‘ਵੰਦੇ ਮਾਤਰਮ’ ਬਨਾਮ ‘ਦੇਹ ਸਿ਼ਵਾ’ - ਸਰਵਜੀਤ ਸਿੰਘ

‘ਵੰਦੇ ਮਾਤਰਮ’ ਬਨਾਮ ‘ਦੇਹ ਸਿ਼ਵਾ’

ਸਰਵਜੀਤ ਸਿੰਘ

ਖ਼ਬਰਾਂ ਵਿਚ ਸੁ਼ਰੂ ਹੋਈ ਨਵੀ ਚਰਚਾ ਬਾਰੇ ਮੈਨੂੰ ਇਹ ਡਰ ਸੀ ਕਿ ਕੋਈ ਸਿੱਖ ਜਥੇਬੰਦੀ ਕਿਤੇ ਇਹ ਐਲਾਨ ਹੀ ਨਾ ਕਰ ਦੇਵੇ ਕਿ ਅਸੀ ਵੰਦੇ ਮਾਤਰਮ ਦੀ ਦੀ ਥਾਂ ‘ਦੇਹੁ ਸਿ਼ਵਾ ਬਰ ਮੋਹਿ ਇਹੈ’ ਦਾ ਗਾਇਨ ਕਰਾਂਗੇ। ਅਖੀਰ ਇਹ ਐਲਾਨ ਹੋ ਹੀ ਗਿਆ ਅਤੇ ਇਹ ਕੀਤਾ ਵੀ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਿਫ਼ਾਫਾ਼ ਮਾਰਕਾ ਪ੍ਰਧਾਨ ਵਲੋ਼। ਇਨ੍ਹਾਂ ਦੋਵਾਂ ਵਿਚ ਕੀ ਫਰਕ ਹੈ ਭਾਵੇ ‘ਦੇਹੁ ਸਿ਼ਵਾ ਬਰ ਮੋਹਿ ਇਹੈ’ ਦਾ ਗਾਇਨ ਕਰੋ ਜਾਂ ‘ਵਵੰਦੇ ਮਾਤਰਮ’ ਦਾ, ‘ਬਰ’ ਤਾਂ ਪਾਰਵਤੀ ਤੋ ਹੀ ਮੰਗਣਾ ਹੈ। ‘ਦੇਹੁ ਸਿ਼ਵਾ ਬਰ ਮੋਹਿ ਇਹੈ’ ਵਿਚ ਬਰ ‘ਸਿ਼ਵਾ’ ਤੋ ਮੰਗਿਆ ਜਾ ਰਿਹਾ ਹੈ ਅਤੇ ਬੰਦੇ ਮਾਤ੍ਰਮ ਵਿਚ ‘ਦੁਰਗਾ’ ਤੋ; ਜਦਕਿ ਇਹ ਦੋਵੇਂ ਨਾਮ ਇਕੋ ਹੀ ਦੇਵੀ ਦੇ ਹਨ।

ਸ਼ਿਵਾ - ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਵਤੀ) (ਮਹਾਨ ਕੋਸ਼)

ਦੁਰਗਾ- ‘ਅਪਹੁੰਚ’ ਸਿ਼ਵ ਦੀ ਪਤਨੀ। (ਹਿਦੂ ਮਿਥਿਹਾਸ ਕੋਸ਼)

ਜਿਵੇਂ ਰਾਮ, ਕ੍ਰਿਸ਼ਨ, ਪਰਸਰਾਮ ਆਦਿਕ 24 ਅਵਤਾਰਾਂ ਦਾ ਹੇਤ ਵਿਸ਼ਨੂੰ ਭਗਵਾਨ ਹੈ, ਭਾਵ 24 ਅਵਤਾਰ ਕਲਾਂ (ਅੰਸੂ) ਸੰਜੁਗਤ ਵਿਸ਼ਨੂੰ ਹੀ ਧਾਰਦਾ ਹੈ, ਤਿਵੇਂ ਖੋੜਸਾ ਮਾਤ੍ਰੀ (16 ਦੇਵੀਆਂ) ਦੀ ਹੇਤੂ ਸ਼ਿਵ ਪਤਨੀ ਪਾਰਬਤੀ ਹੈ। ਅਰਥਾਤ ਅਡੋ-ਅੱਡ 16 ਦੇਵੀਆਂ ਦਾ ਰੂਪ ਇਹ ਮਹਾਂਮਾਈ ਪਾਰਬਤੀ ਹੀ ਹੈ ਅਤੇ ਪਾਰਬਤੀ ਦੇ ਹਿੰਗੁਲਾ, ਪਿੰਗੁਲਾ, ਚੰਡਕਾ, ਦੁਰਗਾ, ਸੀਤਲਾ ਆਦਿਕ ਅਨੇਕਾਂ ਨਾਮਾਂ ਵਿਚੋ ਸਿ਼ਵਾ ਵੀ ਇਕ ਨਾਮ ਹੈ। (ਦਸਮ ਗ੍ਰੰਥ ਦਰਪਣ)

ਸੰਨ 1870 ਈ: ਵਿਚ ਅੰਗਰੇਜ ਹਕੁਮਤ ਨੇ ਜਰੁਰੀ ਕਰ ਦਿੱਤਾ ਸੀ ਕਿ ਸਾਡਾ ਰਾਸ਼ਟਰੀ ਗੀਤ ਗਾਇਆ ਜਾਵੇ। ਉਸ ਵਿਚ ਆਪਣੀ ਰਾਣੀ ਦੀ ਰੱਖਿਆ ਲਈ ਉਹ ਰੱਬ ਤੋਂ ਬਰ ਮੰਗਦੇ ਹਨ। ਇਸ ਦੇ ਵਿਰੋਧ ਵਿਚ, ਬੰਗਾਲੀ ਭਾਸ਼ਾ ਦੇ ਉੱਘੇ ਨਾਵਲਕਾਰ ਬੰਕਿਮ ਚੰਦਰ ਚੈਟਰਜੀ ਨੇ 1876 ਵਿਚ ਲਿਖੇ ਨਾਵਲ ‘ਅਨੰਦਮਠ’ ਵਿਚ ‘ਵੰਦੇ ਮਾਤਰਮ’ ਕਵਿਤਾ ਲਿਖੀ ਸੀ। ਜਿਸ ਵਿਚ ਉਹ ਦੁਰਗਾ ਤੋ ਬਰ ਮੰਗਦਾ ਹੈ। ਕਿਉਕਿ ਉਹ ਅੰਗਰੇਜ ਦਾ ਮੁਲਾਜਮ ਸੀ ਇਸ ਲਈ ਡਰ ਦੇ ਮਾਰੇ ਨੇ ਕਈ ਸਾਲ ਇਸ ਨਾਵਲ ਨੂੰ ਛਪਵਾਉਣ ਤੋ ਰੋਕੀ ਰੱਖਿਆ।

ਅੱਜ ਇਸ ਗੀਤ ਦੀ ਚਰਚਾ ਨੂੰ ਸ਼ੁਰੂ ਕਰਨ ਦਾ ਉੱਦਮ ਕੀਤਾ ਹੈ, ਪ੍ਰਕਾਸ਼ ਸਿੰਘ ਬਾਦਲ ਵਾਂਗ ਪੁੱਤਰ ਮੋਹ ਵਿਚ ਫਸੇ, ਅਰਜਨ ਸਿੰਘ ਨੇ। ਕਿਉਂਕਿ ਇਹ ਗੀਤ 7 ਸਤੰਬਰ 1906 ਨੂੰ ਕਾਂਗਰਸ ਦੇ ਇਜਲਾਸ ਵਿਚ ਗਾਇਆ ਗਿਆ ਸੀ ਇਸ ਦੀ ਸ਼ਤਾਬਦੀ ਮਨਾਉਣ ਲਈ ਮਨੁੱਖੀ ਵਸੀਲਿਆਂ ਦੇ ਵਿਕਾਸ ਸਬੰਧੀ ਮੰਤਰੀ ਅਰਜਨ ਸਿੰਘ ਨੇ ਰਾਜ ਸਰਕਾਰਾਂ ਨੂੰ ਇਕ ਪੱਤਰ ਜਾਰੀ ਕੀਤਾ ਕਿ 7 ਸਤੰਬਰ ਨੂੰ ਸਕੂਲਾਂ ਵਿਚ ਇਹ ਗੀਤ ਗਾਇਆ ਜਾਏ। ਇਹ ਵੀ ਜਿਕਰ ਯੋਗ ਹੈ ਕਿ ਇਹ ਗੀਤ 1885 ਵਿਚ ਕਲਕੱਤਾ ਵਿਖੇ ਹੋਏ ਕਾਂਗਰਸ ਦੇ ਸਮਾਗਮ ਵਿਚ ਪਹਿਲੀ ਬਾਰ ਗਾਇਆ ਗਿਆ ਸੀ। 2006 ਨੂੰ ਗੀਤ ਗਾਉਣ ਦੀ ਸ਼ਤਾਬਦੀ ਨਹੀ ਸਗੋ ਮੁਸਲਿਮ ਲੀਗ ਵਲੋ ਕੀਤੇ ਗਏ ਵਿਰੋਧ ਦੀ ਸ਼ਤਾਬਦੀ ਕਿਹਾ ਜਾ ਸਕਦਾ ਹੈ।

ਇਹ ਗੀਤ ਬੰਗਾਲੀ ਭਾਸ਼ਾ ਵਿਚ ਸੀ। ਇਸ ਲਈ ਇਸ ਨੂੰ ਬੰਗਾਲ ਦੇ ਅੰਦੋਲਨ ਵੇਲੇ ਬੁਹਤ ਹੀ ਜੋਸ਼ ਨਾਲ ਗਾਇਆ ਜਾਂਦਾ ਸੀ। 7 ਦਸੰਬਰ 1906 ਨੂੰ ਕਲਕੱਤਾ ਵਿਚ ਹੋਈ ਬੰਗਾਲ ਦੀ ਵੰਡ ਵਿਰੋਧੀ ਇਤਿਹਾਸਕ ਰੈਲੀ (ਬੰਗ-ਭੰਗ ਅੰਦੋਲਨ) ਵਿਚ ਇਹ ਗੀਤ ‘ਰਾਸ਼ਟਰੀ ਗੀਤ’ ਵਜੋਂ ਗਾਇਆ ਗਿਆ ਸੀ। ਦੂਜੇ ਪਾਸੇ ਮੁਸਲਿਮ ਲੀਗ ਦੀ ਸਥਾਪਨਾ (1906) ਹੋਣ ਨਾਲ ਇਸ ਗੀਤ ਦੀ ਵਿਰੋਧਤਾ ਵੀ ਸ਼ੁਰੂ ਹੋ ਗਈ ਸੀ ਕਿੳਂਕਿ ਇਸ ਗੀਤ ਦੇ ਬੋਲ ਇਸਲਾਮ ਦੀ ਮੂਲ ਭਾਵਨਾ ਦੇ ਵਿਰੋਧੀ ਹਨ। 1923 ਵਿਚ ਮੌਲਾਨਾ ਮੁਹੰਮਦ ਅਲੀ ਦੀ ਪ੍ਰਧਾਨਗੀ ਹੇਠ ਹੋਏ ਕਾਂਗਰਸ ਦੇ ਸਮਾਗਮ ਵਿਚ ਇਹ ਗੀਤ ਨਹੀਂ ਗਾਇਆ ਗਿਆ ਸੀ। ਇਸ ਪੈਦਾ ਹੋਏ ਮੱਤਭੇਦ ਕਾਰਨ ਹੀ ਇਸ ਗੀਤ ਵਿਚ ਰਾਬਿੰਦਰਨਾਥ ਟਗੋਰ ਦੀ ਸਲਾਹ ਨਾਲ ਇਸ ਦੀ ਛਾਂਟੀ ਕੀਤੀ ਗਈ, ਜਿਸ ਕਾਰਨ ਟਗੋਰ ਦੀ ਕਾਫੀ ਅਲੋਚਨਾ ਵੀ ਹੋਈ ਸੀ। ਕੁਝ ਲੋਕਾਂ ਦਾ ਇਹ ਖਿਆਲ ਸੀ ਕਿ ਉਹ ਆਪਣੇ ਲਿਖੇ ਗੀਤ ‘ਜਨ ਗਣ ਮਨ’ ਨੂੰ ਰਾਸ਼ਟਰੀ ਗੀਤ ਬਣਾਉਣਾ ਚਾਹੁੰਦਾ ਹੈ। ਜਿਸ ਵਿਚ ਉਸ ਨੂੰ ਸਫ਼ਲਤਾ ਵੀ ਮਿਲੀ ਹੈ। ਬੰਦੇ ਮਾਤ੍ਰਮ ਬੰਗਾਲ ਤੋ ਇਲਾਵਾ ਪੂਰੇ ਦੇਸ਼ ਵਿਚ ਵੀ ਜਾਗ੍ਰਿਤੀ ਪੈਦਾ ਕਰਨ ਲਈ ਇਕ ਹਰਮਨ ਪਿਆਰਾ ਨਾਅਰਾ ਸੀ। ‘ਮੇਰਾ ਰੰਗ ਦੇ ਬਸੰਤੀ ਚੋਲਾ’ ਨੂੰ ਵੀ ਇਸ ਤੋ ਘਟਾ ਕੇ ਨਹੀ ਦੇਖਿਆ ਜਾ ਸਕਦਾ ਪਰ ਸਭ ਤੋ ਵੱਧ ਲੋਕਾਂ ਨੂੰ ਟੁੰਬਣ ਲਈ ਜੋ ਨਾਅਰਾ ਲਾਇਆ ਜਾਂਦਾ ਸੀ ਉਹ ਸੀ ਨੌਜਵਾਨ ਦੇਸ਼ ਭਗਤਾਂ ਦਾ ਸਿਰਜਿਆ ਹੋਇਆ ਨਾਅਰਾ ‘ਇਨਕਲਾਬ’ ਜਿ਼ੰਦਾਬਾਦ’।

ਮੁਸਲਿਮ ਲੀਗ ਦੀ ਸਥਾਪਨਾ (1906) ਹੋਣ ਨਾਲ ਹੀ ਇਸ ਗੀਤ ਦੀ ਵਿਰੋਧਤਾ ਵੀ ਸੁ਼ਰੂ ਹੋ ਗਈ ਸੀ। 1937 ਵਿਚ ਮੁਸਲਿਮ ਲੀਗ ਨੇ ਬਕਾਇਦਾ ਮਤਾ ਪਾਸ ਕਰਕੇ ਇਸ ਗੀਤ ਨੂੰ ਕਾਂਗਰਸ ਦੀ ਇਕ ਸ਼ਾਜਿਸ਼ ਕਰਾਰ ਦਿੱਤਾ ਸੀ। 1938 ਵਿਚ ਕਾਂਗਰਸ ਅੱਗੇ ਰੱਖੀਆਂ ਗਈ ਸ਼ਰਤਾਂ ਵਿਚ ਪਹਿਲੀ ਸ਼ਰਤ ਹੀ ਇਹ ਸੀ ਕਿ ਇਸ ਗੀਤ ਨੂੰ ਜਨਤਕ ਸਮਾਗਮਾ ਵਿਚ ਗਾਉਣਾ ਬੰਦ ਕੀਤਾ ਜਾਵੇ। ਇਸੇ ਸਾਲ ਮੁਹੰਮਦ ਅਲੀ ਜਿਨਾਹ ਨੇ, ਜਵਾਹਰ ਲਾਲ ਨਹਿਰੂ ਨੂੰ ਪੱਤਰ ਲਿਖ ਕੇ ਇਸ ਗੀਤ ਦੇ ਇਸਲਾਮ ਵਿਰੋਧੀ ਹੋਣ ਦੀ ਚਰਚਾ ਕੀਤੀ ਸੀ। ਇਸ ਵਿਚ ਹਿੰਦੂ ਦੇਵੀਆਂ ਦੇ ਗੁਣ ਗਾਇਨ ਕੀਤੇ ਗਏ ਹਨ ਅਤੇ ਇਹ ਗੀਤ ਬੁਤਪ੍ਰਸਤੀ ਨੂੰ ਵਧਾਉਂਦਾ ਹੈ। ਜਿਨਾਹ ਨੇ ਇਹ ਵੀ ਲਿਖਿਆ ਸੀ ਕਿ ਇਸ ਗੀਤ ਨੂੰ ਮੁਸਲਮਾਨ ਕਿਵੇਂ ਸਵੀਕਾਰ ਕਰ ਸਕਦੇ ਹਨ, ਜਿਸ ਨੂੰ ਉਸ ਨਾਵਲ ਤੋਂ ਲਿਆ ਗਿਆ ਹੈ, ਜਿਹੜਾ ਮੁਸਲਿਮ ਵਿਰੋਧੀ ਹੈ। ਇਸ ਦਾ ਉੱਤਰ ਦਿੰਦੇ ਹੋਏ ਨਹਿਰੂ ਨੇ ਲਿਖਿਆ ਸੀ ਕਿ ਕਾਂਗਰਸ ਕਾਰਜਕਾਰਨੀ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਗੀਤ ਦੇ ਸਿਰਫ ਪਹਿਲੇ ਪਹਿਰੇ ਨੂੰ ਹੀ ਰਾਸ਼ਟਰੀ ਗੀਤ ਦੇ ਰੂਪ ਵਿਚ ਗਾਇਆ ਜਾਏ। ਇਸ ਵਿਚ ਅਜਿਹੀ ਕੋਈ ਚੀਜ਼ ਨਹੀਂ ਜਿਸ ਤੇ ਕਿਸੇ ਨੂੰ ਕੋਈ ਇਤਰਾਜ਼ ਹੋਵੇ। ਇਹ ਹੀ ਕਾਰਨ ਹੈ ਕਿ ਅੱਜ ਇਸ ਗੀਤ ਦੀਆਂ ਸਿਰਫ 7 ਪੰਗਤੀਆਂ ਨੂੰ ਹੀ ਗਾਇਆ ਜਾਂਦਾ ਹੈ ਜਦੋ ਕਿ ਇਸ ਦੀਆਂ ਕੁਲ 23 ਪੰਗਤੀਆਂ ਹਨ।

ਇਥੇ ਇਹ ਵੀ ਦੱਸਣ ਯੋਗ ਹੈ ਕਿ ਦੇਸ਼ ਵਿਆਪੀ ਹੋਏ ਵਿਰੋਧ ਕਾਰਨ ਅਰਜਨ ਸਿੰਘ ਨੇ ਤਾਂ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਹਰੇਕ ਵਿਦਿਅਕ ਅਦਾਰੇ ਜਾਂ ਵਿਦਆਰਥੀ ਲਈ ਇਹ ਗੀਤ ਗਾਉਣਾ ਜਰੂਰੀ ਨਹੀ ਹੈ। ਭਾਜਪਾ ਵਲੋ ਕੀਤੀ ਗਈ ਭੜਕਾਉ ਬਿਆਨ ਬਾਜੀ ਪਿਛੋ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਮਾਨ ਵਲੋ ਲਏ ਗਏ ਸਪੱਸ਼ਟ ਪਂੈਤੜੇ ਕਾਰਨ ਅਵਤਾਰ ਸਿੰਘ ਮੱਕੜ ਨੇ ਵੀ, ਇਸ ਭਰਮ ਵਿਚ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਹੈ, ਐਲਾਨ ਕਰ ਦਿੱਤਾ ਕਿ ਸਿੱਖ ਵਿਦਿਅਕ ਸੰਸਥਾਵਾਂ ਵਿਚ ‘ਵੰਦੇ ਮਾਤਰਮ’ ਗੀਤ ਨਹੀਂ ਗਾਇਆ ਜਾਵੇਗਾ। ਅਸੀ 7 ਸਤੰਬਰ ਨੂੰ ‘ਦੇਹੁ ਸਿ਼ਵਾ ਬਰ ਮੋਹਿ ਇਹੈ’ ਗਾਵਾਂਗੇ। ਪਰ ਜਿਓ ਹੀ ਮੱਕੜ ਨੂੰ ਆਪਣੀ ਅਸਲੀਅਤ ਦਾ ਗਿਆਨ ਹੋਇਆ ਤਾਂ ਆਪਣੇ ਪਹਿਲੇ ਬਿਆਨ ਵਿਚ ਸੋਧ ਕਰਦੇ ਹੋਏ ਇਹ ਬਿਆਨ ਦੇ ਦਿੱਤਾ ਕਿ ਸਾਨੂੰ ‘ਵੰਦੇ ਮਾਤ੍ਰਮ’ ਗਾਉਣ ਵਿਚ ਕੋਈ ਇਤਰਾਜ ਨਹੀ ਹੈ। ਪੰਜਾਬ ਸਰਕਾਰ ਵਲੋ ਇਹ ਐਲਾਨ ਕਿ ‘ਹਰ ਕੋਈ ਇਸ ਗੀਤ ਨੂੰ ਆਪਣੀ ਮਰਜੀ ਮੁਤਾਬਕ ਗਾਉਣ ਲਈ ਅਜ਼ਾਦ ਹੈ’ ਕਰਨ ਪਿਛੋ ਵੀ ਸ਼੍ਰ਼ੋਮਣੀ ਕਮੇਟੀ ਦੁਆਰਾ ਚਲਾਈਆਂ ਜਾਂਦੀਆਂ ਵਿਦਿਅਕ ਸੰਸਥਾਵਾਂ ‘ਚ ‘ਵੰਦੇ ਮਾਤਰਮ’ ਨੂੰ ਕੌਮੀ ਗੀਤ ਵਜੋ ਗਾਇਆ ਗਿਆ। ਹੁਣ ਇਸ ਵਿਚ ਕੋਈ ਸ਼ੱਕ ਨਹੀ ਰਹਿਣੀ ਚਾਹੀਦੀ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਰਿਮੋਟ ਰਾਹੀ ਕੋਈ ਤੀਜੀ ਧਿਰ ਕੰਟਰੋਲ ਕਰ ਰਹੀ ਹੈ।

ਕਾਂਗਰਸ ਅਤੇ ਭਾਜਪਾ ਇਸ ਗੀਤ ਨੂੰ ਤਾਂ ਗਾਉਣਾ ਚਾਹੁੰਦੇ ਹਨ ਕਿ ਇਹ ਉਹਨਾ ਦਾ ਗੀਤ ਹੈ। ਇਸ ਨੂੰ ਅੱਜ ਤੋ 100 ਸਾਲ ਪਹਿਲਾ ਗਾਇਆ ਗਿਆ ਸੀ। 7 ਸਤੰਬਰ 2006 ਨੂੰ ਉਸ ਯਾਦ ਨੂੰ ਤਾਜਾ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਐਲਾਨ ਕਿਸ ਖੁਸ਼ੀ ਵਿਚ ਕੀਤਾ ਕਿ ਅਸੀ ‘ਦੇਹੁ ਸਿ਼ਵਾ ਬਰ ਮੋਹਿ ਇਹੈ’ਦਾ ਗਾਇਨ ਕਰਾਗੇ? ਸਿੱਖਾਂ ਦਾ ਧਾਰਮਿਕ ਤੌਰ ਤੇ ਤਾਂ 7 ਸਤੰਬਰ ਨਾਲ ਕੋਈ ਸਬੰਧ ਨਹੀ ਹੈ। ਕੀ ਇਹ ਐਲਾਨ ਹੀ ਕਾਫ਼ੀ ਨਹੀ ਸੀ ਕਿ ਅਸੀ ‘ਬੰਦੇ ਮਾਤ੍ਰਮ’ ਨੂੰ ਨਹੀ ਮੰਨਦੇ?। ਇਹ ਐਲਾਨ ਤਾਂ ਹੀ ਕੀਤਾ ਜਾ ਸਕਦਾ ਸੀ ਜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਿਆ ਹੁੰਦਾ। ਇਹ ਤਾ ਪਾਰਬਤੀ ਦੇ ਉਪਾਸ਼ਕ ਹਨ ਤਾਂ ਹੀ ਇਹ ‘ਦੇਹੁ ਸਿ਼ਵਾ ਬਰ ਮੋਹਿ ਇਹੈ’ ਨੂੰ ਗਾਉਣ ਦੀ ਵਕਾਲਤ ਕਰਦੇ ਹਨ।

ਅਖੌਤੀ ਦਸਮ ਗ੍ਰੰਥ ਵਿਚ ਦਰਜ ‘ਚੰਡੀ ਚਰਿਤ੍ਰ ਉਕਿਤ ਬਿਲਾਸ’ ਸਾਕਤ ਮਤੀਏ ਕਵੀ ਸਿਆਮ ਦੀ ਰਚਨਾ ਹੈ। ਜਿਸ ਦੇ 8 ਭਾਗ ਅਤੇ 233 ਛੰਦ ਹਨ। ‘ਦੇਹੁ ਸਿ਼ਵਾ ਬਰ ਮੋਹਿ ਇਹੈ’ ਪੰਗਤੀ 231 ਨੰ: ਛੰਦ ਵਿਚ ਦਰਜ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ ਹੈ ਤਾਂ ਇਸ ਤੋ ਪਹਿਲਾ ਆਏ 230 ਛੰਦ ਅਤੇ ਇਸ ਤੋਂ ਪਿਛੋ ਆਏ 2 ਛੰਦ ਕਿਸ ਦੇ ਹਨ? ਸਿ਼ਵਾ ਨੂੰ ਅਕਾਲ ਪੁਰਖ ਸਾਬਤ ਕਰਨ ਵਾਲਿਓ ਆਓ ਇਸ ਛੰਦ ਦੇ ਅਗਲੇ-ਪਿਛਲੇ ਛੰਦਾਂ ਦੇ ਦਰਸ਼ਨ ਵੀ ਕਰੀਏ।

ਸਕ੍ਰਹਿ ਸਾਜਿ ਸਮਾਜ ਦੈ ਚੰਡ ਸੁ ਮੋਦ ਮਹਾ ਮਨ ਮਾਹਿ ਰਈ ਹੈ।
ਸੂਰ ਸਸੀ ਨਭਿ ਥਾਪ ਕੈ ਤੇਜ ਦੇ ਆਪ ਤਹਾ ਤੇ ਸੁ ਲੋਪ ਭਈ ਹੈ।
ਬੀਚ ਅਕਾਸ ਪ੍ਰਕਾਸ ਬਢਿਓ ਤਿਹ ਕੀ ਉਪਮਾ ਮਨ ਤੇ ਨ ਗਈ ਹੈ।
ਧੂਰਿ ਕੈ ਪੂਰ ਮਲੀਨ ਹੁਤੋ ਰਵਿ ਮਾਨਹੁ ਚੰਡਿਕਾ ਓਪ ਦਈ ਹੈ। (229)

ਪ੍ਰਥਮ ਮੁਧ ਕੈਟ ਮਦ ਮਥਨ ਮਹਿਖਾਸੁਰੈ ਮਾਨ ਮਰਦਨ ਕਰਨ ਤਰੁਨਿ ਬਰ ਬੰਡਕਾ।
ਧੂਮ੍ਰ ਦ੍ਰਿਗ ਧਰਨ ਧਰਿ ਧੂਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ।
ਰਕਤ ਬੀਰਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕਾ।
ਸੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ। (230)

ਦੇਹ ਸਿ਼ਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ।
ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ। (231)

ਚੰਡ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।
ਏਕ ਤੇ ਏਕ ਰਸਾਲ ਭਇਉ ਨੱਖ ਤੇ ਸਿੱਖ ਲਉ ਉਪਮਾ ਸੁ ਨਈ ਹੈ।
ਕਉਤਕ ਹੇਤੁ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੇ ਨਿਸਚੈ ਕਰਿ ਤਾਹਿ ਦਈ ਹੈ।(232)

ਗਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵੁਰ ਨਾ ਕੋਇ।
ਜਿਹ ਨਮਿਤ ‘ਕਵਿ‘ ਨੇ ਕਹਿਉ ਸੁ ਦੇਹ ਚੰਡਕਾ ਸੋਇ।(233)

ਉਪ੍ਰੋਕਤ ਸਿ਼ਵਾ (ਚੰਡਿਕਾ) ਭਾਵ ਪਾਰਬਤੀ ਤੋਂ ਵਰ ਮੰਗਣ ਵਾਲਾ ਮਹਾਂਕਾਲੀ (ਕਾਲਿਕਾ) ਅਰਥਾਤ ‘ਸਿ਼ਵਾ‘ ਦਾ ਉਪਾਸ਼ਕ ਕਵੀ ਸਿਆਮ ਹੈ ਜਿਸ ਨੇ ਚੰਡੀ ਚਰਿਤ੍ਰ ਉਕਤ ਬਿਲਾਸ ਦੀ ਸਮਾਪਤੀ ਉਪ੍ਰੰਤ 231 ਵੇਂ ਅੰਕ ਵਿੱਚ ‘ਦੇਹ ਸਿਵਾ ਬਰ ਮੋਹਿ‘ ਵਾਲੇ ਸਵੈਯਾ ਦੁਆਰਾ ਸਿ਼ਵਾ (ਸਿ਼ਵਜੀ ਦੀ ਪਤਨੀ) ਤੋਂ ਵਰ ਮੰਗਿਆ ਹੈ, ਜਿਸ ਨੂੰ ਅਗਲੇ ਸਵੈਯੇ ਹੋਰ ਵੀ ਸਪਸ਼ਟ ਕਰਦੇ ਹਨ। ਕਿਉਂਕਿ ਇਨ੍ਹਾਂ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ‘ਕੌਤਕ ਹੇਤ ਕਰੀ‘ ‘ਕਵਿ‘ ਨੇ ਅਤੇ ‘ਜਿਹ ਨਮਿਤ ਕਾਵਿ ਨੇ ਕਹਿਉ‘ ਤੋਂ ਸਪਸ਼ਟ ਹੋ ਜਾਦਾ ਹੈ ਕਿ ਇਹ ਲਿਖਤ ਗੁਰੁ ਗੋਬਿੰਦ ਸਿੰਘ ਜੀ ਦੀ ਹੋ ਹੀ ਨਹੀ ਸਕਦੀ।

ਭਾਰਤ ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਹੈ ਜਿਸ ਵਿਚ ਫਿਰਕਾਪ੍ਰਸਤੀ ਲਈ ਕੋਈ ਥਾਂ ਨਹੀ ਹੈ। ਵੰਦੇ ਮਾਤਰਮ ਗੀਤ ਇਕ ਅਜਿਹਾ ਗੀਤ ਹੈ, ਜਿਸ ਵਿਚ ਇਕ ਹੀ ਧਰਮ ਦੀ ਝਲਕ ਪੈਂਦੀ ਹੈ, ਉਸਨੂੰ ਹੋਰ ਧਰਮਾਂ ਦੇ ਲੋਕਾਂ ਨੂੰ ਗਾਉਣ ਲਈ ਮਜ਼ਬੂਰ ਨਹੀ ਕਰਨਾ ਚਾਹੀਦਾ। ਅਜਾਦੀ ਪ੍ਰਾਪਤੀ ਉਪ੍ਰੰਤ ਜਦੋ ਨੀਤੀ ਘਾੜਿਆ ਨੇ ‘ਵੰਦੇ ਮਾਤਰਮ’ ਨੂੰ ਕੋਮੀ ਗੀਤ ਨੂੰ ਅਪਣਾਉਣਾ ਚਾਹਿਆ ਤਾਂ ਮੁਸਲਿਮ ਆਗੂਆਂ ਨੇ ਆਪਣੇ ਧਾਰਮਿਕ ਮੂਲ ਵਿਸ਼ਵਾਸਾਂ ਦੇ ਆਧਾਰ ‘ਤੇ ਇਸ ਦੀ ਵਿਰੋਧਤਾ ਦਰਜ ਕਰਵਾ ਦਿੱਤੀ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕਿਸੇ ਸਰਕਾਰੀ/ਗ਼ੈਰ-ਸਰਕਾਰੀ ਸੰਸਥਾ ਨੇ ਮੁਸਲਿਮ ਵਰਗ ਨਾਲ ਸੰਬੰਧਿਤ ਕਿਸੇ ਦਲ ਨੂੰ ਵੰਦੇ ਮਾਤਰਮ ਗਾਉਣ ਲਈ ਮਜਬੂਰ ਕਰਨਾ ਚਾਹਿਆ ਤਾਂ ਧਾਰਮਿਕ ਆਗੂਆਂ ਨੇ ਹਮੇਸ਼ਾ ਹੀ ਇਸ ਦਾ ਵਿਰੋਧ ਕੀਤਾ ਹੈ। ਬਹੁਤ ਹੀ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਜੋ ਬੁਨਿਆਦੀ ਨੁਕਤਾ ਮੁਸਲਮਾਨ ਭਰਾਵਾਂ ਨੂੰ 1906 ਵਿਚ ਸਮਝ ਆ ਗਿਆ ਸੀ ਉਹ ਸਿੱਖਾਂ ਨੂੰ 2006 ਵਿਚ ਵੀ ਸਮਝ ਨਹੀ ਆਇਆ।