਈਆਂ ਗਈਆਂ। ਆਖਿਰ 1-8-1936 ਨੂੰ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ। 12-10-1936 ਨੂੰ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਪ੍ਰਵਾਨ ਕਰ ਲਿਆ (ਲਾਗੂ ਤਾਂ ਹੁਣ ਤੱਕ ਨਹੀਂ ਹੋਈ) ਫੇਰ ਤਕਰੀਬਨ ਸਾਢੇ 8 ਸਾਲ ਬਾਦ ਰਾਗਮਾਲਾ ਪੱਖੀਆਂ ਦੇ ਦਬਾਅ ਹੇਠ 7-1-1945 ਨੂੰ ਇਸ ਵਿੱਚ ਕੁੱਝ ਵਾਧੇ ਘਾਟੇ ਕੀਤੇ ਗਏ (ਜ਼ਿਆਦਾ ਜਾਣਕਾਰੀ ਲਈ ਪੜ੍ਹੋ ਪ੍ਰੋਫੈਸਰ ਗੁਰਦਿੱਤ ਸਿੰਘ ਜੀ ਦੀ ਪੁਸਤਕ ਮੁੰਦਾਵਣੀ)। ਇਸ ਰਹਿਤ ਮਰਿਯਾਦਾ ਨੂੰ ਤਿਆਰ ਕਰਦੇ ਸਮੇਂ ਪੰਥ ਦਰਦੀ ਵਿਦਵਾਨਾਂ ਸਾਹਮਣੇ ਜਿਹੜੀਆਂ ਦੋ ਵੱਡੀਆਂ ਮੁਸ਼ਕਲਾਂ ਆਈਆਂ ਉਹ ਸਨ:

1) ਪੰਥਕ ਧੜ੍ਹਿਆਂ (ਜਥੇਬੰਦੀਆਂ) ਦੇ ਨਿਜੀ ਵਿਚਾਰ

2) ਦਸਮ ਗ੍ਰੰਥ ਦਾ ਬਖੇੜਾ

ਹਰ ਪੰਥਕ ਧੜਾ (ਜਥੇਬੰਦੀ) ਆਪਣੇ ਮੁੱਖੀ ਵੱਲੋਂ ਪੇਸ਼ ਕੀਤੇ ਵਿਚਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸੇਧ ਤੋਂ ਵੀ ਜ਼ਿਆਦਾ ਮਹੱਤਵ ਦਿੰਦਾ ਸੀ। ਕੋਈ ਪਿਛਲੇ 100-150 ਸਾਲ ਤੋਂ ਚਲੀ ਆ ਰਹੀ ਪ੍ਰੰਪਰਾ ਆਦਿ ਦੇ ਨਾਂ ਤੇ ਵੀ ਬ੍ਰਾਹਮਣਵਾਦੀ ਰਸਮਾਂ ਜਾਇਜ਼ ਠਹਿਰਾ ਰਹੇ ਸਨ। (ਇਹੀ ਦਲੀਲ ਅੱਜ ਵੀ ਕੁੱਝ ਵੀਰ ਦਿੰਦੇ ਹਨ)

ਦੂਜਾ ਮੁੱਖ ਬਖੇੜਾ ਦਸਮ ਗ੍ਰੰਥ ਦਾ ਸੀ। ਦਸਮ ਗ੍ਰੰਥ ਨੂੰ ਕਰੀਬ ਪਿਛਲੇ 100-150 ਸਾਲਾਂ ਤੋਂ ਕੌਮ ਵਿੱਚ ਦਸਵੇਂ ਪਾਤਿਸ਼ਾਹ ਜੀ ਦੀ ਬਾਣੀ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਸੀ। ਬੇਸ਼ੱਕ ਸਮੇਂ ਸਮੇਂ ਜਾਗਰੂਕ ਸਿੱਖਾਂ ਵੱਲੋਂ ਇਸ ਦਾ ਵਿਰੋਧ ਹੁੰਦਾ ਰਿਹਾ ਪਰ ਬ੍ਰਾਹਮਣਵਾਦੀ ਸ਼ਕਤੀਆਂ ਦੇ ਪ੍ਰਭਾਵ ਹੇਠ ਆਏ ਸਿੱਖ ਸਮਾਜ ਦੇ ਮੁੱਖੀਆਂ (ਪੂਜਾਰੀਆਂ) ਨੇ ਉਸ ਵਿਰੋਧ ਨੂੰ ਜ਼ਿਆਦਾ ਵਧਣ ਨਹੀਂ ਦਿੱਤਾ ਇਸੇ ਗ੍ਰੰਥ ਦੀਆਂ ਕਈ ਰਚਨਾਵਾਂ ਇੱਕ ਸਾਜਿਸ਼ ਅਧੀਨ ਸਿੱਖਾਂ ਦੇ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ (ਗਲਤ ਪ੍ਰਚੱਲਤ ਨਾਂ, ਅਸਲ ਨਾਂ ਖੰਡੇ ਦੀ ਪਾਹੁਲ) ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦਾ ਹਿੱਸਾ ਬਣਾ ਦਿੱਤੀਆਂ ਗਈਆਂ ਇਹੀ ਗੱਲ ਬਹੁਤ ਪ੍ਰੇਸ਼ਾਨੀ ਵਾਲੀ ਸੀ। ਇਸ ਮੁੱਦੇ ਉੱਤੇ ਕਾਫੀ ਖਿੱਚਾਤਾਣੀ ਹੋਈ। ਆਖਿਰ ਧੜ੍ਹਿਆਂ ਦੇ ਦਬਾਅ ਹੇਠ ਨਿਰੋਲ ਸਿਧਾਂਤ ਆਧਾਰਿਤ ਫੈਸਲੇ ਲੈਣ ਦੀ ਥਾਂ ਲੈਣ ਦੇਣ ਦੀ ਸਮਝੋਤਾ ਵਾਦੀ ਪਹੁੰਚ ਅਪਣਾਈ ਗਈ। ਰਹਿਰਾਸ ਨਾਮਕ ਬਾਣੀ ਦਾ ਹਿੱਸਾ ਬਣ ਚੁੱਕੀ ਕੱਚੀ ਰਚਨਾ ‘ਬੇਨਤੀ ਚੌਪਈ’ ਇਸ ਦੀ ਪ੍ਰਤੱਖ ਮਿਸਾਲ ਹੈ। ਬੇਨਤੀ ਚੌਪਈ ਦੇ ਮੂਲ ਸਰੋਤ ਤ੍ਰਿਆ ਚਰਿੱਤਰ (ਬਚਿੱਤਰ ਨਾਟਕ) ਵਿਚੋਂ ਲੈਣ ਸਮੇਂ ਇਸ ਦੇ ਬੰਦਾਂ ਨਾਲ ਜੋ ਖਿੱਚ ਧੂਹ ਕੀਤੀ ਗਈ ਉਹ ਹਰ ਜਾਗਰੂਕ ਸਿੱਖ ਜਾਣਦਾ ਹੈ। ਅੱਜ ਵੀ ਕੋਈ ‘ਪੁਨਿ ਰਾਛਸ ਕਾ ਕਾਟਾ ਸੀਸਾ’ ਤੋਂ ਪੜ੍ਹ ਰਿਹਾ ਹੈ ਤੇ ਕੋਈ ਕਿੱਧਰੋਂ। ਇਸ ਛੇੜ-ਛਾੜ ਸਿਧਾਂਤਕ ਹੇਰਾ ਫੇਰੀ (ਭਾਵੇਂ ਕਿਸੇ ਮਜਬੂਰੀ ਹੇਠ ਹੀ ਸਹੀ) ਤੋਂ ਵੱਧ ਕੁੱਝ ਨਹੀਂ ਸੀ। ਐਸੇ ਹੋਰ ਵੀ ਕਈ ਲੈਣ ਦੇਣ (ਸਮਝੋਤੇ) ਸਿਧਾਂਤ ਦੀ ਬਲੀ ਦੇ ਕੇ ਕੀਤੇ ਗਏ। ਇਹ ਠੀਕ ਹੈ ਕਿ ਇਹ ਰਹਿਤ ਮਰਿਯਾਦਾ ਪੰਥ (ਧੜ੍ਹਿਆਂ ਵਿੱਚ ਵੰਡੇ) ਪ੍ਰਵਾਨਤ ਤਾਂ ਹੋ ਗਈ ਪਰ ਇਸ ਨੂੰ ਗੁਰੂ ਪ੍ਰਵਾਨਤ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਸ ਦੇ ਅਨੇਕਾਂ ਨੁਕਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੇਧਾਂ ਤੋਂ ਉਲਟ ਹਨ। ਹੋ ਸਕਦਾ ਹੈ ਇਸ ਨੂੰ ਬਣਾਉਣ ਵਿੱਚ ਸ਼ਾਮਿਲ ਸੱਚੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਇਹ ਵਿਚਾਰ ਹੋਵੇ ਕਿ ਜੇ ਇੱਕ ਵਾਰ ਇਸ ਦੇ ਪ੍ਰਚੱਲਨ (ਅਕਾਲ ਤਖਤ ਦੇ ਨਾ ਹੇਠ ਲਾਗੂ ਹੋਣ ਕਰਕੇ) ਨਾਲ ਸਿੱਖ ਸਮਾਜ ਵਿੱਚ ਇੱਕਸਾਰਤਾ ਅਤੇ ਜਾਗਰੂਕਤਾ ਆ ਗਈ ਤਾਂ ਫਿਰ ਇਸ ਵਿੱਚ ਰਹਿ ਗਈਆਂ ਕਮੀਆਂ ਨੂੰ ਵੀ ਦੂਰ ਕਰ ਲਿਆ ਜਾਵੇਗਾ। ਪਰ ਐਸਾ ਨਹੀਂ ਹੋਇਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸ਼੍ਰੋਮਣੀ ਕਮੇਟੀ ਆਪ ਹੀ ਖੁਦਗਰਜ਼ੀ, ਧੜੇਬੰਦੀ, ਗਲਤ ਸੋਚ ਆਦਿ ਬੁਰਾਈਆਂ ਦਾ ਸ਼ਿਕਾਰ ਹੋ ਗਈ। ਇਸ ਨੇ ਰਹਿਤ ਮਰਿਯਾਦਾ ਤਿਆਰ ਤਾਂ ਕਰਵਾ ਦਿੱਤੀ ਪਰ ਇਸ ਨੂੰ ਪੂਰੇ ਸਿੱਖ ਸਮਾਜ ਉੱਪਰ ਲਾਗੂ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਬਲਕਿ ਉਲਟਾ ਇਸ ਦੇ ਅਖੌਤੀ ਸੰਤ ਵਾਦ, ਬਾਬਾ ਵਾਦ ਆਦਿ ਨੂੰ ਬੜਾਵਾ ਹੀ ਦਿੱਤਾ। ਇਸ ਕਰਕੇ ਇਹ ਮਰਿਯਾਦਾ ਤਕਰੀਬਨ 70 ਸਾਲ ਬੀਤ ਜਾਣ ਤੋਂ ਬਾਅਦ ਵੀ ਬਹੁਤ ਘੱਟ ਲਾਗੂ ਹੋਈ ਹੈ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਵੀ ਇਹ ਲਾਗੂ ਨਹੀਂ। ਚੰਦ ਕੂ ਮਿਸ਼ਨਰੀ ਕਾਲਜਾਂ ਨੂੰ ਛੱਡ ਕੇ ਹੋਰ ਕੋਈ ਇਸ ਦੇ ਇੰਨ ਬਿੰਨ ਮੰਨਣ ਲਈ ਜ਼ਿਦ ਨਹੀਂ ਕਰ ਰਿਹਾ। ਜਿੱਥੇ ਇੱਕ ਪਾਸੇ ਸੰਪ੍ਰਦਾਈ ਇਸ ਵਿਚਲੇ ਬ੍ਰਾਹਮਣ ਵਾਦ ਵਿਰੋਧੀ ਮਨਸ਼ਾ ਕਰਕੇ ਇਸ ਨੂੰ ਨਹੀਂ ਮੰਨਦੇ ਦੂਜੇ ਪਾਸੇ ਤੱਤ ਗੁਰਮਤਿ ਵਾਲੇ ਇਸ ਵਿੱਚ ਰਹਿ ਗਈਆਂ ਸਿਧਾਂਤਕ ਗਲਤੀਆਂ ਨੂੰ ਸੁਧਾਰਨ ਦੀ ਮੰਗ ਕਰ ਰਹੇ ਹਨ। ਉਸ ਬਾਰੇ ਜਾਗ੍ਰਿਤੀ ਲਿਆ ਰਹੇ ਹਨ। ਕੌਣ ਠੀਕ ਹੈ, ਜਾਗਰੂਕ ਸਿੱਖ ਆਪ ਫੈਸਲਾ ਕਰ ਲੈਣ। ਮੌਜੂਦਾ ਸਮੇਂ ਵਿੱਚ ਤੱਤ ਗੁਰਮਤਿ ਦੇ ਨਾਮ ਹੇਠ ‘ਨਾਨਕਵਾਦ’ ਦੀ ਵਿਚਾਰਧਾਰਾ ਨੂੰ ਇਸ ਦੇ ਖਰੇ ਰੂਪ ਵਿੱਚ ਪੇਸ਼ ਕਰਨ ਦੇ ਮਕਸਦ ਨਾਲ ਇੱਕ ਲਹਿਰ ਚੱਲ ਪਈ ਹੈ। ਰੋਜ਼ਾਨਾ ਸਪੋਕਸਮੈਨ, ਇੰਡੀਅਨ ਅਵੇਅਰਨੈੱਸ ਆਦਿ ਇਸ ਦੇ ਬੁਲਾਰੇ ਹਨ। ਇਸ ਲਹਿਰ ਕਾਰਨ ਸੱਚ ਦੇ ਚਾਹਵਾਨ ਸਿੱਖਾਂ ਵਿੱਚ ਜਾਗਰੂਕਤਾ ਆ ਰਹੀ ਹੈ। ਆਪਣੇ ਪੱਧਰ ਦੇ ਕੋਸ਼ਿਸ਼ਾਂ ਕਰ ਰਹੇ ਕੁੱਝ ਗੁਰਮਤਿ ਪ੍ਰਚਾਰਕਾਂ ਅਤੇ ਸਿੱਖ ਮਿਸ਼ਨਰੀ ਕਾਲਜਾਂ ਦਾ ਵੀ ਇਸ ਜਾਗ੍ਰਤੀ ਲਹਿਰ ਵਿੱਚ ਆਪਣਾ ਯੋਗਦਾਨ ਹੈ। ਬੇਸ਼ੱਕ ਇਨ੍ਹਾਂ ਵਿਚੋਂ ਸਾਰੇ ਪੂਰੀ ਤਰ੍ਹਾਂ ਡੱਟ ਕੇ ਨਿਰੋਲ ‘ਨਾਨਕਵਾਦ’ ਦੇ ਸਾਥ (ਕਈ ਮਜਬੂਰੀਆਂ ਕਾਰਨ ਨਹੀਂ ਦੇ ਪਾ ਰਹੇ (ਮਿਸ਼ਨਰੀ ਕਾਲਜ ਜਾਂ ਕੁੱਝ ਪ੍ਰਚਾਰਕ) ਖਾਸਕਰ ਸਿੱਖ ਰਹਿਤ ਮਰਿਯਾਦਾ ਵਿੱਚ ਰਹਿ ਗਈਆਂ ਸਿਧਾਂਤਕ ਕਮੀਆਂ ਬਾਰੇ ਕੀਤੇ ਜਾ ਰਹੇ ਪ੍ਰਚਾਰ ਦਾ ਉਹ ਖੁੱਲ ਕੇ ਸਾਥ ਨਹੀਂ ਦੇ ਪਾ ਰਹੇ। ਇਸ ਮਾਮਲੇ ਵਿੱਚ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਕੁੱਝ ਹੱਦ ਤੱਕ ਹਜਮ ਕੀਤਾ ਜਾ ਸਕਦਾ ਹੈ। ਪਰ ਉਨ੍ਹਾਂ ਵਾਸਤੇ ਜਰੂਰੀ ਹੈ ਕਿ ਉਹ ਐਸੇ ਮੁੱਦਿਆਂ ਉੱਪਰ ਚੁੱਪ ਰਹਿਣ ਅਤੇ ਘੱਟ ਤੋਂ ਘੱਟ ਬੋਲਣ। ਇਸ ਬਾਰੇ ਜਾਗ੍ਰਿਤੀ ਲਿਆਉਣ ਦਾ ਕੰਮ ਉਹ ਤੱਤ ਗੁਰਮਤਿ ਨਾਲ ਸਬੰਧਤ ਵੀਰਾਂ/ਭੈਣਾਂ ਨੂੰ ਹੀ ਕਰਨ ਦੇਣ ਪਰ ਸਮੱਸਿਆ ਤਾਂ ਪੈਦਾ ਹੁੰਦੀ ਹੈ ਜਦ ਐਸੇ ਕਾਲਜ ਜਾਂ ਪ੍ਰਚਾਰ ਸਿੱਖ ਰਹਿਤ ਮਰਿਯਾਦਾ ਨੂੰ ਸਹੀ ਸਾਬਤ ਕਰਨ ਲਈ ਨਿਰੋਲ ਸਿਧਾਂਤ ਵਿਰੋਧੀ ਬਿਆਨ ਦੇਣ ਲੱਗ ਪੈਂਦੇ ਹਨ। ਇਸ ਨਾਲ ਜਿੱਥੇ ਇੱਕ ਪਾਸੇ ਜਾਗਰੂਕ ਸਿੱਖਾਂ ਵਿੱਚ ਤਰੇੜ ਪੈਂਦੀ ਹੈ ਤਾਂ ਦੂਜੀ ਤਰਫ ਸੰਪਰਦਾਈ (ਬ੍ਰਾਹਮਣਵਾਦੀ) ਸੋਚ ਵਾਲੇ ਸਿੱਖਾਂ ਨੂੰ ਇਹ ਪ੍ਰਚਾਰਨ ਦਾ ਮੌਕਾ ਮਿਲ ਜਾਂਦਾ ਹੈ ਕਿ ਅਸੀਂ (ਜਾਗਰੂਕ ਸਿੱਖ) ਇੱਕ ਮਤ ਨਹੀਂ ਹਾਂ। ਹਾਂ ਜੇ ਕਿਸੇ ਤੱਤ ਗੁਰਮਤਿ ਵਾਲੇ ਵੀਰ ਨੇ ਕੋਈ ਸਿਧਾਂਤ ਵਿਰੋਧੀ ਗੱਲ ਲਿਖੀ ਹੈ ਤਾਂ ਦਲੀਲ ਨਾਲ ਉਸ ਦਾ ਜਵਾਬ ਦੇਣ ਵਿੱਚ ਕੋਈ ਹਰਜ ਨਹੀਂ ਹੈ। ਪਰ ਇਹ ਗੱਲ ਰਹਿਤ ਮਰਿਯਾਦਾ ਦੇ ਉਲਟ ਹੈ ਇਸ ਨਾਲ ਪੰਥ ਦੋਫਾੜ ਹੋ ਜਾਵੇਗਾ, ਆਦਿਕ ਢੁੱਚਰਾਂ ਢਾਹੁਣੀਆਂ ਨਿਰੋਲ ‘ਨਾਨਕਵਾਦ’ ਦੇ ਪ੍ਰਚਾਰ ਦੇ ਰਾਹ ਵਿੱਚ ਰੋੜੇ ਅਟਕਾਉਣ ਵਾਲੀ ਗੱਲ ਹੈ। ਇਸ ਲੇਖ ਨੂੰ ਲਿਖਣ ਦਾ ਖਿਆਲ ਦਿਮਾਗ ਵਿੱਚ ਉਸ ਸਮੇਂ ਆਇਆ ਜਦ 2 ਜੂਨ 08 ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ 7 ਉੱਤੇ ਛਪੀ ਖਬਰ ਵਿੱਚ ਸਤਿਕਾਰ ਯੋਗ ਵਿਚਾਰਕ ਪੰਥ ਪ੍ਰੀਤ ਸਿੰਘ ਜੀ ਖਾਲਸਾ (ਬਖਤੌਰ ਵਾਲਿਆਂ) ਦਾ ਬਿਆਨ ਪੜ੍ਹਿਆ। ਦਾਸ ਸਪਸ਼ਟ ਕਰ ਦੇਵੇ ਕਿ ਪੰਥ ਪ੍ਰੀਤ ਸਿੰਘ ਜੀ ਕੌਮ ਦੇ ਉਨ੍ਹਾਂ ਚੰਦ ਕੁ ਪ੍ਰਚਾਰਕਾਂ ਵਿਚੋਂ ਹਨ ਜੋ ਨਿਰੋਲ ਗੁਰਮਤਿ ਅਨੁਸਾਰ (ਖਰਾ ਸੱਚ) ਪ੍ਰਚਾਰ ਸਟੇਜ਼ਾਂ ਉੱਤੇ ਕਰਨ ਦੀ ਦਲੇਰੀ ਕਰਦੇ ਹਨ। ਪਰ ਉਨ੍ਹਾਂ ਦੇ ਇਸ ਬਿਆਨ ਨੂੰ ਪੜ੍ਹ ਕੇ ਕੁੱਝ ਅਫਸੋਸ ਜ਼ਰੂਰ ਹੋਇਆ ਕਿ ਉਨ੍ਹਾਂ ਦ ਦਿੱਤੇ ਬਿਆਨ ਦਾ ਉਹ ਹਿੱਸਾ ਛਪੀ ਖਬਰ ਅਨੁਸਾਰ ਲਫਜ਼-ਬ-ਲਫਜ਼ ਇਸ ਤਰ੍ਹਾਂ ਹੈ:

ਇੱਕ ਹੋਰ ਬੀਬੀ ਨੇ ਪੁੱਛਿਆ ਜੇ ਦਸਮ ਗ੍ਰੰਥ ਨੂੰ ਕੌਮ ਖਤਮ ਕਰ ਦੇਵੇ ਤਾਂ ਨਿਤਨੇਮ ਦੀਆਂ ਬਾਣੀਆਂ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦਾ ਕੀ ਬਣੇਗਾ? ਭਾਈ ਪੰਥ ਪ੍ਰੀਤ ਸਿੰਘ ਖਾਲਸਾ ਜੀ ਨੇ ਜਵਾਬ ਦਿੱਤਾ, ਦਸਮ ਗ੍ਰੰਥ ਤੋਂ ਬਿਨਾ ਕੌਮ ਬਚ ਸਕਦੀ ਹੈ ਪਰ ਉਸ ਵਿਚੋਂ ਜੋ ਬਾਣੀਆਂ ਪੰਥ ਨੇ ਪ੍ਰਵਾਨ ਕੀਤੀਆਂ ਹਨ ਉਸ ਤੋਂ ਬਿਨਾ ਕੌਮ ਨਹੀਂ ਬਚ ਸਕਦੀ। ਇਸ ਲਈ ਇਨ੍ਹਾਂ ਬਾਣੀਆਂ ਨੂੰ ਕੱਢ ਕੇ ਵੱਖਰੀ ਪੋਥੀ ਬਣਾਈ ਜਾ ਸਕਦੀ ਹੈ। ਕੁੱਝ ਐਸੇ ਹੀ ਤੱਤ ਗੁਰਮਤਿ ਵਿਰੋਧੀ ਬਿਆਨ (ਭਾਵੇਂ ਮਜਬੂਰੀਆਂ ਹੇਠ ਹੀ ਸਹੀ) ਕੁੱਝ ਮਿਸ਼ਨਰੀ ਕਾਲਜ ਅਤੇ ਜਾਗਰੂਕ ਪ੍ਰਚਾਰਕ ਵੀ ਦੇ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਆਪਣਾ ਵਿਚਾਰਧਾਰਕ (ਗੁਰ) ਭਾਈ ਸਮਝ ਕੇ ਦਾਸ ਕੁੱਝ ਸੱਚੀਆਂ ਗੱਲਾਂ ਖਰੇ ਖਰੇ ਰੂਪ ਵਿੱਚ ਕਰਨਾ ਚਾਹੁੰਦਾ ਹੈ। ਆਸ ਹੈ ਉਹ ਵੀਰ/ਭੈਣ ਮੇਰੀ ਇਸ ਰਚਨਾਤਮਕ ਆਲੋਚਨਾ ਨੂੰ ਸੁਹਿਰਦਤਾ ਨਾਲ ਲੈਣਗੇ। ਮੇਰੇ ਪੰਥ ਦਰਦੀ ਵੀਰੋ/ਭੈਣੋਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਖ ਰਹਿਤ ਮਰਿਯਾਦਾ ਗੁਰੂ ਪ੍ਰਵਾਨਤ ਹੋਣੀ ਚਾਹੀਦੀ ਹੈ ਜਾਂ ਪੰਥ ਪ੍ਰਵਾਨਤ? ਕੁੱਝ ਵੀਰ ਇੱਕ ਦਮ ਜਵਾਬ ਦੇਣਗੇ ਪੰਥ ਵੀ ਤਾਂ ਗੁਰੂ ਹੀ ਹੈ ਤਾਂ ਹੀ ਇਸ ਨੂੰ ‘ਗੁਰੂ ਪੰਥ’ ਕਿਹਾ ਜਾਂਦਾ ਹੈ। ਸਾਥੀਓ ਇਹ ਤੁਹਾਡਾ ਭੁਲੇਖਾ ਹੈ ਸਾਰੀ ਮਨੁੱਖਤਾ ਦਾ (ਸਮੇਤ ਸਿੱਖਾਂ ਦੇ) ਗੁਰੂ ਸਿਰਫ ਇੱਕ ਹੀ ਹੈ ਉਹ ਹੈ ‘ਸੱਚ ਦਾ ਗਿਆਨ’। ਗੁਰਵਾਕ ਵੀ ਹੈ ‘ਏਕਾ ਬਾਣੀ ਇੱਕ ਗੁਰ ਏਕੋ ਸ਼ਬਦ ਵਿਚਾਰ’। ਪਰ ਤੁਸੀਂ ਤਾਂ ਆਪਣੇ ਕਈ ਗੁਰੂ ਬਣਾਈ ਬੈਠੇ ਹੋ ਘੱਟੋ ਘੱਟ 12-13 ਗੁਰੂ ਤਾਂ ਸਾਡੀ ਰਹਿਤ ਮਰਿਯਾਦਾ ਹੀ ਪ੍ਰਚਾਰ ਰਹੀ ਹੈ। ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਾਤਸ਼ਾਹ ਤੱਕ ਦਸ ਗੁਰੂ, ‘ਗੁਰੂ ਗ੍ਰੰਥ ਸਾਹਿਬ ਜੀ’ 11ਵਾਂ ਗੁਰੂ, ਪੰਥ 12ਵਾਂ ਗੁਰੂ, ਸੰਗਤ 13ਵਾਂ ਗੁਰੂ ਅਸੀਂ ਆਪ ਹੀ ਪ੍ਰਚਾਰਦੇ ਹਾਂ ਕਿ ਸਾਡਾ ਗੁਰੂ ਭੁੱਲਣਹਾਰ ਨਹੀਂ ਹੈ ਸਗੋਂ ਪੂਰਾ ਹੈ। ਆਓ ਇਸ ਕਸੌਟੀ ਉੱਤੇ ਸਾਡੇ ਆਪਣੇ ਬਣਾਏ ‘ਪੰਥ ਗੁਰੂ ‘ਦੀ ਪਰਖ ਕਰਦੇ ਹਾਂ।

1) ਉਹ ਨਾਨਕਸਰੀਏ, ਟਕਸਾਲੀਏ ਆਦਿ ਵੀ ਇਸੇ ‘ਪੰਥ ਗੁਰੂ ‘ਦਾ ਹਿੱਸਾ ਤੁਸੀਂ ਮੰਨਦੇ ਹੋ ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੂਰਤੀ ਵਾਂਗ ਪੂਜ ਰਹੇ ਹਨ। ਭੋਗ ਲਗਾ ਰਹੇ ਹਨ। ਇਸੇ ਤਰ੍ਹਾਂ ਪਟਨਾਂ ਅਤੇ ਨਾਂਦੇੜ ਦੇ ਅਖੌਤੀ ਤਖਤ (ਨਾਨਕ ਜਾਮੇ ਦਾ ਰਚਿਆ ਸਿਰਫ ਇੱਕ ਹੀ ਤਖਤ ਹੈ ਉਹ ਹੈ ਅਕਾਲ ਤਖਤ) ਤੇ ਉਸ ਦੇ ਪ੍ਰਬੰਧਕ ਵੀ ‘ਗੁਰੂ ਪੰਥ’ ਦਾ ਹਿੱਸਾ ਮੰਨਦੇ ਹੋ ਜੋ ਅਖੌਤੀ ਦਸਮ ਗ੍ਰੰਥ ਨੂੰ ਆਪਣਾ ਇੱਕ ਹੋਰ ਗੁਰੂ ਸਾਬਤ ਕਰਨ ਤੇ ਤੁਲੇ ਹੋਏ ਹਨ। ਦੂਜੀ ਤਰਫ ਉਹ ਜਾਗਰੂਕ ਸਿੱਖ ਵੀ ਇਸੇ ‘ਪੰਥ ਗੁਰੂ ‘ਦਾ ਹਿੱਸਾ ਹਨ ਜੋ ‘ਨਾਨਕਵਾਦ’ ਨੂੰ ਇਸ ਦੇ ਖਰੇ ਰੂਪ ਵਿੱਚ ਪ੍ਰਗਟ ਕਰਨ ਲਈ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਸੰਘਰਸ਼ੀਲ ਹਨ। ਇਹ ਕੈਸਾ ‘ਪੰਥ ਗੁਰੂ ‘ਹੈ ਜਿਸ ਦੀ ਵਿਚਾਰਧਾਰਾ ਵਿੱਚ ਇਤਨਾ ਜਮੀਨ ਆਸਮਾਨ ਦਾ ਫਰਕ ਹੈ।

2) ਇਹ ‘ਪੰਥ ਗੁਰੂ ‘ਰਾਗਮਾਲਾ ਜਿਹੇ ਨਿਰੋਲ ਸਿਧਾਂਤਕ ਤੇ ਵਿਚਾਰਸ਼ੀਲ ਮੁੱਦੇ ਦਾ ਹੱਲ ਪਰਚੀਆਂ ਪਾਉਣ ਵਰਗੇ ਬਚਕਾਨਾਂ ਢੰਗ ਨਾਲ ਕੱਢਦਾ ਰਿਹਾ ਹੈ। (ਪੜ੍ਹੋ ਪੁਸਤਕ ਮੁੰਦਾਵਣੀ)। ਦਸਮ ਗ੍ਰੰਥ ਦੇ ਵਿਵਾਦ ਦਾ ਹੱਲ ਸਿਧਾਂਤਕ ਵਿਚਾਰ ਰਾਹੀਂ ਕੱਢਣ ਦੀ ਥਾਂ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦੇ ਮੱਸਾ ਰੰਘੜ ਦਾ ਸਿਰ ਵੱਢ ਕੇ ਲਿਆਉਣ ਜਾਂ ਨਾ ਲਿਆਉਣ ਵਰਗੀ ਬੇਹੁਦਾ, ਭਾਗਵਾਦੀ, ਗੁਰਮਤਿ ਅਤੇ ਦਲੀਲ ਵਿਰੋਧੀ ਸ਼ਰਤ ਦੇ ਤਰੀਕੇ ਨਾਲ ਕਰਦਾ ਰਿਹਾ ਹੈ।

3) ਇਹੀ ‘ਪੰਥ ਗੁਰੂ ‘ਬ੍ਰਾਹਮਣਵਾਦੀ ਕਰਮਕਾਂਡ ਦਾ ਇੱਕ ਰੂਪ ਅਖੰਡ ਪਾਠ ਦੇ ਖੰਡਿਤ ਹੋ ਜਾਣ ਵਰਗੇ ਨਿਰੋਲ ਬ੍ਰਾਹਮਣਵਾਦੀ ਮੁੱਦੇ ਨੂੰ ਲੈ ਕੇ ਮੋਰਚੇ ਲਾਉਂਦਾ ਰਿਹਾ ਹੈ। ਉਸ ਵਾਸਤੇ ਕੌਮ ਦਾ ਸਮਾਂ, ਸ਼ਕਤੀ ਬਰਬਾਦ ਕਰਦਾ ਰਿਹਾ ਹੈ।

4) ਇਸੇ ‘ਪੰਥ ਗੁਰੂ ‘ਵਿੱਚੋਂ 13 ਸਾਲਾਂ ਦੀ ਲੰਮੀ ਵਿਚਾਰ ਕਰਕੇ (ਪ੍ਰਚਾਰੀ ਜਾਂਦੀ) ਤਿਆਰ ਕੀਤੀ ਸਿੱਖ ਰਹਿਤ ਮਰਿਯਾਦਾ ਵਿੱਚ ਅਨੇਕਾਂ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਕਮੀਆਂ ਹਨ। ਇਨ੍ਹਾਂ ਗਲਤੀਆਂ ਦੀ ਸੂਚੀ ਲਿਸਟ ਬਹੁਤ ਲੰਮੀ ਹੈ। ਪਰ ਕੁੱਝ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਸੱਚ ਦੇ ਚਾਹਵਾਨ ਸਿੱਖਾਂ ਨੂੰ ਸਚਾਈ ਦਾ ਪਤਾ ਚੱਲ ਸਕੇ।

(ੳ) ਇਸ ਮਰਿਯਾਦਾ ਵਿੱਚ ਸਿੱਖ ਦੀ ਤਾਰੀਫ (Definiton) ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ”। ਇੱਥੇ ‘ਅਤੇ’ ਦਾ ਮਤਲਬ ‘ਜਮ੍ਹਾਂ’ ਨਿਕਲਦਾ ਹੈ। ਹੁਣ ਇਹ ਕੌਣ ਦੱਸੇ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਦਸ ਗੁਰੂ ਸਾਹਿਬਾਨ ਦੀ ਬਾਣੀ ਕਿਹੜੀ ਹੈ? ਵੈਸੇ ਵੀ ਬਾਣੀ ਤਾਂ ਸਿਰਫ ਛੇ ਨਾਨਕ ਜਾਮਿਆਂ ਨੇ ਹੀ ਰਹੀ ਸੀ। ਫੇਰ ‘ਦਸ ਗੁਰੂ ਸਾਹਿਬਾਨ ਦੀ ਬਾਣੀ’ ਵਰਗੇ ਭੁਲੇਖਾ ਪਾਊ ਲਫਜ਼ ਕਿਉਂ ਵਰਤੇ ਗਏ?

(ਅ) ਗੁਰਮਤਿ ਸ਼ਰੀਰਕ ਸੁੱਚਮ ਦਾ ਭਰਮ ਪਾਲਣ ਦਾ ਖੰਡਨ ਥਾਂ ਥਾਂ ਕਰਦੀ ਹੈ। ਸਰੀਰਕ ਸਫਾਈ ਜ਼ਰੂਰੀ ਹੈ ਪਰ ਇਸ ਨੂੰ ਆਤਮਿਕ (ਧਾਰਮਿਕ) ਕਰਮ ਮੰਨਣ ਦੇ ਭਰਮ ਨੂੰ ਗੁਰਮਤਿ ਨਹੀਂ ਮੰਨਦੀ ਪਰ ਸਿੱਖ ਰਹਿਤ ਮਰਿਯਾਦਾ ਇਸ ਭਰਮ ਨੂੰ ਵਧਾਉਂਦੀ ਹੈ। ਸਾਧਾਰਨ ਪਾਠ ਸਿਰਲੇਖ ਹੇਠ Point (ੲ) ਵਿੱਚ ਲਿਖਿਆ ਹੈ: ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸੀ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ‘ਹੁਕਮ’ ਲਵੇ।” ਭਾਵ ਸੁੱਚੇ ਮੂੰਹ ‘ਹੁਕਮਨਾਮਾ’ ਲਵੇ। ਕੀ ਇਹ ਬ੍ਰਾਹਮਣਵਾਦੀ ਸੁਚੱਮ ਵਾਲਾ ਭਰਮ ਨਹੀਂ ਅਗਲੀਆਂ ਪੰਕਤੀਆਂ ਵਿੱਚ ਬੇਸ਼ਕ ਸਫਰ ਆਦਿ ਵੇਲੇ ਇਸ ਦੀ ਛੋਟ ਦਿੱਤੀ ਗਈ ਹੈ। ਪਰ ਐਸਾ ਭਰਮ ਫੈਲਾਉਣਾ ਹੀ ਕਿਉਂ?

(ੲ) ਗੁਰਮਤਿ ਕਿਸੇ ਦੂਜੇ ਕੋਲੋਂ ਆਪਣੀ ਖਾਤਰ ‘ਅਰਦਾਸ’ ਕਰਵਾਉਣ ਦੀ ਹਿਮਾਇਤ ਨਹੀਂ ਕਰਦੀ। ਹਰ ਜਾਗਰੂਕ ਸਿੱਖ ਭਲੀ-ਭਾਂਤੀ ਸਮਝਦਾ ਹੈ ਕਿ ਇਹ ਸਭ (ਕਿਸੇ ਹੋਰ ਕੋਲੋਂ ਅਰਦਾਸ ਕਰਵਾਉਣੀ ਆਦਿ) ਕਰਮਕਾਂਡ ਬ੍ਰਾਹਮਣਵਾਦ, ਪੂਜਾਰੀਵਾਲੀ ਦੀ ਰਹਿੰਦ ਖੂੰਦ ਹਨ। ਪਰ ਇਸ ਰਹਿਤ ਮਰਿਯਾਦਾ ਨੇ ਤਾਂ ਅਰਦਾਸ ਨਾਲ ਪੈਸੇ ਦੀ ਸ਼ਰਤ ਜੋੜ ਕੇ ਇਸ ਪੁਜਾਰੀਵਾਦ ਦੀ ਖੁੱਲੀ ਹਿਮਾਇਤ ਕੀਤੀ ਹੈ। ਪੰਨਾ 19 ਉੱਪਰ, ਕੜ੍ਹਾਹ ਪ੍ਰਸ਼ਾਦਿ ਸਿਰਲੇਖ ਹੇਠ Point (ਸ) ਵਿੱਚ ਦਰਜ ਹੈ। ‘ਕੜ੍ਹਾਹ ਪ੍ਰਸ਼ਾਦਿ’ ਭੇਟਾ ਕਰਨ ਵੇਲੇ ਘੱਟ ਤੋਂ ਘੱਟ ਇੱਕ ਟਕਾ ਨਕਦ ਅਰਦਾਸ ਭੀ ਹੋਵੇ।

(ਸ) ਗੁਰਮਤਿ ਦਾ ਸਿਧਾਂਤ ਹੈ ਕਿ ਮਰਨ ਤੋਂ ਬਾਅਦ ਮ੍ਰਿਤਕ ਵਾਸਤੇ। ਧਰਮ ਦੇ ਨਾਂ ਉੱਤੇ ਕੀਤਾ ਗਿਆ ਕੋਈ ਵੀ ਕੰਮ ਕਰਮਕਾਂਡ ਹੈ। ਉਸਦਾ ਮ੍ਰਿਤਕ ਨੂੰ ਕੋਈ ਫਾਇਦਾ ਨਹੀਂ। ਗੁਰਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਮ੍ਰਿਤਕ ਸਰੀਰ ਨੂੰ ਭਾਵੇਂ ਚੰਦਨ ਲਗਾ ਲਿਆ ਜਾਵੇ ਤਾਂ ਉਸ ਉਸਨੂੰ ਕੋਈ ਫਾਇਦਾ ਨਹੀਂ। ਦੂਜੇ ਪਾਸੇ ਜੇ ਮ੍ਰਿਤਕ ਸਰੀਰ ਨੂੰ ਬਿਸਟਾ ਵਿੱਚ ਵੀ ਰੋਲ ਦਿੱਤਾ ਜਾਵੇ ਤਾਂ ਉਸਦਾ ਕੁੱਝ ਨਹੀਂ ਘਟਦਾ। ਕਿਉਂਕਿ ਮ੍ਰਿਤਕ ਸਰੀਰ ਤਾਂ ਮਿੱਟੀ ਦਾ ਢੇਰ ਹੈ। ਪਰ। ਪੰਥ ਗੁਰੂ “ਵੱਲੋਂ ਪ੍ਰਵਾਨਤ ਇਹ ਰਹਿਤ ਮਰਿਯਾਦਾ ਮ੍ਰਿਤਕ ਵਾਸਤੇ ਕਰਮਕਾਂਡ ਕਰਨ ਬ੍ਰਾਹਮਣੀ ਤਰਜ ਦਾ ਭਰਮ ਫੈਲਾਉਂਦੇ ਹੋਏ ਪੰਨਾ 25 ਤੇ point (ਹ) ਹੇਠ ਦੱਸਦੀ ਹੈ:

ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ (ਮ੍ਰਿਤਕ) ਨਮਿੱਤ ਸ੍ਰੀ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਪਾਠ ਰੱਖਿਆ ਜਾਵੇ।” ਨਾਲ ਹੀ ਦਿਨਾਂ ਦੀ ਗਿਣਤੀ ਮਿਣਤੀ ਕਰਕੇ ਕਰਮਕਾਂਡ ਕਰਨ ਦੇ ਬ੍ਰਾਹਮਣੀ ਸਿਧਾਂਤ ਦੀ ਪ੍ਰੋੜਤਾ ‘ਦਸਵੇਂ’ ਦਿਨ ਭੋਗ ਪਾਉਣ ਦੀ ਗੱਲ ਕਰਕੇ ਕਰਦੀ ਹੈ। ਅਗਲੀ ਪੰਕਤੀ ਵਿੱਚ ਭਾਵੇ ਸਬੰਧੀਆਂ ਦੀ ਸੌਖ ਵਾਲੀ ਮੱਦ ਵੀ ਪਾ ਦਿੰਤੀ ਹੈ। ਪਰ ਐਸੇ ਭੰਬਲਭੂਸਾ ਕਿਉਂ ਖੜ੍ਹਨਾ। ਦਸਵੇਂ ਦਿਨ ਵਾਲੀ ਗੱਲ ਆਈ ਹੀ ਕਿਉਂ? ਰਹਿਤ ਮਰਿਯਾਦਾ ਦੇ ਪੰਨਾ 18 ਉੱਪਰ ਭੋਗ ਸਿਰਲੇਖ ਹੇਠ ‘ਰਾਗਮਾਲਾ’ ਬਾਰੇ ਦਰਜ ਹੈ ਕਿ। ਇਸ ਗੱਲ ਬਾਬਤ (ਰਾਗਮਾਲਾ ਗੁਰਬਾਣੀ ਹੈ ਜਾਂ ਨਹੀਂ) ਪੰਥ `ਚ ਅਜੇ ਤੱਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ਸ੍ਰੀ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ” ਹੁਣ ਕੀ ‘ਗੁਰੂ’ ਵਿੱਚ ਮਤਭੇਦ ਹੋ ਸਕਦੇ ਹਨ? ਗੁਰੂ ਦਾ ਤਾਂ ਮਕਸਦ ਹੀ ਮਤਭੇਦ ਅਤੇ ਭੁਲੇਖੇ ਦੂਰ ਕਰਕੇ ‘ਸੱਚ’ ਨਾਲ ਜੋੜਨਾ ਹੁੰਦਾ ਹੈ। ਪਰ ਇਹ ਰਹਿਤ ਮਰਿਯਾਦਾ ਤਾਂ ਗੁਰੂ (ਪੰਥ) ਵਿੱਚ ਹੀ ਮਤਭੇਦ ਦੱਸ ਰਹੀ ਹੈ। ‘ਰਾਗਮਾਲਾ ਬਾਰੇ ਰਹਿਤ ਮਰਿਯਾਦਾ ਨਾਲ ਕੈਸੀ ਸਿਧਾਂਤਕ ਬੇਈਮਾਨੀ ਭਰੀ ਛੇੜ ਛਾੜ ਕੀਤੀ ਗਈ (ਪੰਥ ਦੇ ਨਾਂ ਉੱਪਰ) ਉਸ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਮਰਹੂਮ ਗਿਆਨੀ ਗੁਰਦਿੱਤ ਸਿੰਘ ਜੀ ਦੀ ‘ਰਾਗਮਾਲਾ’ ਬਾਰੇ ਸਿਧਾਂਤਕ ਤੇ ਨਿਰਣਾਤਮਕ ਜਾਣਕਾਰੀ ਦਿੰਦੀ ਪੁਸਤਕ.’ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਕੈਸਾ ‘ਗੁਰੂ’ (ਪੰਥ) ਹੈ ਜੋ ਪਿਛਲੇ 250 ਸਾਲਾਂ ਵਿੱਚ ਮਤਭੇਦ (ਰਾਗਮਾਲਾ ਬਾਰੇ, ਦਸਮ ਗ੍ਰੰਥ ਬਾਰੇ) ਹੀ ਖਤਮ ਨਹੀਂ ਕਰ ਸਕਿਆ? ਇਸਦਾ ਜਵਾਬ ਸਿੱਧਾ ਤੇ ਸੱਚਾ ਹੈ ਕਿ ਪੰਥ ਕਦੀ ਗੁਰੂ ਨਹੀਂ ਸੀ, ਨਾ ਹੀ ‘ਪੰਥ ਗੁਰੂ ‘ਹੋ ਸਕਦਾ ਹੈ। ਇਹ ‘ਗੁਰੂ ਦਾ ਪੰਥ’. ਸੀ। ਜਿਸਨੂੰ ਸਾਜਿਸ਼ ਅਧੀਨ ਗੁਰੂ-ਪੰਥ ਪ੍ਰਚਾਰ ਦਿੱਤਾ ਗਿਆ। ਹੁਣ ਇਸ ਵਿਚਾਰ ਨੂੰ ਸਮੇਟਦੇ ਹੋਏ ਰਹਿਤ ਮਰਿਯਾਦਾ ਦੇ ਮੁੱਖ ਸਵਾਲ ਨਿਤਨੇਮ ਅਤੇ ਅੰਮ੍ਰਿਤ ਸੰਚਾਰ (ਅਸਲ ਨਾਂ ਖੰਡੇ ਦੀ ਪਾਹੁਲ) ਦੇ ਸਮੇਂ ਪੜ੍ਹੀਆ ਜਾਣ ਵਾਲੀਆਂ ਰਚਨਾਵਾਂ (ਉਸ ਵਿੱਚੋਂ ਕੁੱਝ ਕੁੱਝ ਕੱਚੀਆਂ ਹਨ ਤਾਂ ਹੀ ਬਾਣੀ ਨਹੀਂ ਲਿਖਿਆ) ਬਾਰੇ ਵਿਚਾਰ ਕਰਦੇ ਹਾਂ। ਖਾਸਕਰ ਉਨ੍ਹਾਂ ਰਚਨਾਵਾਂ ਜੋ ਦਸਮ ਗ੍ਰੰਥ ਦਾ ਹਿੱਸਾ ਹਨ। ਗੁਰਮਤਿ ਦੇ ਖੇਤਰ ਵਿੱਚ ਹੋਈਆਂ ਖੋਜਾਂ ਰਾਹੀਂ ਕੁੱਝ ਵਿਦਵਾਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪ੍ਰਚਲਿਤ ‘ਦਸਮ ਗ੍ਰੰਥ’ ਦੀ ਕੋਈ ਵੀ ਰਚਨਾ ਦਸਵੇਂ ਨਾਨਕ ਦੀ ਕ੍ਰਿਤ ਨਹੀਂ ਹੈ। ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੀਆਂ ਦੋ ਪੁਸਤਕਾਂ ‘ਦਸਮ ਗ੍ਰੰਥ ਦੀ ਵਿਚਾਰ-’ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ਤੇ’ (ਸ. ਗੁਰਮੁਖ ਸਿੰਘ ਜੀ, ਨਵੀਂ ਦਿੱਲੀ) ਅਤੇ ਦਸਮ ਗ੍ਰੰਥ ਦਾ ਲਿਖਾਰੀ ਕੌਣ? (ਸ. ਜਸਬਿੰਦਰ ਸਿੰਘ ਜੀ ਦੁਬਈ ਵਾਲੇ) ਨੇ ਅਹਿਮ ਯੋਗਦਾਨ ਪਾਇਆ ਹੈ। ਬਿਲਕੁਲ ਸੰਖੇਪ ਵਿੱਚ, ਆਮ ਮਨੁੱਖ ਦੀ ਸਮਝ ਆ ਸਕਣ ਵਾਲੀ (ਜੇ ਉਹ ਸੱਚ ਸਮਝਣਾ ਚਾਹੇ ਤਾਂ), ਕੁੱਝ ਦਲੀਲਾਂ ਹੇਠ ਲਿਖੀਆਂ ਹਨ ਜੋ ਇਹ ਗੱਲ ਸਾਬਿਤ ਕਰਨ ਲਈ ਕਾਫੀ ਹਨ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਵੇਂ ਨਾਨਕ ਦੀ ਕ੍ਰਿਤ ਨਹੀਂ।

1) ਜਿੰਨੇ ਵੀ ‘ਨਾਨਕ ਜਾਮਿਆਂ’ ਨੇ ਬਾਣੀ ਰਚੀ (ਕੁੱਲ ਛੇ) ਉਨ੍ਹਾਂ ਨੇ ‘ਨਾਨਕ ਛਾਪ’ ਦੀ ਹੀ ਵਰਤੋਂ ਕੀਤੀ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਵਿੱਚ ਇੱਕੋ ਵਿਚਾਰਧਾਰਕ ਜੋਤ ਸੀ। ‘ਜੋਤ ਉਹਾ ਜੁਗਤਿ ਸਾਇ’ ਵਾਲਾ ਸਿਧਾਂਤ ਹੀ ਲਾਗੂ ਸੀ। ਕੀ ਕਾਰਨ ਸੀ ਕਿ ਦਸਵੇਂ ਨਾਨਕ ਨੇ ‘ਨਾਨਕ ਛਾਪ’ ਦਾ ਤਿਆਗ ਕਰਕੇ ਬਾਣੀ ਰਚੀ? ਕੀ ਇਸਦਾ ਮਤਲਬ ਇਹ ਮੰਨ ਲੈਣਾ ਨਹੀਂ ਕਿ ਕਿ ਗੋਬਿੰਦ ਪਾਤਸ਼ਾਹ ਵਿੱਚ ‘ਨਾਨਕ’ (ਵਿਚਾਰਧਾਰਕ) ਜੋਤ ਨਹੀਂ ਸੀ? ਦਸਮ ਗ੍ਰੰਥ ਨੂੰ ਗੋਬਿੰਦ ਸਿੰਘ ਪਾਤਸ਼ਾਹ ਕ੍ਰਿਤ ਮੰਨ ਲੈਣ ਦਾ (ਭਾਵੇਂ ਪੂਰਾ ਭਾਵੇਂ ਕੁੱਝ ਰਚਨਾਵਾਂ) ਦਾ ਮਤਲਬ ਸਪਸ਼ਟ ਇਹੀ ਨਿਕਲਦਾ ਹੈ। ਕੀ ਗੋਬਿੰਦ ਸਿੰਘ ਜੀ ਨੂੰ ‘ਨਾਨਕ ਜੋਤ’ ਤੋਂ ਅਲੱਗ ਸਮਝਣ ਵਾਲਾ ਸੱਚਾ ਸਿੱਖ ਹੋ ਸਕਦਾ ਹੈ? ਬਿਲਕੁਲ ਨਹੀਂ। ਪਰ ਦਸਮ ਗ੍ਰੰਥ ਦੀ ਕਿਸੇ ਵੀ ਰਚਨਾਂ ਨੂੰ ਦਸਮੇਸ਼ ਕ੍ਰਿਤ ਮੰਨਣ ਵਾਲਾ ਸਿੱਖ ਉਨ੍ਹਾਂ ਨੂੰ ਨਾਨਕ ਜੋਤ ਤੋਂ ਵੱਖ ਵਿਖਾਉਣ ਦਾ ਕੁਕਰਮ ਕਰ ਰਿਹਾ ਹੈ।

2) ਦਸਮੇਸ਼ ਜੀ ਨੇ ਅਰਜਨ ਪਾਤਸ਼ਾਹ ਵੱਲੋਂ ਸੰਪਾਦਿਤ ‘ਗੁਰੂ ਗ੍ਰੰਥ ਸਾਹਿਬ ਜੀ ਵਿੱਚ ਯੋਗ ਥਾਂ ਉੱਪਰ ‘ਨੌਵੇਂ ਨਾਨਕ’ ਜੀ ਦੀ ਰਚਨਾ ਚੜ੍ਹਾ ਕੇ ਇਸ ਨੂੰ ਸੰਪਰੂਨਤਾ ਬਖਸ਼ੀ। ਜੇ ਦਸਮੇਸ਼ ਜੀ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਵੀ ਨਾਲ ਹੀ ‘ਗੁਰੂ ਗ੍ਰੰਥ ਸਹਿਬ ਜੀ’ ਵਿੱਚ ਚੜ੍ਹਾ ਜਾਂਦੇ। ਕੁੱਝ ਸਿੱਖ ਇਸ ਦਲੀਲ ਨੂੰ ਕੱਟਣ ਲਈ ਇਹ ਜਵਾਬ ਦਿੰਦੇ ਹਨ ਕਿ ਦਸਮੇਸ਼ ਜੀ ਨੇ ਪਹਿਲੇ ਨਾਨਕ ਜਾਮਿਆਂ ਦਾ ਸਤਿਕਾਰ ਕਰਦੇ ਹੋਏ ਆਪਣੀ ਬਾਣੀ ਉਨ੍ਹਾ ਬਰਾਬਰ ਨਹੀਂ ਚੜ੍ਹਾਈ। ਉਨ੍ਹਾਂ ਸਿੱਖਾਂ ਨੂੰ ਮੇਰਾ ਸਨਿਮਰ ਸਵਾਲ ਹੈ ਕਿ ਇਸਦਾ ਮਤਲਬ ਇਹ ਨਹੀਂ ਨਿਕਲਦਾ ਕਿ ਪੰਜਵੇਂ ਨਾਨਕ ਜੀ ਨੇ ਪਹਿਲੇ ਚਾਰ ਨਾਨਕ ਜਾਮਿਆਂ ਦੇ ਬਰਾਬਰ ਆਪਣੀ ਬਾਣੀਚੜ੍ਹਾ ਦੇ ਉਨ੍ਹਾਂ ਦਾ ਅਪਮਾਨ ਕੀਤਾ ਸੀ? ਕੀ ਐਸਾ ਮੰਨਣ ਜਾਂ ਪ੍ਰਚਾਰਨ ਵਾਲਾ ਸੱਚਾ ਤੇ ਸੁਹਿਰਦ ਸਿੱਖ ਹੋ ਸਕਦਾਹੈ?

3) ਜੇ ਇਹ ਸੱਚ ਮੰਨ ਲਿਆ ਜਾਵੇ ਕਿ ਦਸਮੇਸ਼ ਜੀ ਨੇ ਕੋਈ ਬਾਣੀ ਨਹੀਂ ਰਚੀ ਤਾਂ ਕੀ ਉਨ੍ਹਾਂ ਦੀ ਮਹਾਨਤਾ ਘੱਟ ਜਾਂਦੀ ਹੈ? ਬਿਲਕੁਲ ਨਹੀਂ। ਛੇਵੇਂ, ਸੱਤਵੇਂ, ਅੱਠਵੇਂ ਨਾਨਕ ਜਾਮੇਂ ਨੇ ਕੋਈ ਬਾਣੀ ਨਹੀਂ ਰਚੀ। ਕੀ ਉਨ੍ਹਾਂ ਦੀ ਮਹਾਨਤਾ ਕੁੱਝ ਘਟ ਜਾਂਦੀ ਹੈ? ਬਿਲਕੁਲ ਨਹੀਂ। ਫੇਰ ਅਸੀਂ ਕਿਉਂ ਇਹ ਸਿੱਧ ਕਰਨ ਲਈ ਬਜ਼ਿੱਦ ਹਾਂ ਕਿ ਦਸਮੇਸ਼ ਜੀ ਨੇ ਬਾਣੀ ਰਚੀ? ਭਾਵੇਂ ਇਸ ਵਾਸਤੇ ਸਾਨੂੰ ਦਸਮੇਸ਼ ਜੀ ਦੇ ਨਾਂ ਨਾਲ ਤ੍ਰਿਆ ਚਰਿੱਤਰ, ਰਕਾਇਤਾ, ਚੌਬਿਸ ਅਵਤਾਰ ਆਦਿ ਅਸ਼ਲੀਲ ਅਤੇ ਬ੍ਰਾਹਮਣਵਾਦ ਨਾਲ ਭਰਪੂਰ ਗੈਰ ਸਿਧਾਂਤਕ ਰਚਨਾਵਾਂ ਹੀ ਕਿਉਂ ਨਾ ਮੰਤ੍ਰਨੀਆਂ ਪੈਣ? ਕੀ ਐਸਾ ਕਰਨ ਵਾਲਾ ਸੱਚਾ ਸਿੱਖ ਹੋ ਸਕਦਾ ਹੈ? ਵੈਸੇ ਵੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ਉੱਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ।

ਹੁਣ ਗੱਲ ਕਰਦੇ ਹਾਂ ਮੁੱਖ ਮੁੱਦੇ ਤੇ। ਉਹ ਹੈ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਲੇ ਪੜ੍ਹੀਆਂ ਜਾਂਦੀਆਂ ਦਸਮ ਗ੍ਰੰਥ ਦੀਆਂ ਰਚਨਾਵਾਂ ਦੀ। ਇਹ ਹਨ ‘ਜਾਪੁ’, 10 ਸਵੱਯੇ, ‘ਬੇਨਤੀ ਚੌਪਈ’ (ਸਵੱਯੇ ਤੇ ਦੋਹਰੇ ਸਮੇਤ)। ਇਸ ਵਿੱਚ ਚੰਡੀ ਚਰਿੱਤਰ ਦਾ ਉਹ ਬੰਦ ਵੀ ਸ਼ਾਮਿਲ ਹੈ ਜਿਹੜਾ ਪ੍ਰਚਲਿਤ ਅਰਦਾਸ ਦੇ ਸ਼ੁਰੂ ਵਿੱਚ ਪੜ੍ਹਿਆ ਜਾਂਦਾ ਹੈ। ਇਨ੍ਹਾਂ ਰਚਨਾਵਾਂ ਨੂੰ ‘ਪੰਥ ਗੁਰੂ ‘ਪ੍ਰਵਾਨਤ ਮੰਨਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਖਾਸਕਰ ਇਸ ਲਈ ਕਿਉਂਕਿ ਇਹ ਅਕਾਲ ਤਖਤ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦਾ ਹਿੱਸਾ ਹਨ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋਦਰ ਵਿੱਚ ਸ਼ਾਮਿਲ ਕੀਤੀ ਗਈ ‘ਬੇਨਤੀ ਚੌਪਈ’ ਬਾਰੇ। ਇਹ ‘ਬੇਨਤੀ ਚੌਪਈ’ ਤ੍ਰਿਆ ਚਰਿੱਤਰ ਰਚਨਾ ਦੇ ਆਖਿਰੀ ਚਰਿੱਤਰ (ਜੋ ਕਿ ਮਹਾਕਾਲ ਦਾ ਚਰਿੱਤਰ ਹੈ) ਵਿੱਚ ਬੰਦ ਨੰ: 377 ਤੋਂ ਲੈ ਕੇ 401 ਤੱਕ ਲਈ ਗਈ ਹੈ। ਇਹ ਹਮਰੀ ਕਰੋ ਹਾਥ ਦੇ ਰੱਛਾ (377 ਵਾਂ ਬੰਦ) ਤੋਂ ਸ਼ੁਰੂ ਹੁੰਦੀ ਹੈ ਤੇ ‘ਦੁਸਟ ਦੋਖ ਤੇ ਲੇਹੁ ਬਚਾਈ’ ((401 ਵਾਂ ਬੰਦ) ਤੇ ਖਤਮ ਹੁੰਦੀ ਹੈ। ਕੁੱਲ 25 ਬੰਦ ਹਨ। ਮੌਜੂਦਾ ਸਮੇ ਵਿੱਚ ਤੱਤ ਗੁਰਮਤਿ ਨੂੰ ਪ੍ਰਨਾਏ ਪੰਥ ਦਰਦੀਆਂ ਵੱਲੋਂ ਅਖੌਤੀ ਦਸਮ ਗ੍ਰੰਥ ਦੇ ਗੁਰਮਤਿ ਵਿਰੋਧੀ ਹੋਣ ਦੀ ਸਚਾਈ ਬਾਰੇ ਕੀਤੇ ਜਾ ਰਹੇ ਪ੍ਰਚਾਰ ਸਦਕਾ ਹਰ ਜਾਗਰੂਕ (ਸੱਚ ਸਮਝਣ ਦੇ ਚਾਹਵਾਨ) ਸਿੱਖ ਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਤ੍ਰਿਆ ਚਰਿੱਤਰ ਰਚਨਾ ਅਤਿ ਅਸ਼ਲੀਲ ਅਤੇ ਗੁਰਮਤਿ ਵਿਰੋਧੀ ਹੈ। ਇਸ ਨੂੰ ਇੱਕ ਪਰਿਵਾਰ ਵਿੱਚ ਬੈਠ ਕੇ ਪੜ੍ਹਨਾ ਵੀ ਸੰਭਵ ਨਹੀਂ ਹੈ। ਅਸਲ ਵਿੱਚ ਇਹ ਸਾਕਤ ਮਤ ਦੇ ਕਵੀ ਸਿਆਮ ਦੀ ਰਚਨਾ ਹੈ। ਸਾਕਤ ਮੱਤ ਨਸ਼ਿਆਂ, ਕਾਮ ਆਦਿਕ ਚੀਜ਼ਾਂ ਨੂੰ ਭਗਤੀ ਦਾ ਹਿੱਸਾ ਸਮਝਦਾ ਹੈ। ਇਹ ਮੱਤ ਚੰਡੀ ਦੇਵੀ (ਜਿਸ ਦੇ ਹੋਰ ਵੀ ਕਈ ਨਾਂ ਪ੍ਰਚਲਿਤ ਹਨ)) ਅਤੇ ਮਹਾਂਕਾਲ ਨੂੰ ਆਪਣਾ ਇਸ਼ਟ ਮੰਨਦਾ ਹੈ। ਇਹ ਮੱਤ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਹੀ ਇੱਕ ਸ਼ਾਖ ਹੈ। ਦਸਮ ਗ੍ਰੰਥ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਸਾਕਤ ਮਤੀ ਕਈਆਂ ਰਾਮ ਅਤੇ ਸ਼ਿਆਮ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਹਨ।

ਗੱਲ ਕਰਦੇ ਹਾਂ ‘ਪੰਥ ਪ੍ਰਵਾਨਤ’ ‘ਬੇਨਤੀ ਚੌਪਈ’ ਦੀ। ਕਿਸੇ ਹਰਨਾਂ ਵਿੱਚੋਂ ਮਨਮਰਜੀ ਦੇ ਕੁੱਝ ਬੰਦ ਚੁੱਕ ਲੈਣਾ ਕਿੱਥੋਂ ਦੀ ਸੁਹਰਿਦਤਾ ਹੈ? ਐਸੀ ਅਸ਼ਲੀਲ ਅਤੇ ਬ੍ਰਾਹਮਣਵਾਦੀ ਰਚਨਾ (ਤ੍ਰਿਆ ਚਰਿੱਤਰ) ਦੇ ਕੁੱਝ ਬੰਦ ਗੁਰਮਤਿ ਅਨੁਸਾਰੀ ਕਿਵੇਂ ਹੋ ਗਏ? ਅਸਲ ਰਚਨਾ ਵਿੱਚ ‘ਬੇਨਤੀ ਚੌਪਈ’ ਦੇ ਬੰਦਾਂ ਦੇ ਨੰ: 377 ਤੋਂ 401 ਤੱਕ ਹਨ। ਪਰ ਇਹ ਨਿਤਨੇਮ ਦੇ ਗੁਟਕਿਆਂ ਵਿੱਚ 1 ਤੋਂ 25 ਕਿਵੇਂ ਹੋ ਗਏ? ਐਸੀ ਖਿੱਚ ਧੂਹ ਕਿਉਂ? ਪੰਥ (ਗੁਰੂ) ਨੂੰ ਕਿਸਨੇ ਹੱਕ ਦਿੱਤਾ ਕਿ ਕਿਸੇ ਰਚਨਾ ਦੀ ਮਨਮਰਜੀ ਅਨੁਸਾਰ ਤਰੋੜ ਮਰੋੜ ਕਰਨ ਦਾ? ਜੇ ਅੱਜ ਕਈ ਸਿਆਮ ਜਿੰਦਾ ਹੁੰਦਾ (ਜਾਂ ਉਸਦਾ ਕੋਈ ਵਾਰਸ ਜਿੰਦਾ ਹੋਵੇ) ਤਾਂ ਉਸਨੇ ਐਸੀ ਬੇਦਲੀਲੀ ਤੇ ਸ਼ਰਾਰਤਪੂਰਨ ਕੱਟ ਵੱਢ ਵਾਲੀ (ਛੇੜਛਾੜ) ਹਰਕਤ ਲਈ ਇਸੇ ਪੰਥ ਤੇ ‘ਅਦਾਲਤ’ ਵਿੱਚ ਮੁਕੱਦਮਾ ਠੋਕ ਦੇਣਾ ਸੀ? ਹੋ ਸਕਦਾ ਹੈ ਫੇਰ ਅਦਾਲਤ ਸਿੱਖਾਂ ਦੇ ਇਸ ‘ਬੇਨਤੀ ਚੌਪਈ’ ਵਾਲੇ ਨਿਤਨੇਮ ਦੇ ਪਾਬੰਦੀ ਲਾ ਦਿੰਦੀ? ਜਾਂ ਫੇਰ ਉਸ ਨੂੰ ਪੂਰਾ ਤ੍ਰਿਆ ਚਰਿੱਤਰ (ਜਾਂ ਫੇਰ ਸਿਰਫ ਪੂਰਾ ਮਹਾਂਕਾਲ ਵਾਲਾ ਚਰਿੱਤਰ) ਹੀ ਨਿਤਨੇਮ ਵਜੋਂ ਪੜ੍ਹਨ ਦਾ ਹੁਕਮ ਦਿੰਦੀ? ਤ੍ਰਿਆ ਚਰਿੱਦਰ ਦੇ ਜਿਸ ਹਿੱਸੇ ਵਿੱਚ ‘ਬੇਨਤੀ ਚੌਪਈ’ ਆਉਂਦੀ ਹੈ, ਉਸ ਦੇ ਨੇੜੇ ਤੇੜੇ ਵੀ ਕਿਧਰੇ ‘ਪਾਤਸ਼ਾਹੀ 10’ ਲਿਖਿਆ ਨਹੀਂ ਮਿਲਦਾ। ਫੇਰ ਇਸ ਆਪੂੰ ਬਣੇ ਬੈਠੇ ਗੁਰੂ ‘ਪੰਥ’ ਨੂੰ ਕਿਸ ਨੇ ਅਧਿਕਾਰ ਦਿੱਤਾ ਕਿ ‘ਬੇਨਤੀ ਚੌਪਈ’ ਨਾਲ ‘ਪਾਤਸ਼ਾਹੀ 10’ ਲਿਖਣ ਦਾ? ਹੈ ਕੋਈ ਜਵਾਬ?

ਧੱਕੇ ਨਾਲ ਹੀ ‘ਮਹਾਂਕਾਲ’ ਅਤੇ ‘ਅਸਿਧੁਜ’ ਦੇ ਅਰਥ ‘ਅਕਾਲ ਪੁਰਖ’ ਕਰਨ ਵਾਲੇ ਵਿਦਵਾਨਾਂ ਅਤੇ ਆਮ ਸਿੱਖਾਂ ਦੀ ਸਪਸ਼ਟਤਾ ਵਾਸਤੇ (ਜੇ ਉਹ ਸਪਸ਼ਟ ਹੋਣਾ ਚਾਹੁਣ) ਇਸੇ ਰਚਨਾਂ ਵਿੱਚੋਂ ‘ਅਧਿਸੁਜ’ ਅਤੇ ‘ਮਹਾਕਾਲ’ ਦੇ ਸਰੂਪ ਬਾਰੇ ਜਾਣ ਲੈਂਦੇ ਹਾਂ। ਤ੍ਰਿਆ ਚਰਿੱਤਰ ਦੇ ਇਸੇ 404 ਨੰ: (ਜਿਸ ਵਿਚੋਂ ਇਹ ਬੇਨਤੀ ਚੌਪਈ’ ਬੜੇ ਬੇਦਲੀਲੇ ਅਤੇ ਬੇਈਮਾਨੀ ਭਰੇ ਢੰਗ ਨਾਲ ਚੋਰੀ ਕੀਤੀ ਗਈ ਹੈ) ਦੇ ਬੰਦ ਨੰ: 362 ਨੂੰ ਪੜ੍ਹੋ। ਬੰਦ ਹੈ:

ਮਹਾਕਾਲ ਪੁਨਿ ਜਿਸ ਮੈ ਕੋਪਾ। ਧਨੁਖ ਟੰਕੋਰਿ, ਬਹੁਰ ਰਨ ਰੋਪਾ।।

ਏਕ ਬਾਨ ਤੇ ਧੁਜਹਿ ਗਿਰਾਯੋ।। ਦੂਤੀਸ ਸ਼ਤ੍ਰ ਦੇ ਸੀਸ ਉਡਾਯੋ।। ।। 362. ।

ਅਰਥ: ਇਹ ਮਹਾਕਾਲ ਦੇ ਸੁਆਸ ਬੀਜ ਦੇ ਯੁੱਧ ਦਾ ਬਿਆਨ ਹੈ। ਇਸ ਬੰਦ ਦੇ ਅਰਥ ਹਨ।

ਮਹਾਕਾਲ ਨੇ ਦੁਬਾਰਾ ਮਨ ਵਿੱਚ ਬਹੁਤ ਕ੍ਰੋਧ ਕੀਤਾ। ਧਨੁੱਖ ਦੇ ਚਿੱਲੇ ਦੀ ਟੰਕਾਰ ਕੀਤੀ (ਭਾਵ ਉਸ ਨੂੰ ਤਿਆਰ ਕੀਤਾ) ਬੜਾ ਭਾਰੀ ਯੁੱਧ ਮਚਾਇਆ। ਇੱਕ ਤੀਰ ਨਾਲ ਸਵਾਬ ਬੀਜ ਦੇ ਰੱਥ ਦਾ ਝੰਡਾ ਗਿਰਾ ਦਿੱਤਾ। ਦੂਜੇ ਤੀਰ ਨਾਲ ਦੁਸ਼ਮਣ (ਸਵਾਸਬੀਜ) ਦਾ ਸਿਰ ਉਡਾ ਦਿੱਤਾ।

ਇਹ ਹੈ ਇਹ ਮਹਾਂਕਾਲ ਦਾ ਕਵੀ ਅਨੁਸਾਰ ਸਹੀ ਰੂਪ। ਜਾਗਰੂਕ ਸਮਝੇ ਜਾਂਦੇ ਵਿਦਵਾਨ! (ਖਾਸਕਰ ਜੋ ਇਹੋ ਜਿਹੀਆਂ ਪੰਥ ਪ੍ਰਵਾਨਿਤ ਕੱਚੀਆਂ ਬਾਣੀਆਂ ਤੋਂ ਬਿਨਾ ਕੌਮ ਦਾ ਬਚਣਾ ਅਸੰਭਵ ਸਮਝਦੇ ਹਨ ਤੇ ਪ੍ਰਚੱਲਤ ਰਹਿਤ ਮਰਿਯਾਦਾ ਨੂੰ ਇੰਨ ਬਿਨ ਮੰਨਣ ਦੀ ਬੇਦਲੀਲੀ, ਸਿਧਾਂਤ ਵਿਰੋਧੀ ਜ਼ਿੱਦ ਫੜੀ ਬੈਠੇ ਹਨ) ਕੀ ਗੁਰਮਤਿ ਅਨੁਸਾਰ ਦੱਸਿਆ ਅਕਾਲ ਪੁਰਖ ਯੁੱਧ ਵਿੱਚ ਤੀਰ ਕਮਾਨ ਚਲਾਉਂਦਾ ਹੈ? ਬਹੁਤ ਕ੍ਰੋਧਵਾਨ ਹੈ?

ਪਰ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਤਾਂ ਉਸ ਨੂੰ ਨਿਰਾਕਾਰ, ਅਜੂਨੀ ਤੇ ਮਿੱਠਬੋਲੜਾ ਦੱਸਦੇ ਹਨ। ਹੈ ਕੋਈ ਜਵਾਬ? ਜਾਣ ਬੁੱਝ ਕੇ ਗਲਤ ਸੋਚ ਰੱਖਣ ਵਾਲਿਆਂ ਪ੍ਰਤੀ ਗੁਰਵਾਕ ਹੈ:

ਮਨ ਜਾਨਤ ਹੈ ਸਭ ਬਾਤ ਜਾਨਤ ਹੀ ਅਉਗਣ ਕਰੇ।। (ਗੁਰੂ ਗ੍ਰੰਥ ਸਾਹਿਬ ਜੀ) ਆਉ ਤੁਹਾਡੇ ਵੱਲੋਂ ‘ਬੇਨਤੀ ਚੌਪਈ’ ਰਾਹੀਂ ਪ੍ਰਚਾਰੇ ਜਾ ਰਹੇ ਅਕਾਲ ਪੁਰਖ (ਅਸਿਕੇਤ, ਅਧਿਸੁਜ) ਦੇ ਸਰੂਪ ਦੇ ਦਰਸ਼ਨ ਵੀ ਇਸੇ ਰਚਨਾ ਤੋਂ ਕਰ ਲੈਂਦੇ ਹਾਂ। ਇਸੇ ਚਰਿੱਤਰ ਦਾ 374 ਨੰਬਰ ਬੰਦ ਪੜ੍ਹੋ। ਬੰਦ ਹੈ:

ਬਹੁਰ ਅਸੁਰ ਕਾ ਕਾਟਸਿ ਮਾਥਾ। ਸ੍ਰੀ ਅਸਕੇਤਿ ਜਗਤ ਕੇ ਨਾਥਾ।।

ਦੁਤਿਯ ਬਾਨ ਸੈ, ਦੇਉ ਅਰਿ ਕਰ।। ਕਾਟਿ ਦਯੋ ਅਸਿਧੁ ਨਰ ਨਾਹਰ।।

ਅਰਥ: ਫੇਰ ਜਗਤ ਦੇ ਮਾਲਕ ਸ੍ਰੀ ਅਸਿਕੇਤ (ਤਲਵਾਰ ਦੇ ਨਿਸ਼ਾਨ ਵਾਲੇ ਝੰਡੇ ਦਾ ਮਾਲਕ) ਨੇ ਰਾਕਸ਼ (ਅਸੁਰ) ਦਾ ਮੱਥਾ (ਸਿਰ) ਦਿੱਤਾ। ਕੀ ਗੁਰਮਤਿ ਦਾ ਅਕਾਲ ਪੁਰਖ ਯੁੱਧ ਵਿੱਚ ਤਲਵਾਰ ਚਲਾਉਂਦਾ ਹੈ? ਕੀ ਉਹ ਪੂਰੇ ਜਗਤ ਦਾ ਮਾਲਕ ਹੈ ਜਾਂ ਸਿਰਫ ਇੱਕ ਤਲਵਾਰ ਵਾਲੇ ਨਿਸ਼ਾਨ ਦੇ ਝੰਡੇ ਦਾ? ies g`l dw kI jvwb id`qw jw skdw hY?

ਕੀ ਐਸੇ ਯੁੱਧਾਂ ਵਿੱਚ ਤਲਵਾਰ ਅਤੇ ਤੀਰ ਚਲਾਉਣ ਵਾਲੇ ਨੂੰ ਦਸਮੇਸ਼ ਜੀ ਆਪਣਾ ਇਸ਼ਟ ਮੰਨਦੇ ਹਨ? ਪਰ ਤੁਹਾਡੀ ਪੰਥ ਪ੍ਰਵਾਣਿਤ ਬਾਣੀ ਤਾਂ ਇਹੀ ਪ੍ਰਚਾਰ ਰਹੀ ਹੈ। ਪ੍ਰਚਲਿਤ ਰਹਿਤ ਮਰਿਯਾਦਾ ਇਹੀ ਪ੍ਰਚਾਰ ਰਹੀ ਹੈ। ਹੁਣ ਅਸੀਂ ਇਸ ਪੰਥ ਪ੍ਰਵਾਣਕਤਾ ਤੇ ਰਹਿਤ ਮਰਿਯਾਦਾ ਦੇ ਅੱਗੇ ਸਿਰ ਝੁਕਾ ਕੇ (ਸਤਿ ਬਚਨ ਕਹਿ ਕੇ) ਦਸਮੇਸ਼ ਜੀ ਨੂੰ ਹੀ ਸਿਧਾਂਤ ਵਿਰੋਧੀ (ਲਿਖਤਾਂ ਦਾ ਰਚਨਾਕਾਰ) ਮੰਨ ਲਈਏ? ਢੱਠੇ ਖੂਹ ਵਿੱਚ ਪਵੇ ਇਹੋ ਜਿਹੀ ਪੰਥ ਪ੍ਰਵਾਨਿਕਤਾ। ਸਾਡੇ ਵਾਸਤੇ ਗੁਰੂ ਜ਼ਿਆਦਾ ਮਾਇਨੇ ਰੱਖਦਾ ਹੈ ਜਾਂ ਪੰਥ ਪ੍ਰਵਾਨਿਕਤਾ (ਰਹਿਤ ਮਰਿਯਾਦਾ) ? ਸਭ ਤੋਂ ਜ਼ਰੂਰੀ ਗੱਲ ਸਾਡੀ ਰਹਿਤ ਮਰਿਯਾਦਾ, ਸਾਡੀ ਜੀਵਨ ਜਾਂਚ ਗੁਰੂ ਪ੍ਰਵਾਨਿਤ ਹੋਵੇ ਜਾਂ ਪੰਥ ਪ੍ਰਵਾਨਿਤ? ਦਾਸ ਤਾਂ ਗੁਰੂ (ਗ੍ਰੰਥ ਸਾਹਿਬ) ਪ੍ਰਵਾਨਿਤ ਹੋਣ ਨੂੰ ਹੀ ਜ਼ਰੂਰੀ ਸਮਝਦਾ ਹੈ। ਜਿਹੜੀ ਪੰਥ ਪ੍ਰਵਾਨਿਕਤਾ ਦਸਮੇਸ਼ ਨੂੰ ਸਿਧਾਂਤ ਵਿਰੋਧੀ ਦਰਸਾਉਂਦੀ ਹੋਵੇ ਉਸ ਤੋਂ ਦਾਸ ਸਪਸ਼ਟ ਇਨਕਾਰੀ, ਮੁਨਕਰ ਹੈ। ਛੇਕਣਾ ਹੈ ਤਾਂ ਛੇਕ ਦੇਵੋ ਆਪਣੇ ‘ਪੰਥ ਗੁਰੂ ‘ਵਿਚੋਂ। ਗੁਰੂ ਨਾਲ ਨਿਭਣੀ ਚਾਹੀਦੀ ਹੈ ਭਾਵੇਂ ਹੋਰ ਕਿਸੇ ਨਾਲ ਨਾ ਨਿਭੇ। (ਫੇਰ ਉਹ ਚਾਹੇ ਅਖੌਤੀ ਪੰਥ ਹੀ ਕਿਉਂ ਨਾ ਹੋਵੇ) ਸੋਦਰ ਦੀ ਬਾਣੀ ਵਿੱਚ ਜੋੜੀ ਗਈ ‘ਬੇਨਤੀ ਚੌਪਈ’ ਦੇ ਅੰਤ ਵਿੱਚ ਇੱਕ ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੈ ਨਹੀ ਆਨਯੋ ‘ਵੀ ਪੜ੍ਹਿਆ ਜਾਂਦਾ ਹੈ। ਇਹ ਸਵੈਯਾ ਅਖੌਤੀ ਦਸਮ ਗ੍ਰੰਥ ਦੀ ਹੀ ਇੱਕ ਰਚਨਾ `ਚੌਵੀ ਅਵਤਾਰ’ ਦੇ ਰਾਮ ਅਵਤਾਰ ਵਾਲੇ ਹਿੱਸੇ ਵਿਚੋਂ ਲਿਆ ਗਿਆ ਹੈ। ਇਸ ਵਿੱਚ ਉਸੇ ਮਹਾਕਾਲ ਦੀ ਹੀ ਉਸਤਤ ਕੀਤੀ ਗਈ ਹੈ। ਉਸ ਦੇ ਸਾਹਮਣੇ ਰਾਮ, ਕ੍ਰਿਸ਼ਨ ਆਦਿ ਨੂੰ ਤੁੱਛ ਦੱਸਿਆ ਗਿਆ ਹੈ। ਇਹੀ ਆਮ ਬ੍ਰਾਹਮਣੀ ਮੱਤ ਹੈ। ਇੱਥੇ ਅਨੇਕਾਂ ਇਸ਼ਟ ਹਨ। ਜਦ ਕੋਈ ਮਨੁੱਖ ਕਿਸੇ ਇੱਕ ਇਸ਼ਟ ਦੀ ਉਸਤਤ ਕਰਦਾ ਹੈ ਤਾਂ ਬਾਕੀਆਂ ਨੂੰ ਤੁੱਛ ਜਾਂ ਨੀਵਾਂ ਵਿਖਾਉਂਦਾ ਹੈ। ਕੁਛ ਇਹੋ ਜਿਹਾ ਭਾਵ ਹੀ ਕ੍ਰਿਸ਼ਨਾਵਤਾਰ ਦੇ ਇੱਕ ਬੰਦ ‘ਕ੍ਰਿਸ਼ਨ ਬਿਸ਼ਨ ਨਾ ਕਬਹੂ ਧਿਆਊਂ’ ਦਾ ਵੀ ਮਿਲਦਾ ਹੈ। ਇਸ ਸਵੇਯੈ ਤੋਂ ਬਾਅਦ ਪੰਥ ਪ੍ਰਵਾਨਿਤ ਨਿਤਨੇਮ ਦੀ ਸੋਦਰ ਵਾਲੀ ਬਾਣੀ ਵਿੱਚ ਦਸਮ ਗ੍ਰੰਥ ਦਾ ਇੱਕ ਹੋਰ ਦੋਹਰਾ ਸਗਲ ਦੁਆਰ ਕੋ ਛਾਡਿ ਕੇ ਪੜ੍ਹਿਆ ਜਾਂਦਾ ਹੈ। ਇਹ ਦੋਹਰਾ ਵੀ ਆਪਣੀ ਮੂਲ ਰਚਨਾ ਦੇ ਨਾਲ ਪ੍ਰਸੰਗ ਵਿੱਚ ਜੋੜ ਕੇ ਪੜ੍ਹਿਆ ਜਾਵੇ ਤਾਂ ਸਪਸ਼ਟ ਗੁਰਮਤਿ ਵਿਰੋਧੀ ਸਾਬਿਤ ਹੋ ਜਾਂਦਾ ਹੈ। ਪਤਾ ਨਹੀਂ ਨਿਤਨੇਮ ਬਣਾਉਂਦੇ ਸਮੇਂ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਵਿੱਚੋਂ ਕਿਸ ਅਸੂਲ ਨਾਲ ਇੱਧਰੋਂ ਉਧਰੋਂ ਮਨ ਮਰਜੀ ਨਾਲ ਬੰਦ ਚੁੱਕ ਕੇ ਜੋੜ ਦਿੱਤੇ ਗਏ। ਇੱਥੇ ਤਾਂ ਉਹ ਕਹਾਵਤ ਸਹੀ ਸਾਬਿਤ ਹੁੰਦੀ ਹੈ ‘ਕਹੀਂ ਕੀ ਈਂਟ ਕਹੀ ਕਾ ਰੋੜਾ ਭਾਨੂੰ ਮਤੀ ਨੇ ਕੁੰਭ ਜੋੜਾ’ ਜੇ ਭਾਨੂੰਮਤੀ ਦੇ ਇਸ ਕੁੰਭ ਦੇ ਵਿਸਤਾਰ ਵਿੱਚ ਦਰਸ਼ਨ ਕਰਨੇ ਹੋਣ ਤਾਂ ਸੰਪ੍ਰਦਾਈਆਂ ਵੱਲੋਂ ਪੜ੍ਹੀ ਜਾਂਦੀ ਰਹਿਰਾਸ ਪੜ੍ਹੀ/ਸੁਣੀ ਜਾ ਸਕਦੀ ਹੈ। ਇਸ ਵਿੱਚ ਤਾਂ ‘ਪੁੰਨਿ ਰਾਛਸ ਕਾ ਕਾਟਾ ਸੀਸਾ, ਸ੍ਰੀ ਅਸਿਕੇਤ ਜਗਤ ਕੇ ਈਸਾ’ ਤੇ ਪਤਾ ਨਹੀਂ ਹੋਰ ਕਿਹੜੀਆਂ- ਕਿਹੜੀਆਂ ਕੱਚੀਆਂ ਰਚਨਾਵਾਂ ਜੋੜ ਕੇ ਪੜ੍ਹੀਆਂ ਜਾ ਰਹੀਆਂ ਹਨ। ਪਰ ਇੱਕ ਗੱਲ ਹੈ ਜਿਹੜਾ ਇਨ੍ਹਾਂ ਦੀ ਬਣਾਈ ਰਹਿਰਾਸ ਦੇ ਵਿੱਚ ‘ਬੇਨਤੀ ਚੌਪਈ’ ਦੇ ਨਾਲ ਜੋੜੇ ਦਸਮ ਗ੍ਰੰਥ ਦੇ ਹੋਰ ਬੰਦ ਥੋੜੇ ਵਿਚਾਰ ਕੇ ਪੜ੍ਹੇ ਤਾਂ ਇਸ ਦੇ ਕੱਚੇ ਪਨ ਦੀ ਸਾਰੀ ਖੇਡ ਸਪੱਸ਼ਟ ਹੋ ਜਾਂਦੀ ਹੈ। ਜਦ ਕਿ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦੇ ਨਿਤਨੇਮ ਵਿੱਚ ਉਹ ਤਿਕੜਮਬਾਜੀ ਕੀਤੀ ਗਈ ਹੈ ਕਿ ਆਮ ਸਿੱਖ ਨੂੰ ਇਸ ਕੱਚੇਪਨ ਦਾ ਪਤਾ ਨਾ ਚੱਲੇ। ਨਿਤਨੇਮ ਦਾ ਹਿੱਸਾ ਬਣ ਚੁੱਕੀ ‘ਬੇਨਤੀ ਚੌਪਈ’ ਬਾਰੇ ਐੱਸ. ਜੀ. ਪੀ. ਸੀ. (ਪੰਥ) ਦਾ ਕੀ ਸਟੈਂਡ ਹੈ (ਉਹ ਭਾਵੇਂ ਉਸ ਉੱਤੇ ਭਾਵੇਂ ਪਹਿਰਾ ਨਹੀਂ ਦਿੰਦੀ) ਇਸ ਦੀ ਜਾਣਕਾਰੀ ਲਈ, ਸੰਤੋਖ ਸਿੰਘ ਜੀ ਚੰਡੀਗੜ੍ਹ ਦਾ ਇਸੇ ਉੱਤੇ ਐੱਸ. ਜੀ. ਪੀ. ਸੀ. ਨਾਲ ਹੋਈ ਚਿੱਠੀ ਪੱਤਰ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ। ਉੱਥੇ ਐੱਸ. ਜੀ. ਪੀ. ਸੀ. ਨੇ ਸਚਾਈ ਸਪਸ਼ਟ ਕਰ ਦਿੱਤੀ ਹੈ। ਆਓ ਇਸ ਚਿੱਠੀ ਪੱਤਰ ਉੱਤੇ ਝਾਤ ਮਾਰੀਏ। ਸ. ਸੰਤੋਖ ਸਿੰਘ ਜੀ ਚੰਡੀਗੜ੍ਹ ਤੇ ਤ੍ਰਿਆ ਚਰਿੱਤਰ ਦੀ ਪ੍ਰਮਾਣਿਕਤਾ ਗੁਰੂ ਕ੍ਰਿਤ ਬਾਰੇ ਐੱਸ. ਜੀ. ਪੀ. ਸੀ. ਤੋਂ ਇੱਕ ਸਵਾਲ ਪੁੱਛਿਆ। ਉਸ ਦਾ ਜਵਾਬ ਐੱਸ. ਜੀ. ਪੀ. ਸੀ. ਨੇ ਆਪਣੇ ਪੱਤਰ ਨੰ: 36672 ਮਿਤੀ 03-08-1973 ਵਿੱਚ ਦਿੱਤਾ। ਉਸ ਜਵਾਬ ਦਾ ਹੂ-ਬ-ਹੂ ਉਤਾਰਾ ਹੇਠ ਲਿਖੇ ਅਨੁਸਾਰ ਹੈ:

‘ਆਪ ਜੀ ਦੀ ਪੱਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ; `ਚਰਿਤ੍ਰੋ ਪਖਯਨ’ ਜੋ ਦਸਮ ਗ੍ਰੰਥ ਵਿੱਚ ਅੰਕਿਤ ਹੈ। ਇਹ ਦਸਮੇਸ਼ ਬਾਣੀ ਨਹੀਂ ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।

ਦਸਤਖਤ

ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,

ਸ਼ੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ

ਇਨ੍ਹਾਂ ਹੀ ਸੰਤੋਖ ਸਿੰਘ ਜੀ ਨੇ ਇਸ ਸਪੱਸ਼ਟੀ ਕਰਣ (ਜਵਾਬ) ਤੋਂ ਬਾਅਦ ਆਪਣਾ ਇੱਕ ਹੋਰ ਸਵਾਲ ਕਬਯੋਬਾਚ ‘ਬੇਨਤੀ ਚੌਪਈ’ ਦੀ ਪ੍ਰਮਾਣਿਕਤਾ (ਗੁਰੂ ਕ੍ਰਿਤ) ਬਾਰੇ ਐੱਸ. ਜੀ. ਪੀ. ਸੀ. ਨੂੰ ਲਿਖਿਆ। ਇਸ ਸਵਾਲ ਦਾ ਜਵਾਬ ਧਰਮ ਪ੍ਰਚਾਰ ਕਮੇਟੀ ਐੱਸ. ਜੀ. ਪੀ. ਸੀ. ਨੇ ਆਪਣੇ ਪੱਤਰ 37540/6-2 ਮਿਤੀ 13-10-73 ਰਾਹੀਂ ਹੇਠ ਲਿਖੇ ਅਨੁਸਾਰ ਦਿੱਤਾ:

‘ਆਪ ਜੀ ਦੇ ਕ੍ਰਿਪਾ ਪੱਤਰ 10-9-73 ਦੇ ਸਬੰਧ ਵਿੱਚ ਰੀਸਰਚ ਸਕਾਲਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਰਾਇ ਹੇਠ ਲਿਖੇ ਅਨੁਸਾਰ ਹੈ:

‘ਕਬਿਯੋਬਾਚ ਬੇਨਤੀ ਚੌਪਈ’ -ਹਮਰੀ ਕਰੋ ਹਾਥ ਦੇ ਰੱਛਾ ਦੇ ਸਬੰਧ ਵਿੱਚ ਡਾ. ਰਤਨ ਸਿੰਘ ਜੱਗੀ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਵਧੇਰੇ ਖੋਜ ਕੀਤੀ ਹੈ। ਇਸ ਲਈ ਆਪ ਜੀ ਨੇ ਜੱਗੀ ਹੋਰਾਂ ਨਾਲ ਤਬਾਦਲਾ ਖਿਆਲ ਕਰ ਲੈਣਾ।

ਦਸਤਖਤ

ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,

ਸ਼ੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ (ਬਾਕੀ ਅਗਲੇ ਹਫਤੇ)

ਤੱਤ ਗੁਰਮਤਿ ਪਰਿਵਾਰ