ਭਗਉਤੀ ਕੀ ਵਾਰ ਖੰਡ ਵਿਚ ਲਪੇਟ ਕੇ ਦਿੱਤੀ ਜਹਿਰ


ਭਗਉਤੀ ਕੀ ਵਾਰ ਖੰਡ ਵਿਚ ਲਪੇਟ ਕੇ ਦਿੱਤੀ ਜਹਿਰ

ਸਿਖ ਕੌਮ ਦੇ ਵਿਰੋਧੀਆਂ ਵਲੋਂ ਵਕਤ ਵਕਤ ਤੇ ਅਨੇਕਾਂ ਸਾਜਿਸ਼ਾ ਰਚਕੇ ਸਿਖਾਂ ਨੂੰ ਆਪਣੇ ਧੁਰੇ (ਇੱਕ ਅਕਾਲ ਪੁਰਖ) ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ| ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਵਲੋਂ ਅਨੇਕਾਂ ਤਰਾਂ ਦੀਆਂ ਝੂਠੀਆਂ ਸਾਖੀਆਂ ਘੜ ਕੇ, ਪਰੰਪਰਾਵਾਦ ਦਾ ਢੰਡੋਰਾ ਪਿੱਟਣ ਵਾਲਿਆਂ ਵਲੋਂ ਬੜੇ ਜੋਰ ਸ਼ੋਰ ਨਾਲ ਪ੍ਰਚਾਰ ਕਰਕੇ ਸਿਖਾਂ ਨੂੰ ਦਿਸ਼ਾਹੀਣ ਕਰਨ ਦੀ ਕੋਸ਼ਿਸ਼ ਕੀਤੀ ਗਈ| ਇਹਨਾਂ ਹੀ ਲੋਕਾਂ ਵਲੋਂ ਕਦੀ ਭਾਈ ਬਾਲਾ ਜੀ ਦੇ ਫਰਜੀ ਨਾਮ ਤੇ 'ਭਾਈ ਬਾਲੇ ਵਾਲੀ ਜਨਮ ਸਾਖੀ' ਘੜੀ ਗਈ ਤੇ ਉਸ ਵਿਚ ਰੱਜ ਕੇ ਗੁਰਮਤਿ ਵਿਚਾਰਧਾਰਾ ਦਾ ਮਜਾਕ ਉਡਾਇਆ ਗਿਆ ਤੇ ਬੜੇ ਟੇਢੇ ਤਰੀਕੇ ਦੇ ਨਾਲ ਗੁਰੂ ਨਾਨਕ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਉਸਨੂੰ ਵੀ ਇਹਨਾਂ ਅਖੌਤੀ ਪ੍ਰੰਪਰਾਵਾਦੀਆਂ ਨੇ ਰੱਜ ਕੇ ਪ੍ਰਚਾਰਿਆ | ਇਹ ਤਾਂ ਸ਼ੁਕਰ ਹੈ ਗਿਆਨੀ ਦਿੱਤ ਸਿੰਘ ਜੀ ਦਾ ਜਿਹਨਾਂ ਨੇ ਆਪਣੀ ਪੁਸਤਕ 'ਕੱਤਕ ਕਿ ਵਿਸਾਖ' ਰਾਹੀਂ ਸਿਖ ਕੌਮ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਤੇ ਇਸ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਅਸਲੀਅਤ ਨੂੰ ਸਿਖ ਸੰਗਤਾਂ ਮੂਹਰੇ ਪੇਸ਼ ਕੀਤਾ | ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਲੋਕਾਂ ਵਲੋਂ ਸਿਖ ਗੁਰੂਆਂ ਨੂੰ ਨੀਵਾਂ ਦਿਖਾਉਣ ਲਈ ਤੇ ਸਿਖਾਂ ਨੂੰ ਪੱਕੇ ਤੌਰ ਤੇ ਹਿੰਦੂਆਂ ਦੇ ਗੁਲਾਮ ਬਣਾਉਣ ਲਈ ਜਾਣੇ ਅਨਜਾਣੇ ਇੱਕ ਸਾਜਿਸ਼ ਅਤੇ ਸਮਝੌਤੇ ਦੇ ਅਧੀਨ ਸਿਖ ਰਹਿਤ ਮਰਿਯਾਦਾ ਦੇ ਨਾਮ ਹੇਠ ਇਸ ਭਗਉਤੀ ਨੂੰ ਸਿਖਾਂ ਦੇ ਗਲੇ ਅਰਦਾਸ ਬਣਾ ਕੇ ਮੜ ਦਿੱਤਾ ਗਿਆ ਹੈ ਜਿਸਤੋਂ ਕਿ ਅੱਜ ਖਹਿੜਾ ਛੁਡਾਉਣਾ ਬੜਾ ਮੁਸ਼ਕਿਲ ਹੋਇਆ ਪਿਆ ਹੈ | ਭੋਲੇ ਭਾਲੇ ਸਿਖ ਬਚਿੱਤਰ ਨਾਟਕ ਬਾਰੇ ਜਾਣਕਾਰੀ ਨਾਂ ਹੋਣ ਕਰਕੇ ਇਸ ਭਗਉਤੀ ਦੇ ਅੱਗੇ ਹੀ ਅਰਦਾਸਾਂ ਕਰਦੇ ਚਲੇ ਆ ਰਹੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਕਿ ਜਿਸ ਭਗਉਤੀ ਨੂੰ ਉਹ  ਸ਼ਕਤੀ ਵਾਚਕ ਤਲਵਾਰ ਸਮਝ ਰਹੇ ਹਨ  ਤੇ ਕੋਈ ਅਕਾਲ ਪੁਰਖ ਸਮਝ ਰਿਹਾ ਹੈ ਅਸਲ ਵਿਚ ਦੇਵੀ ਦੁਰਗਾ, ਕਾਲਕਾ, ਚੰਡਕਾ ਜਾਂ ਚੰਡੀ, ਕਾਲੀ ਤੇ ਭਗਉਤੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ| ਅਸਲ ਵਿਚ ਜਿਥੋਂ ਇਹ ਅਰਦਾਸ ਦੀ ਪਉੜੀ ਲਈ ਗਈ ਹੈ ਉਹ ਸਾਰੀ ਇਹਨਾਂ ਦੇਵੀਆਂ ਦੀ ਉਪਮਾ ਨਾਲ ਹੀ ਭਰੀ ਪਈ ਹੈ |

ਜਿਸਨੂੰ ਅੱਜ 'ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦' ਆਖਿਆ ਜਾਂਦਾ ਹੈ ਅਸਲ ਵਿਚ ਇਹ 'ਵਾਰ ਦੁਰਗਾ ਕੀ' ਸੀ ਜਿਸਨੂੰ ਬਦਲ ਕੇ ਅੱਜ ਵਾਲਾ ਪ੍ਰਚਲਿਤ ਨਾਮ ਦੇ ਦਿੱਤਾ ਗਿਆ ਤੇ ਇਸਦੇ ਟਾਈਟਲ ਨਾਲ ਇੱਕ ਸੋਚੀ ਸਮਝੀ ਸਾਜਿਸ਼ ਦੁਆਰਾ ਪਾਤਸ਼ਾਹੀ ੧੦ ਵੀ ਜੋੜ ਦਿੱਤਾ ਗਿਆ ਤਾਂ ਕਿ ਕੋਈ ਵੀ ਸਿਖ ਅਖਵਾਉਣ ਵਾਲਾ ਇਸਤੇ ਸ਼ੱਕ ਨਾਂ ਕਰ ਸਕੇ ਤੇ ਨਾਂ ਹੀ ਇਸਦੇ ਉਲਟ ਕੁਝ ਕਹਿਣ ਦੀ ਜੁਅਰੱਤ ਕਰ ਸਕੇ | ਇਥੇ ਸਿਖ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਭਾਗ ਸਿੰਘ ਜੀ ਅੰਬਾਲਾ ਦਾ ਵਿਸ਼ੇਸ਼ ਜਿਕਰ ਕਰਨਾ ਬਣਦਾ ਹੈ ਜਿਹਨਾਂ ਨੇ ਇਸ ਭਗਉਤੀ ਵਾਲੀ ਵਾਰ ਬਾਰੇ ਬੜੀ ਦੇਰ ਪਹਿਲਾਂ ਹੀ ਸਾਵਧਾਨ  ਕਰ ਦਿੱਤਾ ਸੀ ਅਜੋਕੇ ਸਮੇਂ ਅੰਦਰ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਉਹਨਾਂ ਤੋਂ ਬਾਅਦ ਪ੍ਰੋ: ਦਰਸ਼ਨ ਸਿੰਘ ਜੀ ਨੇ ਇਸ ਬਚਿੱਤਰ ਨਾਟਕ ਦੀਆਂ ਰਚਨਾਵਾਂ ਦਾ ਪਾਜ ਉਘਾੜਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ| ਇਸ ਵਾਰ ਅੰਦਰ ਥਾਂ ਪਰ ਥਾਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਵਿਚਾਰ ਦਿੱਤੇ ਹੋਏ ਹਨ ਇੱਕ ਥਾਂ ਕਵੀ ਲਿਖਦਾ ਹੈ ਕਿ :

ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥
ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥

ਇਸਦੇ ਸੌਖੇ ਅਰਥ ਕੀਤਿਆਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਯੁਧ ਸ਼ੁਰੂ ਹੋ ਗਿਆ ਤੇ ਦੁਰਗਾ ਨੇ ਕਿਰਪਾਨ ਨੂੰ ਧੂਹ ਕੇ ਦੈਂਤ ਤੇ ਬੜੀ ਜੋਰ ਨਾਲ ਵਾਰ ਕੀਤਾ ਤੇ ਉਹ ਕਿਰਪਾਨ ਉਸਦੇ ਸਿਰ ਤੋਂ ਹੁੰਦੀ ਹੋਈ ਉਸਦੇ ਸਰੀਰ ਨੂੰ ਚੀਰਦੀ ਹੋਈ, ਘੋੜੇ ਦੀ ਕਾਠੀ ਨੂੰ ਚੀਰ ਕੇ ਧਰਤੀ ਦੇ ਹੇਠਾਂ ਜਾ ਕੇ ਇਹਨਾਂ ਦੇ ਧਉਲੇ ਬਲਦ ਦੇ ਸਿੰਗਾਂ ਨੂੰ ਜਾ ਟਕਰਾਈ |
ਹੁਣ ਇਹ ਵਿਚਾਰਧਾਰਾ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਬਿਲਕੁੱਲ ਉਲਟ ਹੈ ਗੁਰਬਾਣੀ ਕਿਸੇ ਧਉਲੇ ਬਲਦ ਨੂੰ ਨਹੀਂ ਮੰਨਦੀ ਬਲਕਿ ਇਹ ਆਖਦੀ ਹੈ ਕਿ:

ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਹੁਣ ਜੇਕਰ ਇਹ ਦੁਰਗਾ ਕੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਹੁੰਦੀ ਤਾਂ ਉਹਨਾਂ ਦੇ ਵਿਚਾਰ ਗੁਰੂ ਨਾਨਕ ਜੀ ਨਾਲੋਂ ਵਖਰੇ ਕਿਵੇਂ ਹੋ ਸਕਦੇ ਸਨ ? ਗੁਰੂ ਨਾਨਕ ਜੀ ਨੇ ਤਾਂ ਕਿਸੇ ਧਉਲੇ ਬਲਦ ਨੂੰ ਨਹੀਂ ਮੰਨਿਆਂ ਬਲਕਿ ਇਹੋ ਜਿਹੀਆਂ ਗੱਪਾਂ ਮਾਰਨ ਵਾਲਿਆਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਤੁਸੀਂ ਕੋਈ ਧੌਲਾ ਬਲਦ ਮੰਨਦੇ ਹੋ ਤਾਂ ਉਹ ਕਿਸਦੇ ਤਲ ਤੇ ਖੜਾ ਹੈ ਆਖਿਰ ਉਹ ਵੀ ਤਾਂ ਧਰਤੀ ਦੇ ਉੱਤੇ ਹੀ ਖੜਾ ਹੋਵੇਗਾ ਤੇ ਫਿਰ ਇਸ ਤਰਾਂ ਗਿਣਤੀਆਂ ਮਿਣਤੀਆਂ ਕਰਦਿਆਂ ਹੋਇਆਂ ਆਖਿਰ ਕੋਈ ਤਲ ਤਾਂ ਮੰਨਣਾ ਹੀ ਪਵੇਗਾ ਪਰ ਗੁਰੂ ਨਾਨਕ ਜੀ ਨੇ ਤਾਂ ਦਇਆ ਦੇ ਪੁੱਤਰ ਧਰਮ ਨੂੰ ਹੀ ਦੁਨੀਆਂ ਦਾ ਸਹਾਰਾ ਮੰਨਿਆਂ ਹੈ ਤੇ ਸੰਤੋਖ ਰੂਪੀ ਸੂਤ ਦੇ ਨਾਲ ਇਸਨੂੰ ਟਿਕਿਆ ਹੋਇਆ ਦੱਸਿਆ ਹੈ |

ਹੋਰ ਵੀ ਅਨੇਕਾਂ ਥਾਵਾਂ ਤੇ ਕਵੀ ਨੇ ਦੇਵੀ ਦੁਰਗਾ ਦੀ ਉਸਤਤ ਕਰਦਿਆਂ ਰੱਜ ਕੇ ਗੱਪਾਂ ਮਾਰੀਆਂ ਨੇ ਕਿਤੇ ਦੈਂਤਾਂ ਵਲੋਂ ਸੂਰਤਾਂ (ਸ਼ਕਲਾਂ) ਵਧਾ ਲੈਣ ਦੀਆਂ ਗੱਪਾਂ ਨੇ ਤੇ ਕਿਤੇ ਦੈਂਤਾਂ ਦੇ ਲਹੂ ਵਿਚੋਂ ਹੋਰ ਦੈਂਤਾਂ ਦੇ ਜਨਮ ਲੈਣ ਦੀਆਂ ਗਪੋੜਾਂ ਹਨ ਭਲਾ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀਆਂ ਬੇ ਸਿਰ ਪੈਰ ਗੱਲਾਂ ਕਿਉਂ ਲਿਖਦੇ ?

ਹੁਣ ਵਧਦੇ ਹਾਂ ਇਸ ਵਾਰ ਦੀ ਆਖਰੀ ਪਉੜੀ ਵੱਲ ਜਿਥੇ ਕਵੀ ਆਖਦਾ ਹੈ ਕਿ ਦੁਰਗਾ ਨੇ ਸ਼ੁੰਭ ਨਿਸ਼ੁੰਭ ਦੈਂਤਾਂ ਨੂੰ ਜਮਪੁਰੀ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ ਤਿਲਕ ਦੇਣ ਲਈ ਬੁਲਾ ਲਿਆ ਤੇ ਇੰਦਰ ਦੇ ਸਿਰ ਉੱਤੇ ਛਤਰ ਝੁਲਾ ਦਿੱਤਾ, ਇਸ ਤਰਾਂ ਜਗਤ ਦੀ ਮਾਤਾ (ਦੁਰਗਾ) ਦਾ ਜੱਸ ਚੌਦਾਂ ਲੋਕਾਂ ਭਾਵ ਪੂਰੀ ਲੋਕਾਈ ਵਿਚ ਛਾ ਗਿਆ|

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖਨੋ ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥

ਹੁਣ ਵਧਦੇ ਹਾਂ ਇਸ ਪਉੜੀ ਦੀਆਂ ਆਖਰੀ ਤੁਕਾਂ ਵੱਲ ਜਿਥੇ ਜਾ ਕੇ ਸਾਰੀ ਗੱਲ ਹੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਸਾਰੀਆਂ ਪਉੜੀਆਂ ਦੁਰਗਾ ਦੇ ਪਰਥਾਏ ਹਨ ਅਤੇ ਆਮ ਲੋਕਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜਕੇ ਇਸਦੇ ਚੱਕਰ ਵਿਚ ਪੱਕੇ ਤੌਰ ਤੇ ਫਸਾਉਣ ਲਈ ਇੱਕ ਲਾਲਚ ਵੀ ਦੇ ਦਿੱਤਾ ਗਿਆ ਕਿ ਜਿਹੜਾ ਵੀ ਇਸਦਾ ਪਾਠ ਕਰੇਗਾ ਜਾਂ ਇਸ ਦੁਰਗਾ ਦੇ ਪਾਠ ਨੂੰ ਗਾਵੇਗਾ ਉਹ ਜਨਮ ਮਰਨ ਦੇ ਚੱਕਰਾਂ ਤੋਂ ਬਚ ਜਾਵੇਗਾ|

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥


ਇਸ ਅੰਤਲੀ ਪਉੜੀ ਨੂੰ ਪੜਿਆਂ ਵਿਚਾਰਿਆਂ ਸਭ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਰੀਆਂ 55 ਪਉੜੀਆਂ ਹੀ ਦੁਰਗਾ ਦੇ ਸਬੰਧ ਵਿਚ ਹਨ ਤੇ ਭਗਉਤੀ ਦੇ ਅਰਥ ਕਿਸੇ ਤਰਾਂ ਖਿਚ ਧੂਹ ਕੇ ਵੀ ਤਲਵਾਰ, ਸ਼ਕਤੀ ਜਾਂ ਅਕਾਲ ਪੁਰਖ ਕੀਤੇ ਹੀ ਨਹੀਂ ਜਾ ਸਕਦੇ ਕਿਉਂਕਿ ਇਸ ਅੰਤਲੀ ਪਉੜੀ ਨੇ ਸਾਰਾ ਕੁਝ ਹੀ ਸਪਸ਼ਟ ਕਰ ਦਿੱਤਾ ਹੈ| ਹੁਣ ਇਸ ਅੰਤਲੀ ਪਉੜੀ ਦੇ ਨਾਲ ਪਹਿਲੀ ਪਉੜੀ ਨੂੰ ਮੇਲ ਕੇ ਦੇਖੋ ਤਾਂ ਕਿਸੇ ਅਨਜਾਣ ਬੰਦੇ ਨੂੰ ਵੀ ਸਮਝ ਆ ਜਾਵੇਗੀ ਕਿ ਕਵੀ ਕਿਸੇ ਭਗਉਤੀ (ਦੇਵੀ ਦੁਰਗਾ) ਕੋਲੋਂ ਸਹਾਇਤਾ ਦੀ ਮੰਗ ਕਰ ਰਿਹਾ ਹੈ |
ਸ੍ਰੀ ਭਗਉਤੀ ਜੀ ਸਹਾਇ ॥ ਸਹਾਇਤਾ ਮੰਗਣਾ ਹੀ ਤਾਂ ਹੈ


ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥

ਇਥੇ ਬਚਿੱਤਰ ਨਾਟਕ ਦੇ ਲਿਖਾਰੀ ਨੇ ਬੜੀ ਸ਼ਰਾਰਤ ਦੇ ਨਾਲ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੂੰ ਭਗਉਤੀ ਦੇ ਅਧੀਨ ਕਰ ਦਿੱਤਾ ਹੈ ਤੇ ਸਿਖਾਂ ਦੇ ਗੁਰੂਆਂ ਦੇ ਨਾਮ ਵਰਤ ਕੇ ਤੇ ਵਖੋ ਵਖਰੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਕੇ ਸਿਖਾਂ ਨੂੰ ਖੰਡ ਵਿਚ ਜਹਿਰ ਲਪੇਟ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ  ਉਹਨਾਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੋ ਅਜੇ ਵੀ ਇਸ ਦੁਰਗਾ ਕੀ ਵਾਰ ਜਿਸਨੂੰ ਭਗਉਤੀ ਕੀ ਵਾਰ ਆਖਿਆ ਜਾਂਦਾ ਹੈ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਦੱਸੀ ਜਾ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਪੁਜਾਰੀ ਸਾਬਿਤ ਕਰਨ ਦੀ ਘਿਨਾਉਣੀ ਹਰਕਤ ਕਰ ਰਹੇ ਹਨ|ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਨਹੀਂ ਪੂਰੀ ਗੁਰੂ ਨਾਨਕ ਵਿਚਾਰਧਰਾ ਨੂੰ ਹੀ ਪੁਠਾ ਗੇੜਾ ਦੇਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਤੇ ਹਰ ਗੁਰਦਵਾਰੇ ਅੰਦਰ ਗੁਰੂ ਗਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬਾਨ ਨੂੰ ਦੇਵੀ ਦਾ ਉਪਾਸ਼ਕ ਆਖ ਕੇ ਗੁਰੂ ਗਰੰਥ ਸਾਹਿਬ ਜੀ ਦਾ ਮਜਾਕ ਉਡਾ ਰਹੇ ਹਨ ਆਖਿਰ ਅਸੀਂ ਇਹ ਕੁਕਰਮ ਕਦੋਂ ਤੱਕ ਕਰਦੇ ਰਹਾਂਗੇ ਆਖਿਰ ਆਵਾਜ ਤਾਂ ਬੁਲੰਦ ਕਰਨੀ ਹੀ ਪਵੇਗੀ ਤੇ ਇਸ ਹੋ ਰਹੇ ਸਿਖ ਸਿਧਾਂਤਾਂ ਦੇ ਘਾਣ ਨੂੰ ਰੋਕਣਾ ਤਾਂ ਪਵੇਗਾ ਹੀ, ਸੋ ਵੀਰੋ ਤੇ ਭੈਣੋ ਹਰ ਗੁਰਦਵਾਰੇ ਅੰਦਰ ਇਸ ਹੋ ਰਹੇ ਕੁਕਰਮ ਨੂੰ ਠੱਲ ਪਾਉਣ ਲਈ ਵਧ ਤੋਂ ਵਧ ਲੋਕਾਂ ਨੂੰ ਇਸ ਅਰਦਾਸ ਦੀ ਪਉੜੀ ਬਾਰੇ ਜਾਗਰੂਕ ਕਰੋ|ਆਉ ਇਸ ਬਚਿੱਤਰ ਨਾਟਕ ਦੀਆਂ ਰਚਨਾਵਾਂ, ਜੋ ਕੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਹੀ ਨਹੀਂ ਖਾਂਦੀਆਂ ਬਾਰੇ ਸਭਨੂੰ ਜਾਗਰੂਕ ਕਰਕੇ ਗੁਰੂ ਦੇ ਸਪੁੱਤਰ ਹੋਣ ਦਾ ਮਾਣ ਹਾਸਿਲ ਕਰੀਏ ਤੇ ਗੁਰੂ ਗਰੰਥ ਸਾਹਿਬ ਜੀ ਅੰਦਰ ਦਰਸਾਈ ਹੋਈ ਅਕਾਲ ਪੁਰਖ ਦੀ ਸਿਰਮੌਰਤਾ ਵਾਲੀ ਅਰਦਾਸ ਨੂੰ ਅਪਣਾਈਏ | ਵੈਸੇ ਤਾਂ ਗੁਰੂ ਗਰੰਥ ਸਾਹਿਬ ਜੀ ਅੰਦਰ ਬਹੁਤ ਤਰਾਂ ਦੀਆਂ ਮਨੁਖੱਤਾ ਦੇ ਭਲੇ ਲਈ ਅਰਦਾਸਾਂ ਕਰਨ ਦੀ ਜਾਚ ਸਿਖਾਈ ਹੋਈ ਹੈ ਪਰ ਅਕਾਲ ਪੁਰਖ ਜੀ ਦੀ ਸਿਰਮੋਰਤਾ ਵਾਲੀਆਂ ਕੁਝ ਅਰਦਾਸਾਂ ਦਾ ਵੰਨਗੀ ਮਾਤਰ ਇਥੇ ਜਿਕਰ ਕਰਨਾ ਠੀਕ ਸਮਝਦਾ ਹਾਂ ਜਿਵੇਂ ਕਿ ਗਉੜੀ ਰਾਗ ਅੰਦਰ ਪੰਨਾ 268 ਤੇ ਦਰਸਾਈ ਅਰਦਾਸ:

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥

ਗੁਰੂ ਗਰੰਥ ਸਾਹਿਬ ਜੀ ਦੇ ਪੰਨਾ 103 ਤੇ ਮਾਝ ਰਾਗ ਅੰਦਰ ਦਰਸਾਈ ਅਰਦਾਸ ਦਾ ਨਮੂਨਾ:

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥2॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥3॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥4॥

ਬਚਿੱਤਰ ਨਾਟਕ ਅੰਦਰ ਇੱਕ ਹੋਰ ਜਗਾ ਵੀ ਇਸ ਭਗਉਤੀ ਦੇ ਨਾਲ ਮਿਲਦੀ ਜੁਲਦੀ ਹੀ ਰਚਨਾ ਹੈ ਜਿਸਨੂੰ ਅੱਜ ਵੀ ਬਹੁਤ ਸਾਰੇ ਵੀਰ ਸੋਦਰ ਦੇ ਪਾਠ ਵੇਲੇ ਅਕਾਲ ਪੁਰਖ ਸਮਝ ਕੇ ਪਰ ਅਸਲ ਵਿਚ ਦੁਰਗਾ ਦੀ ਉਪਮਾ ਕਰਦੇ ਸੁਣੇ ਜਾ ਸਕਦੇ ਹਨ ਤੇ ਉਹ ਬੜੇ ਜੋਰ ਸ਼ੋਰ ਨਾਲ ਇਹ ਤੁਕਾਂ ਪੜਦੇ ਹਨ ਜਿਸ ਵਿਚ ਕਵੀ ਨੇ ਇਸ ਗਪੋੜ ਬਚਿੱਤਰ ਨਾਟਕ ਦੀ ਸੰਪੂਰਨਤਾ ਹੋਣ ਤੇ ਦੁਰਗਾ (ਜਗਤ ਦੀ ਮਾਤਾ) ਤੇ ਅਸਧੁਜ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਹਨਾਂ ਦਾ ਜੱਸ ਗਾਇਨ ਕੀਤਾ ਹੈ ਉਥੇ ਵੀ ਉਸਨੇ ਮਨ ਇਛਤ ਫਲ ਪਾਉਣ ਦੀ ਤੇ ਇਹਨਾਂ ਦੀ ਕਿਰਪਾ ਦੁਆਰਾ ਦੁਖਾਂ ਤੋਂ ਛੁਟਕਾਰਾ ਪਾਉਣ ਦੀ ਗੱਲ ਕੀਤੀ ਹੈ|

ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗਰੰਥ ਕਰਾ ਪੂਰਨ ਸੁਭ ਰਾਤਾ ॥
ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥402॥
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥
ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥403॥

ਸੋ ਵੀਰੋ ਤੇ ਭੈਣੋ ਆਉ ਸਾਰੇ ਰਲਕੇ ਇਸ ਬਚਿੱਤਰ ਨਾਟਕ ਵਾਲੀ ਅਰਦਾਸ ਨੂੰ ਤਿਆਗਦੇ ਹੋਏ ਗੁਰੂ ਗਰੰਥ ਸਾਹਿਬ ਜੀ ਅੰਦਰ ਦਰਸਾਈ ਹੋਈ ਅਰਦਾਸ ਨੂੰ ਅਪਣਾਈਏ| ਬਚਿੱਤਰ ਨਾਟਕ ਜਿਸਨੂੰ ਕਿ ਇੱਕ ਸਾਜਿਸ਼ ਦੁਆਰਾ ਸਿਖ ਕੌਮ ਦੇ ਵਿਹੜੇ ਅੰਦਰ ਵਾੜਿਆ ਗਿਆ ਹੈ, ਦੇ ਪਾਜ ਨੂੰ ਉਘਾੜ ਦੇਈਏ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ, ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਇੱਕ ਕਾਫਿਲੇ ਦੇ ਰੂਪ ਵਿਚ ਅੱਗੇ ਵਧੀਏ ਜਿਸਦੇ ਸਾਹਮਣੇ ਸਾਡੇ ਗੁਰੂ ਨੂੰ ਨੀਵਾਂ ਦਿਖਾਉਣ ਵਾਲਾ ਕੋਈ ਟਿਕ ਨਾਂ ਸਕੇ, ਕੋਈ ਵੀ ਸਾਡੇ ਗੁਰੂ ਦੀ ਤੌਹੀਨ ਕਰਨ ਦੀ ਜੁਅਰੱਤ ਨਾਂ ਕਰ ਸਕੇ|ਆਉ ਸਾਰੇ ਰਲਕੇ ਇੱਕ ਕਾਫਿਲੇ ਦੇ ਰੂਪ ਵਿਚ ਅੱਗੇ ਵਧੀਏ ਤੇ ਆਖੀਏ ਕਿ :
ਗੁਰੂ ਨੂੰ ਮੰਦਾ ਕਹਿਣ ਨੀਂ ਦੇਣਾ |
ਬਚਿੱਤਰ ਨਾਟਕ ਰਹਿਣ ਨੀਂ ਦੇਣਾ |

ਰੇਸ਼ਮ ਸਿੰਘ ਇੰਡਿਆਨਾ