ਸੁਧਿ ਜਬ ਤੇ ਹਮ ਧਰੀ- ਸਰਵਜੀਤ ਸਿੰਘ

ਸੁਧਿ ਜਬ ਤੇ ਹਮ ਧਰੀ
ਸਰਵਜੀਤ ਸਿੰਘ
ਅਪਰੈਲ ਦੇ ਚੌਥੇ ਸ਼ਨਿਚਰਵਾਰ ਨੂੰ ਫੇਅਰਫੀਲਡ (ਕੈਲੇਫੋਰਨੀਆ) ਗੁਰਦੂਆਰਾ ਸਾਹਿਬ ਵਿਖੇ ਹੋਣ ਵਾਲੇ ਅੰਨਦ ਕਾਰਜ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਗੁਰਦੂਆਰਾ ਸਹਿਬ ਦਾ ਆਲਾ-ਦੁਆਲਾ ਵੇਖ ਕਿ ਬੁਹਤ ਹੀ ਖੁਸ਼ੀ ਹੋਈ, ਖੁਲੀਆਂ-ਡੁਲੀਆਂ ਪਾਰਕਾਂ, ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ ਪੱਧਰ ਤੇ ਕੀਤੇ ਗਏ ਯਤਨ, ਖੇਡ ਮੈਦਾਨ ਅਤੇ ਲੰਗਰ ਦੀ ਨਵੀ ਬਣੀ ਇਮਾਰਤ ਸੰਗਤਾਂ ਅਤੇ ਯੋਗ ਪ੍ਰਬੰਧਕਾਂ ਦੇ ਪਿਆਰ ਅਤੇ ਸਹਿਯੋਗ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਵੇਖ ਕੇ ਹੈਰਨੀ ਹੋਈ ਕਿ ਬਰਾਤ ਮਿਥੇ ਸਮੇਂ ਮੁਤਾਬਕ ਪਹਿਲਾਂ ਪਹੁੰਚ ਗਈ ਪਰ ਲੜਕੀ ਵਾਲੇ ਕਾਫੀ ਦੇਰ ਨਾਲ ਆਏ । ਮੈਂ ਅਜੇਹਾ ਪਹਿਲੀ ਵਾਰ ਵੇਖਿਆ ਹੈ। ਇਸ ਖੁਸੀ ਭਰੇ ਮਹੌਲ ਵਿਚ ਮਿਲਣੀ ਉਪ੍ਰੰਤ ਜੀਜੇ- ਸਾਲੀਆਂ ਦੀ ਰਸਮ ਰੀਬਨ ਕੱਟਣ ਵੇਲੇ ਜੈਮਾਲਾ ਪਾਉਣ ਦੀ ਰਸਮ ਵੀ ਕੀਤੀ ਗਈ। ਜਦਕਿ ਜੈਮਾਲਾ ਪਾਉਣਾ, ਚੁੰਨੀ ਚੜਾਉਣ ਜਾਣਾ, ਅਤੇ ਰਿੰਗ ਸੈਰਾਮਨੀ ਦੂਜੇ ਧਰਮਾਂ ਵਿਚ ਉਵੇ ਹੀ ਵਿਆਹ ਦੀਆਂ ਸਪੂਰਨ ਰਸਮਾਂ ਹਨ ਜਿਵੇ ਸਾਡੇ ਧਰਮ ਵਿਚ ਅਨੰਦ ਕਾਰਜ ਦੀ ਰਸਮ। ਪ੍ਰਚਾਰਕਾਂ ਨੁੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ।
ਅਨੰਦ ਕਾਰਜ ਸਪੂੰਰਨ ਹੋਣ ਉਪ੍ਰੰਤ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਵੇਲੇ ਅਚਾਨਕ ਇਕ ਅਜਿਹੀ ਘਟਨਾ ਵਾਪਰ ਗਈ ਜਿਸ ਦਾ ਜਿਕਰ ਕਰਨਾ ਮੈ ਠੀਕ ਨਹੀ ਸਮਝਦਾ, ਪਰ ਜਿਸ ਤਰਾਂ ਸਕੱਤਰ ਭਾਈ ਅਜੀਤ ਸਿੰਘ ਜੀ ਨੇ ਬੁਹਤ ਹੀ ਦ੍ਰੜ੍ਹਿਤਾ ਨਾਲ ਉਸ ਦਾ ਖੰਡਨ ਕਰਕੇ ਆਪਣੀ ਯੋਗਤਾ ਦਾ ਪ੍ਰਗਟਾਵਾ ਕੀਤਾ, ਉਸ ਲਈ ਉਹਨਾਂ ਦਾ ਬੁਹਤ-ਬੁਹਤ ਧੰਨਵਾਦ ਕਰਦਾ ਹਾ। ਇਕ ਹੋਰ ਵਾਕਿਆ ਜਿਸ ਦਾ ਮੈ ਜਿਕਰ ਕਰਨਾ ਜਰੂਰੀ ਸਮਝਦਾ ਹਾਂ ਉਹ ਹੈ ਕਵੀਸ਼ਰੀ ਜੱਥੇ ਵਲੋ ਸੁਭਾਗੀ ਜੋੜੀ ਨੂੰ ਦਿੱਤੀ ਗਈ ਸਿਖਿਆ। ਜੱਥੇ ਨੇ ਵਿਆਹ ਵਾਲੀ ਬੀਬੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਨੂੰ ਸਾਂਭਣ ਦੀ ਸਿਖਿਆ ਵੀ ਦਿੱਤੀ, ਉਥੇ ਹੀ ਲੜਕੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਹਿ ਕੇ ਹੇਠ ਲਿਖੀਆਂ ਪੰਗਤੀਆਂ ਵੀ ਸੁਣਾਈਆਂ ਗਈਆਂ।
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ। ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।।
ਕਵੀਸ਼ਰੀ ਜੱਥੇ ਮੁਤਾਬਕ ਇਹ ਸਿਖਿਆ ਗੁਰੂ ਤੇਗ ਬਹਾਦਰ ਜੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਗਈ ਸੀ। ਇਹ ਸਿਖਿਆ ਬਹੁਤ ਹੀ ਵਧੀਆ ਹੈ। ਸਮਾਜਿ਼ਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਸਾਰੇ ਪ੍ਰਾਣੀਆਂ ਦਾ ਫ਼ਰਜ ਬਣਦਾ ਹੈ ਕਿ ਉਹ ਇਸ ਤੇ ਅਮਲ ਕਰਨ। ਪਰ ਮਨ ਵਿਚ ਇਕ ਖਿਆਲ ਆਇਆ ਕਿ ਗੁਰੁ ਤੇਗ ਬਹਾਦਰ ਜੀ ਨੂੰ 9 ਸਾਲ ਦੇ ਬਾਲਕ ਗੋਬਿੰਦ ਰਾਏ ਨੂੰ ਅਜੇਹੀ ਸਿਖਿਆ ਦੇਣ ਦੀ ਲੋੜ ਕਿਉ ਪਈ? ਅਜੋਕੀ ਕਾਮਧੇਨ ਗਊ (ਕੰਪਿਉਟਰ) ਦੀ ਮੱਦਦ ਨਾਲ ਜਦੋ ਇਸ ਸਵਾਲ ਦਾ ਜਵਾਬ ਲੱਭਿਆ ਤਾਂ ਗੱਲ ਕੋਈ ਹੋਰ ਹੀ ਨਿਕਲੀ, ਆਉ ਇਸ ਸਾਖੀ ਦੇ ਦਰਸ਼ਨ ਕਰੀਏ।
ਅਖੌਤੀ ਦਸਮ ਗ੍ਰੰਥ ਵਿਚ ਦਰਜ ਤ੍ਰਿਯਾ ਚਰਿਤ੍ਰ (ਕੰਜਰ ਕਵਿਤਾ) ਨੰ: ਇਕੀਹਵਂੇਂ ਤੋ ਸ਼ਰੂ ਹੁੰਦੀ ਇਹ ਕਹਾਣੀ, ਜਿਸ ਨੂੂੰ ਪਿਆਰਾ ਸਿੰਘ ਪਦਮ ਨੇ ਗੁਰੂ ਜੀ ਦੀ ਆਪ ਬੀਤੀ ਵੀ ਲਿਖਿਆ ਹੈ, ਦੀ ਅਸਲ ਕਹਾਣੀ ਇਓ ਹੈ।
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ । 2 । ਉਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ।4। ਇਕ ਧਨਵਾਨ ਇਸਤਰੀ ਉਥੋ ਦੇ ਰਾਜੇ ਤੇ ਮੋਹਿਤ ਹੋ ਗਈ ।5। ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੁੰ ਬੇਨਤੀ ਕੀਤੀ ਜੋ ਮੰਤ੍ਰ ਆਪ ਸਿਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ, ਜੋ ਮੈ ਕਰਨ ਨੂੰ ਕਹਾਂ ਹੁਣ ਤੁਸੀ ਉਹੋ ਕਰੋ,।9। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ ।10। ਇਸਤਰੀ ਨੇ ਫੁਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ।11। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ ।12। ਜਦੋ ਇਸਤਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜਾ ਸੋਚੀ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿਚ ਪੈਣ ਤੋਂ ਡਰਦਾ ਹਾਂ। 14। ਰਾਜੇ ਦਾ ਜਵਾਬ ਸੁਣ ਕੇ ਇਸਤਰੀ ਨੇ ਕਿਹਾ ਕਿ ਕੀ ਹੋਇਆ ਜੇ ਤੁਸੀ ਪੂਜਣ ਯੋਗ ਹੋ ਕ੍ਰਿਸ਼ਨ ਵੀ ਤਾਂ ਜਗਤ ਵਿਚ ਪੂਜੇ ਜਾਂਦੇ ਸਨ । ਉਹ ਵੀ ਤਾਂ ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ ਉਹ ਤਾਂ ਨਰਕ ਵਿਚ ਨਹੀ ਪਏ।20। ਮੇਰੇ ਸਰੀਰ ਵਿਚ ਕਾਮ ਦੀ ਅਗਨੀ ਬੁਹਤ ਫੈਲ ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀ ਤਾਂ ਮੈ ਇਸ ਅਗਨੀ ਵਿਚ ਸੜ ਕੇ ਮਰ ਜਾਵਾਂਗੀ। 22। ਰਾਜੇ ਨੇ ਕਿਹਾ ਕਿ ਰੁਦ੍ਰ (ਸਿ਼ਵਜੀ ) ਦਾ ਧਿਆਨ ਧਰ, ਪਰ ਮੇ ਤੇਰੈ ਨਾਲ ਕਾਮ-ਕ੍ਰੀੜਾ ਨਹੀ ਕਰਾਂਗਾ। 24। ਨੂਪ ਕੁਅਰਿ (ਨੂਪ ਕੌਰ) ਨੇ ਕਿਹਾ ਕਿ ਹੇ ਪ੍ਰਿਯ! ਜੇ ਤੁਸੀ ਮੇਰੇ ਨਾਲ ਅਜੇਹਾ ਕਰੋਗੇ ਤਾਂ ਨਰਕ ਵਿਚ ਨਹੀ ਪਵੋਗੇ, ਕੋਈ ਇਸ ਭੇਦ ਨੂੰ ਨਹੀ ਜਾਣ ਸਕੇਗਾ, ਲੋਕ ਤੁਹਾਡੀ ਨਿੰਦਿਆ ਨਹੀ ਕਰਨਗੇ। ਲੋਕ ਤੁਹਾਡੇ ਡਰ ਤੋ ਭੈ ਭੀਤ ਹਨ।27। ਹੇ ਮਿਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ। 28। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ ਮੈ ਤਾ ਅਪਜਸ ਹੋਣ ਤੋ ਡਰਦਾ ਹਾ।29। ਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਕਿ ਕਿਹਾ ਹੁਣ ਮੈ ਉਚ ਕੁਲ (ਛਤ੍ਰੀ) ਵਿਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿਚ ਹੋਵੇਗਾ, ਔਰਤ ਨੇ ਕਿਹਾ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀ ਮੈਨੂੰ ਸ਼ਾਂਤ ਨਾ ਕੀਤਾਂ ਤਾਂ ਮੈ ਜ਼ਹਿਰ ਪੀ ਕੇ ਮਰ ਜਾਵਾਂਗੀ। 33। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਨਰਕ ਵਿਚ ਜਾਣਾ ਹੀ ਪਵੇਗਾ। 36। ਔਰਤ ਦਾ ਦਬਕਾ,‘ਤੋਹਿ ਮਾਰਿ ਕੈਸੇ ਜਿਯੋ’ ਸੁਣ ਕੇ ਰਾਜਾ ਸੋਚੀ ਪੈ ਗਿਆ। ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਦਾ ਹੈ ਜੇ ਭਜਦਾ ਹਾ ਤਾਂ ਮੋਤ।41। ਹੁਣ ਰਾਜਾ ਇਸਤਰੀ ਨਾਲ ਚਰਿਤ੍ਰ ਖੇਡਦਾ ਹੈ ਤੇ ਉਸ ਦੀ ਖੁਬਸੁਰਤੀ ਦੀ ਉਵੇਂ ਹੀ ਸਿਫਤ ਕਰਦਾ ਹੈ ਜਿਵੇ ਵਾਰਸ਼ ਨੇ ਹੀਰ ਦੀ ਕੀਤੀ ਸੀ। 44। ਪਰ ਇਸਤਰੀ ਰਾਜੇ ਦੀ ਚਾਲ ਨੂੰ ਨਹੀ ਸਮਝ ਸਕੀ, ਰਾਜੇ ਨੇ ਫੇਰ ਇਸਤਰੀ ਨੂੰ ਸਮਝਾਉਣ ਲਈ ਕਿਹਾ ,
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ। 52। ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁਤੱਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ ।54। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ।55। ਇਹ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਪਾਮਰੀ (ਚੋਲਾ) ਛਡ ਕੇ ਭੱਜ ਗਿਆ।
‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’। 60। ( ਇਕੀਹਵੇ ਚਰਿਤ੍ਰ ਦੀ ਸਮਾਪਤੀ। ਚਲਦਾ)
ਚੋਰ-ਚੋਰ ਦਾ ਰੌਲਾ ਸੁਣ ਕਿ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ । ਪਰ ਰਾਜੇ ਨੇ ਵੀ ਸ਼ੈਤਾਨੀ ਵਰਤੀ ਅਤੇ ਉਸ ਔਰਤ ਦੇ ਭਰਾ ਨੂੰ ਹੀ ਫੜ ਕੇ ਚੋਰ-ਚੋਰ ਕਹਿ ਕੇ ਉਸ ਨੂੰ ਦਾੜ੍ਹੀਓ ਫੜ ਲਿਆ ਅਤੇ ਉਸ ਦੀ ਪੱਗ ਲਾ ਦਿੱਤੀ, ਅਤੇ ਬਾਕੀ ਸਾਰੇ ਵੀ ਉਸ ਨੂੰ ਕੁਟਣ ਲੱਗ ਪਏ । ਔਰਤ ਭਰਾ-ਭਰਾ ਕਹਿ ਕੇ ਬਚਾਉਣ ਦਾ ਜਤਨ ਕਰਨ ਲੱਗੀ ਪਰ ਕਿਸੇ ਨੇ ਉਸ ਨੂੰ ਨਾ ਸੁਣਿਆ ਅਤੇ ਉਸ ਦੇ ਭਰਾ ਦੀਆਂ ਹੀ ਮੁਸ਼ਕਾ ਕਸ ਕੇ ਬੰਦੀਖਾਨੇ ਵਿਚ ਬੰਦ ਕਰ ਦਿੱਤਾ। ਕੋਈ ਵੀ ਇਸ ਭੇਦ ਨੂੰ ਨਾ ਸਮਝ ਸਕਿਆ ਤੇ ਰਾਜਾ ਇਹ ਛਲ ਕਰਕੇ ਉਥੋ ਭੱਜ ਗਿਆ। (ਬਾਈਵੇਂ ਚਰਿਤ੍ਰ ਦੀ ਸਮਾਪਤੀ। ਚਲਦਾ)
ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ। 1। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁਤੀ ਅਤੇ ਪਾਮਰੀ ਸਭ ਨੂੰ ਵਿਖਾ ਦਿੱਤੀ। 2। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀ ਆਵੇਗਾ। 3। ਇਹ ਬਚਨ ਸੁਣਕੇ ਸੇਵਕਾ ਨੇ ਉਸ ਔਰਤ ਬਾਰੇ ਦੱਸ ਦਿੱਤਾ। 4 । ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ।।5। ਸੇਵਕਾਂ ਨੇ ਔਰਤ ਨੂੰ ਜੁਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ ।6। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਤੇਰੇ ਮਨ ਵਿਚ ਡਰ ਪੈਦਾ ਨਹੀ ਹੋਇਆ? ਤੈਨੂੰ ਇਸਤਰੀ ਜਾਣ ਕੇ ਛਡਦਾ ਹਾ, ਨਹੀ ਤਾਂ ਤੈਨਂੂ ਜਾਨੋ ਮਾਰ ਦੇਣਾ ਸੀ।7। ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ। ।9। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਬੰਨ੍ਹ ਦਿੱਤੀ। 12।
ਦੋਹਰਾ
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12।
(ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)
ਇਹ ਹੈ ਉਹ ਪੂਰੀ ਕਹਾਣੀ ਜਿਸ ਵਿਚੋ ਚਾਰ ਪੰਗਤੀਆਂ ਲੈਕੇ ਸਾਡੇ ਪ੍ਰਚਾਰਕ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਜੋੜਨ ਦਾ ਕੋਝਾ ਯਤਨ ਕਰਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਚਾਰ ਪੰਗਤੀਆਂ ਗੁਰੂ ਜੀ ਦੀਆਂ ਹਨ ਤਾਂ ਬਾਕੀ ਸਾਰੀ ਕਹਾਣੀ ਕਿਸ ਦੀ ਹੈ? ਕੀ ਗੁਰੂ ਜੀ ਨੇ 40 ਹਜਾਰ ਟੱਕਾ ਸਲਾਨਾ ਦਿੱਤਾ ਹੋਵੇਗਾ? ਜਿਹੜੇ ਸਿੰਘਾਂ ਨੇ ਦਾਦੂ ਦੀ ਕਬਰ ਤੇ ਤੀਰ ਝਕਾਉਣ ਵੇਲੇ ਗੁਰੂ ਜੀ ਨੂੰ ਸਵਾਲ ਕਰ ਦਿੱਤਾ ਸੀ ਉਹ 40 ਹਜ਼ਾਰ ਦੇਣ ਵੇਲੇ ਕੀ ਚੁਪ ਰਹੇ ਹੋਣਗੇ? ਕੀ ਕਵੀਸ਼ਰੀ ਜ਼ਥੇ ਨੇ ਠੀਕ ਹੀ ਕਿਹਾ ਹੈ? ਪਿਆਰਾ ਸਿੰਘ ਪਦਮ ਨੇ ਵੀ ਇਸ ਨਂੂੰ ਗੁਰੂ ਜੀ ਦੀ ਹੱਡ ਬੀਤੀ ਲਿਖਿਆ ਹੈ। ਮੈ ਤਾਂ ਇਹ ਮੰਨਣ ਨੂੰ ਤਿਆਰ ਨਹੀ। ਕੀ ਤੁਸੀ ਇਸ ਨਾਲ ਸਹਿਮੱਤ ਹੋ? ਕੀ ਸੰਗਤਾਂ ਪ੍ਰਚਾਰਕਾਂ ਨੂੰ ਮਾਇਆ ਦਾਨ ਕਰਕੇ ਹੀ ਆਪਣੇ ਖਜ਼ਾਨੇ ਭਰਪੂਰ ਕਰਨ ਅਤੇ ਜੀਵਨ ਸਫਲਾ ਕਰਨ ਤੱਕ ਹੀ ਸੀਮਤ ਰਹਿਣਗੀਆਂ? ਜਾ ਆਪ ਪੜਨ ਅਤੇ ਸਮਝਣ ਦਾ ਯਤਨ ਵੀ ਕਰਨਗੀਆਂ? ਕੀ ਭਾਈ ਗੁਰਦਾਸ ਜੀ ਦੀ ਰਚਨਾ ‘ਚੋਂ ਇਹ ਸਿਖਿਆ ਨਹੀ ਦਿੱਤੀ ਜਾ ਸਕਦੀ ?
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥6-8-3
ਦਾਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥29-11-1
ਜਦੋ ਸਾਡੇ ਪਾਸ ਅਜੇਹੀ ਪ੍ਰਮਾਣਕ ਰਚਨਾ ਮੋਜੁਦ ਹੈ ਤਾਂ ਅਖੌਤੀ ਦਸਮ ਗ੍ਰੰਥ ‘ਚੋ ਗੰਦ ਫਰੋਲਣ ਦੀ ਜਰੂਰਤ ਕਿਓ?