‘ਵਾਹਿਗੁਰੂ’ ਸ਼ਬਦ ਦੇ ਬਹਾਨੇ ਹੋ ਰਹੀ ਕੁਚਰਚਾ (ਅਮਰਦੀਪ ਸਿੰਘ ‘ਅਮਰ’ ਜੀ ਨੂੰ ਉੱਤਰ) - ਮਨਦੀਪ ਸਿੰਘ ‘ਵਰਨਨ’

ਨਾਵਲਕਾਰ, ਕਵੀ ਤੇ ਵਿਦਵਾਨ ਵੀਰ ਅਮਰਦੀਪ ਸਿੰਘ ‘ਅਮਰ’ ਜੀ ਨੇ “ਪੰਜਾਬ ਟਾਈਮਜ਼ ਯੂ. ਐਸ. ਏ.” ਵਿੱਚ  ‘ਜਿਨ ਏਕ ਬਾਰ ਸ੍ਰੀ ਵਾਹਿਗੂਰ ਕਹਿਓ’ ਲੇਖ ਰਾਂਹੀ ਕੁਝ ਵਿਚਾਰ ਰੱਖੇ ਹਨ ਅਤੇ “ਮਿਸ਼ਨਰੀ” ਵਿਦਵਾਨਾਂ ਵਿਰੁੱਧ ਦਿਲ ਦੀ ਭੜਾਸ ਕੱਢੀ ਸਗੋਂ ਚਿੱਕੜ ਵੀ ਸੁੱਟਿਆ ਹੈ ਜਿਸਦੀ ਕਿ ਉਨ੍ਹਾਂ ਕੋਲੋਂ ਬਿਲਕੁਲ ਵੀ ਆਸ ਨਹੀਂ ਸੀ। ਦਾਸ ਆਪਣੇ ਵਿਚਾਰ ਇਸ ਕਰਕੇ ਲਿਖ ਰਿਹਾ ਹੈ ਕਿਉਂਕਿ ‘ਸਰੀ’ ਦੀ ਜਿਸ ਕਾਨਫਰੰਸ ਨੂੰ ਆਧਾਰ ਬਣਾਵੇ ਇਹ ਚਰਚਾ ਕੀਤੀ ਗਈ ਹੈ ਉਥੇ ਮੈਂ ਵੀ ਹਾਜ਼ਿਰ ਸੀ ਤੇ ਇਨਾਂ ਦੇ ਕਥਨ ਮੁਤਾਬਿਕ ‘ਲਾਣੇ’ ਦਾ ਮੈਂਬਰ ਸੀ। ਪਹਿਲਾਂ ਵੀ ‘ਅਮਰ’ ਜੀ ਸ: ਗੁਰਬਖਸ਼ ਸਿੰਘ ‘ਕਾਲਾ ਅਫਗਾਨਾ’ ਦੇ ਖਿਲਾਫ ਕਵਿਤਾ ਉਚਾਰ ਚੁੱਕੇ ਹਨ ਪਰ ਉਹਨਾਂ ਦੀ ਲਿਖਤਾਂ ਵਿੱਚ ਕੀ ਗਲਤੀਆਂ ਸਨ ਗੁਰਬਾਣੀ ਦੇ ਆਧਾਰ ਤੇ ਉਸਨੂੰ ਬਿਲਕੁਲ ਵੀ ਸਾਬਿਤ ਨਹੀਂ ਕਰ ਸਕੇ।
ਉਨ੍ਹਾਂ ਨੇ ਸ਼ਹੀਦ ਸਿੰਘਾਂ ਦੀ ਉਦਾਹਰਣ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਭਾਈ ਗੁਰਦਾਸ ਜੀ ਦੀ ਲਿਖਤ ਦੀ ਉਦਾਹਰਣ ਵੀ ਦਿੱਤੀ ਗਈ ਹੈ
 ਪਰ ਪਤਾ ਨਹੀਂ ਕਿਉਂ ?  ਕਿਸ ਮਜ਼ਬੂਰੀ ਕਾਰਨ ਵੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਇੱਕ ਵੀ ਉਦਾਹਰਣ ਨਹੀਂ ਦਿੱਤੀ , ਇੱਕ ਵੀ ਤੁਕ ਪਾਵਨ ਗੁਰਬਾਣੀ ਦੀ ਨਹੀਂ ਵਰਤੀ, ਗੁਰਬਾਣੀ ਵਿੱਚੋਂ ਇੱਕ ਵੀ ਨੁਕਤਾ ਇਸ ਲੇਖ ਵਿੱਚ ਨਹੀਂ ਆਇਆ । ਸਿੱਖ ਲਈ ਕਸਵੱਟੀ ਸਿਰਫ ਤੇ ਸਿਰਫ ਗੁਰਬਾਣੀ ਹੈ ਕਿਉਂਕਿ ‘ਸ਼ਬਦ ਗੁਰੂ’ ਹੀ ਸਿੱਖ ਦਾ ਗੁਰੂ ਹੈ। ਭਾਈ ਗੁਰਦਾਸ ਜੀ ਦੀ ਰਚਨਾ ‘ਸਿੱਖੀ’ ਲਈ ਕਸਵੱਟੀ ਨਹੀਂ ਹੈ, ਉਸਨੂੰ ਇਤਿਹਾਸਕ ਪੱਖ ਜਾਂ ਜਾਣਕਾਰੀ ਤੌਰ ਤੇ ਵਰਤਿਆ ਜਾ ਸਕਦਾ ਹੈ। ਨਿਰਣਾ, ਕਸਵੱਟੀ,  ਇਹ ਹੱਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਸਿੱਖ ਲਈ ਅੰਤਿਮ ਸੱਚ ਸਿਰਫ ਗੁਰਬਾਣੀ ਹੈ।

ਗੁਰਬਾਣੀ ਵਿੱਚ ਆਇਆ ‘ਵਾਹਿ ਗੁਰੂ’ ਸ਼ਬਦ ਹੇਠ ਲਿਖੇ ਅਨੁਸਾਰ ਹੈ:-
ਵਾਹਿ ਗੁਰੂਵਾਹਿ ਗੁਰੂਵਾਹਿ ਗੁਰੂਵਾਹਿ ਜੀਉ ॥ ਕਵਲ ਨੈਨਮਧੁਰ ਬੈਨਕੋਟਿ ਸੈਨ ਸੰਗ ਸੋਭਕਹਤ ਮਾ ਜਸੋਦ ਜਿਸਹਿਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁਅਤਿ ਅਨੂਪੁਮੋਹ ਮਹਾ ਮਗ ਭਈਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ {ਪੰਨਾ 1402}
ਕਾਲ ਕਲਮ ਹੁਕਮੁ ਹਾਥਿਕਹਹੁ ਕਉਨੁ ਮੇਟਿ ਸਕੈਈਸੁ ਬੰਮ੍ਹਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁਆਦਿ ਪੁਰਖੁ ਸਦਾ ਤੁਹੀਵਾਹਿ ਗੁਰੂਵਾਹਿ ਗੁਰੂਵਾਹਿ ਗੁਰੂਵਾਹਿ ਜੀਉ ॥16॥ (ਪੰਨਾ 1402)
ਵਾਹਿਗੁਰੂ’ ਸ਼ਬਦ ਦੀ ਵਿਆਖਿਆ ਪ੍ਰੋ. ਸਾਹਿਬ ਸਿੰਘ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਵਿੱਚ ਬੜੇ ਵਿਸਥਾਰ ਨਾਲ ਕੀਤੀ ਹੈ , ਜ਼ਰੂਰ ਪੜ੍ਹਨ ਦੀ ਕ੍ਰਿਪਾਲਤਾ ਕਰੋ । ਅਗਰ ਆਪ ਨੂੰ ‘ਮਿਸ਼ਨਰੀ’ ਲਫਜ਼ ਤੋਂ ਘ੍ਰਿਣਾ ਹੈ ਤਾਂ ਦੱਸਣਾ ਜ਼ਰੂਰੀ ਹੈ ਕਿ ਪ੍ਰੋ: ਸਾਹਿਬ ਸਿੰਘ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਹੀਦੀ ਤੋਂ ਪ੍ਰਣ ਲੈ ਕੇ ਬਣਾਏ ‘ਸ਼ਹੀਦ ਮਿਸ਼ਨਰੀ ਕਾਲਜ’ ਅਮ੍ਰਿਤਸਰ ਦੇ ਪ੍ਰਿੰ: ਰਹੇ ਹਨ। ਆਪ ਜੀ ਉਹਨਾਂ ਦੀ ਕੀਤੀ ਵਿਆਖਿਆ ਜ਼ਰੂਰ ਪੜ੍ਹੋ ਤਾਂ ਪਤਾ ਲੱਗੇਗਾ ਕਿ ‘ਵਾਹਿ ਗੁਰੂ’ ਸ਼ਬਦ ਕਿੱਥੇ ਹੈ ਕਿਸਦੀ ਬਾਣੀ ਵਿੱਚ ਹੈ ਕਿਵੇਂ ਉਚਾਰਣਾ ਹੈ। ਗੁਰੂ ਅਰਜਨ ਸਾਹਿਬ ਜੀ ਤੱਕ ਪਹਿਲਾਂ ਵਰਤਿਆ ਗਿਆ ਹੈ ਜਾਂ ਨਹੀਂ। ਤੇ’ਅਮਰ’ ਜੀ ਦਾ ਗਿਲਾ ਕਿ ‘ਮਿਡਲ ਪਾਸ’ ਪ੍ਰੋਫੈਸਰ ਬਣ ਰਹੇ ਹਨ, ਇਹ ਗਿਲਾ ਵੀ ਨਹੀਂ ਰਹੇਗਾ ਕਿਉਂਕਿ ਪ੍ਰੋ: ਸਾਹਿਬ ਸਿੰਘ ਨੂੰ ਡੀ ਲਿੱਟ ਦੀ ਡਿਗਰੀ ਵੀ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ‘ਗੁਰਬਾਣੀ ਵਿਆਕਰਣ’ ਦੀ ਖੋਜ ਕਰਕੇ ਲਿਖੀ ਸੀ ।  

ਵਾਹਿਗੁਰੂ’ ਸ਼ਬਦ ਬਾਰੇ ਭਾਈ ਗੁਰਦਾਸ ਜੀ ਦੀ ਇਹ ਵੀ ਲਿਖਤ ਹੈ :-

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥੪੯॥੧॥

ਭਾਵ ਸਤਿਜੁਗ ਦੇ ਵਾਸਦੇਵ ਤੋਂ ਵ ਅੱਖਰ ਲਿਆ।
ਦੁਆਪਰ ਦੇ ਹਰੀਕ੍ਰਿਸ਼ਨ  ਭਾਵ ਕ੍ਰਿਸ਼ਨ ਤੋਂ ਹ ਅੱਖਰ ਲਿਆ।
ਤ੍ਰੇਤੇ ਦੇ  ਰਾਮ ਜੀ ਤੋਂ ਰ ਅੱਖਰ ਲਿਆ।
ਕਲਿਜੁਗ ਦੇ ਗੁਰ ਗੋਬਿੰਦ ਗ ਅੱਖਰ ਲਿਆ।

ਇਹ ਬਣ ਗਿਆ  ਵਹਰਗ । ਹੁਣ ਇਸ ਨੂੰ ਵਾਹਿਗੁਰੂ  ਕਿਵੇਂ ਬਣਾਓਗੇ?

ਹਿੰਦੂ ਮਿਥਿਹਾਸ ਮੁਤਾਬਕ   ਗੌਤਮ ਰਿਸ਼ੀ ਨੇ ਜਦੋਂ ਆਪਣੀ ਪਤਨੀ ਅਹਲਯਾ ਨੂੰ ਪੱਥਰ ਬਣ ਜਾਣ ਦਾ ਸਰਾਪ ਦਿੱਤਾ ਸੀ ਤਾਂ ਅਹਲਯਾ ਨੇ ਪੁੱਛਿਆ ਸੀ ਕਿ ਸੁਆਮੀ ਜੀ ਮੈਂ ਮੁੜ ਕਦੋਂ ਤੁਹਾਡੇ ਦਰਸ਼ਨ  ਕਰਾਂਗੀ ਤਾਂ ਗੌਤਮ ਨੇ ਕਿਹਾ ਕਿ ਜਦੋਂ ਭਗਵਾਨ ਰਾਮ ਜੀ ਤੇਰੇ ਨਾਲ ਆਪਣਾ ਪੈਰ ਛੁਣਗੇ। ਤਾਂ ਅਹਲਯਾ ਨੇ ਕਿਹਾ ਕਿ ਰਾਮ ਜੀ ਨੇ ਤ੍ਰੇਤਾ ਜੁਗ `ਚ  ਅਵਤਾਰ ਧਾਰਨਾ ਹੈ। ਹੁਣ ਸਤਿਜੁਗ ਹੈ ਫੇਰ ਦੁਆਪਰ ਆਵੇਗਾ ਉਸ ਤੋਂ ਪਿਛੋਂ ਤ੍ਰੇਤਾ ਆਵੇਗਾ। ਤਾਂ ਗੌਤਮ ਕਹਿਣ ਲੱਗਾ ਹੁਣ ਤਾ ਬਚਨ ਹੋ ਚੁਕਾ ਹੈ। ਪਰ ਤੇਰੀ ਸਜ਼ਾ ਘੱਟ ਕਰਨ ਲਈ  ਮੈ ਜੁਗ ਬਦਲ ਦਿੰਦਾ ਹਾਂ। ਤਾਂ ਗੌਤਮ ਦੇ ਕਹਿਣ ਤੇ ਜੁਗ ਬਦਲ ਗਏ। ਦੁਆਪਰ ਦੀ ਉਮਰ ਜੋ 1296000 ਸਾਲ ਸੀ ਉਹ ਤ੍ਰੇਤਾ ਦੀ ਹੋ ਗਈ ਅਤੇ ਦੁਆਪਰ ਦੀ ਉਮਰ ਸਿਰਫ 864000 ਰਹਿ ਗਈ। ਭਾਵ ਦੁਆਪਰ ਅਤੇ ਤ੍ਰੇਤਾ ਦੀ ਤਰਤੀਬ ਬਾਲ ਗਈ ਸੀ। ਪਰ ਭਾਈ ਗੁਰਦਾਸ ਜੀ ਨੂੰ ਤਾਂ ਇਸ ਤਬਦੀਲੀ ਦੀ ਕੋਈ ਜਾਣਕਾਰੀ ਨਹੀਂ ਹੈ। 

ਪੁਸਤਕ ਗੁਰੂ ਕੀਆਂ ਸਾਖੀਆਂ `ਚ ਦਰਜ ਹੈ, “ਉਪਰੰਤ ਸਤਿਗੁਰਾਂ ਖਾਂਡੇ ਕੇ ਪਿਪਲੇ ਤੇ ਅੰਮ੍ਰਿਤ ਪਾਇ ਪਾਂਚ ਦਫਾ ਅਪਨੇ ਮੁਖ ਮੇਂ ਚੁਆਇ ਪਾਂਚ ਹੀ ਬਾਰ ਸ਼੍ਰੀ ਮੁਖ ਥੀਂ ਸ੍ਰੀ ਵਾਹ ਗੁਰੂ ਜੀ ਕੀ ਫਤੇ ਗਜਾਈ। ਬਾਦ ਮੈਂ ਗੁਰੂ ਜੀ ਨੇ ਖਾਂਡੇ ਕੋ ਦਾਂਏ ਹਾਥ ਸੇ ਪਕੜਬਚਨ ਕੀਆ ਕਿ ਇਹ ਖਾਂਡਾ ਸਰਗੁਨ ਸਰੂਪ ਸ੍ਰੀ ਮਹਾਕਾਲ ਨੇ ਹੇਮ ਕੁੰਟ ਪਰਬਤ ਸੇ ਮੁਝੇ ਬੁਲਾਇ ਕੇ ਦੀਆ ਥਾ।  (ਪੰਨਾ 123) (ਇਹ ਸਿਰਫ ‘ਵਾਹਿਗੁਰੂ’ ਸ਼ਬਦ ਬਾਰੇ ਸਮਝਣ ਲਈ ਉਦਾਹਰਣ ਹੈ)

ਰਹਿਤਨਾਮੇ ਨਾਮ ਦੀ ਪੁਸਤਕ ਤਾਂ ‘’ਅਮਰ’ ਜੀ ਨੇ ਜਰੂਰ ਪੜ੍ਹੀ ਹੋਣੀ ਹੈ। ਪਾਠਕਾਂ ਦੀ ਜਾਣਕਾਰੀ ਲਈ ਉਸ ਦੇ ਵੀ ਕੁਝ ਅੰਸ਼ ਪੇਸ਼ ਹਨ।

ਵਾਹ ਗੁਰੂ ਕਾ ਖਾਲਸਾ ਕਹਤ ਸਕਲ ਮਿਲਿ ਸੋਇ ।
ਪੂਛਉ ਇਨੈ ਸੁਚੇਤ ਕਰਿ
ਜੋ ਤੁਮਰੇ ਮਨ ਹੋਇ ।23(ਪੰਨਾ26)

ਵਾਹ ਗੁਰੂ ਵਾਹ ਗੁਰੂ ਗੁਰੂ ਜੀ ਕਾ ਖਾਲਸਾ ।60(ਪੰਨਾ 40)

ਕਾਸ ਸ੍ਰੂ ਮੋਹ ਚਲੈ ਨੇਜਾ ਲਾਖ ਨਿਸ਼ਾਨ।
ਵਾਹ ਗੁਰੂ ਕਾ ਖਾਲਸਾ ਜੀਤਹਿ ਸਤਰ ਚੌਗਾਨ। (ਪੰਨਾ 50)

 ਛਕਨ ਵਾਲਾ ਬਾਏ ਹਾਥ ਪਰ ਦਾਇਆ ਰਖ ਕੈ ਛਕੇਵਹ ਕਹੇ –ਬੋਲੋ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ (ਪੰਨਾ 68)
ਸ੍ਰੀ ਵਾਹਗੁਰੂ ਪੁਰਨ ਪੁਰਖ ਅਬਿਨਾਸੀ ਜੀ ਕਾ ਬਚਨ ਹੈ  (ਪੰਨਾ 77)

ਹਜਰੂ ਸਿਰੀ ਵਾਹਗੁਰੂ ਪੁਰਨ ਪੁਰਖ ਜੀ ਦੇ ਅੱਗੇ ਇਕ ਸਿੱਖ ਨੇ ਬੇਨਤੀ ਕਰੀ, (ਪੰਨਾ
83)

ਫੇਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਸਿੰਘਾਂ ਨੂੰ ਅਮ੍ਰਿਤ ਛਕਾਇਆ ਅਤੇ ਬਚਨ ਕੀਤਾ ਬੋਲਹੁ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ  (ਪੰਨਾ 95)
ਸਿਖ ਵਾਹਗੁਰੂ ਜੀ ਕੀ ਫਤਹਿ ਬੁਲਾਵੇਅਗੋਂ ਨਾ ਬੋਲੇਸੋ ਭਿ ਤਨਖਾਹੀਆ (੯੯)


ਉੱਪਰ ਦਿੱਤੇ ਪ੍ਰਮਾਣ ‘ਵਾਹ ਗੁਰੂ’ ਸ਼ਬਦ ਦੇ ਰੂਪ ਹਨ ਤੇ ਹੋਰ ਵਿਸਥਾਰ ਵਿੱਚ ਪੜ੍ਹਨ ਲਈ
ਇਸ ਲਿੰਕ ਤੇ http://www.singhsabhacanada.com/?p=11051 ਜਾਂ ਇਸ ਲਿੰਕ ਤੇ  http://www.singhsabhacanada.com/?p=10193 ਜਾ ਕੇ ਗੁਰਬਾਣੀ ਦੇ ਆਧਾਰ ਤੇ ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੇ ਗੁਰਬਾਣੀ ਦੇ ਆਧਾਰ ਤੇ ਸਮਝਣਾ ਚਾਹੋ। ਜੇਕਰ ਆਪਣੇ ਆਪੇ ਬਣੇ ‘ਖਾੜਕੂ ਲੇਖਕ’ ਵਾਂਗ ‘ਵਾਹਿਗੁਰੂ’ ਸ਼ਬਦ ਛੱਡ ਹੋਰ ਪਾਸੇ  ਗੱਲ ਘੁਮਾਉਣੀ ਹੈ ਤਾਂ ਸਮਾਂ ਬਰਬਾਦ ਨਾ ਕਰਨਾ ਜੀ।


ਅਮਰ’ ਜੀ ਨੇ ਸ਼ਹੀਦ ਸਿੰਘਾਂ ਦੀ ਉਦਾਹਰਣ ਦਿੱਤੀ ਹੈ ਕਿ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਪੜਦੇ ਸਨ ‘ਵਾਹਿਗੁਰੂ’ ਜਪਦੇ ਸਨ ਤੇ ਉਨ੍ਹਾਂ ਇੰਨੇ  ਸਿਦਕ ਨਾਲ ਸ਼ਹੀਦੀਆਂ ਪਾਈਆਂ ਹਨ। ਵੀਰ ਜੀ ਦਾਸ ਵੀ ਸ਼ਹੀਦ ਸਿੰਘਾਂ ਦੇ ਨਜ਼ਦੀਕ ਰਿਹਾ ਹੈ…. ਜ਼ਰਾ ਵਿਸ਼ਾਲ ਹਿਰਦੇ ਨਾਲ ਮੇਰੀ ਗੱਲ ਤੇ ਵਿਚਾਰ ਕਰਨਾ ਮੈਂ ਕੋਈ ਨਵਾਂ ਵਿਵਾਦ ਨਹੀਂ ਪੈਦਾ ਕਰ ਰਿਹਾ।
ਹਰ ਸਿੱਖ ਜਾਣਦਾ ਹੈ ਕਿ ‘ਅਖੰਡ ਕੀਰਤਨੀ ਜੱਥਾ’ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ । ਜਿਹੜੇ ‘ਬੱਬਰ ਸਿੰਘ’  ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਰਹੇ ਹਨ ਉਹ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦੇ ਸਨ ਤੇ ਨਾ ਹੀ ਪੜਦੇ ਸੀ ਪਰ ਫਿਰ ਵੀ ਸਿਦਕ ਨਾਲ ਸ਼ਹੀਦ ਹੋਏ ਹਨਦੂਜੇ ਪਾਸੇ  ਜੱਥੇਦਾਰ ਤਲਵਿੰਦਰ ਸਿੰਘ ‘ਬੱਬਰ’ ‘ਰਾਗਮਾਲਾ’ ਨੂੰ ਵੀ ਮੰਨਦੇ ਸਨ ਪੜਦੇ ਵੀ ਸਨ, ਪੰਥਕ ਰਹਿਤ-ਮਰਿਯਾਦਾ ਨੂੰ ਵੀ ਮੰਨਦੇ ਸਨ ਤੇ ਡਟਕੇ ਪ੍ਰਚਾਰਦੇ ਵੀ  ਸਨ ਤੇ ਇਸ ਮਰਿਯਾਦਾ ਵਿੱਚ ਜੋ ਨਿਤਨੇਮ ਦੀਆਂ ਬਾਣੀਆਂ ਦੀ ਗਿਣਤੀ ਹੈ , ਉਸਨੂੰ ਨਾ ਟਕਸਾਲ ਤੇ ਨਾ ਹੀ ਅਖੰਡ ਕੀਰਤਨੀ ਜੱਥਾ ਮਾਨਤਾ ਦਿੰਦੇ ਹਨ। ਉਨ੍ਹਾਂ ਨੇ ਵੀ ਹੱਸ-ਹੱਸ ਕੇ ਸ਼ਹੀਦੀ ਪਾਈ ਹੈ। ਸ਼ਹੀਦ ਬਾਬਾ ਜਰਨੈਲ ਸਿੰਘ ਤੇ ਸਾਥੀ ਸ਼ਹੀਦ ਸਿੰਘ ਵੀ ‘ਰਾਗਮਾਲਾ’ ਨੂੰ ਗੁਰਬਾਣੀ ਮੰਨਦੇ ਸਨ ਤੇ ਟਕਸਾਲ ਦੀ ਮਰਿਯਾਦਾ ਪੰਥਕ ਮਰਿਯਾਦਾ ਨਾਲੋਂ ਵੱਖਰੀ ਹੈ।  ਹੁਣ ਇਥੇ ਤੁਸੀਂ ਕਿਸਨੂੰ ‘ਨੀਮ ਨਾਸਤਿਕ’ ਕਹੋਗੇ ਕਿਉਂਕਿ ਉੱਪਰ ਵਰਨਣ ਤਿੰਨਾਂ ਧਿਰਾਂ ਦੇ ਗੁਰਬਾਣੀ ਤੇ ਰਹਿਤ ਮਰਿਯਾਦਾ ਬਾਰੇ ਵਿਚਾਰ ਵੱਖਰੇ-ਵੱਖਰੇ ਸਨ ਤੇ ਵਿਵਾਦ ਵੀ ਰਿਹਾ ਪਰ ਫਿਰ ਵੀ ਇਹ ਸਿੰਘ ਪੰਥ ਲਈ ਸ਼ਹੀਦ ਹੋਏ, ਇਥੇ ਹੁਣ ਕਿਸਨੂੰ ‘ਨਾਸਤਿਕ’ ਕਹੋਗੇ ‘ਰਾਗਮਾਲਾ’ ਮੰਨਣ ਵਾਲਿਆਂ ਸਿੰਘਾਂ ਨੂੰ ਜਾਂ ਨਾ ਮੰਨਣ ਵਾਲਿਆਂ ਨੂੰ, ਰਹਿਤ ਮਰਯਾਦਾ ਮੰਨਣ ਵਾਲਿਆਂ ਨੂੰ ਜਾਂ ਨਾ ਮੰਨਣ ਵਾਲਿਆਂ ਨੂੰ। ਹੁਣ ਜੇ ਦਲੀਲ ਦਿੱਤੀ ਜਾਵੇ ਕਿ ਸਿਰਫ ‘ਰਾਗਮਾਲਾ’ ਪੜ੍ਹਨ ਕਰਕੇ ਹੀ ਸਿੰਘਾਂ ਦੀ ਸ਼ਹੀਦੀ ਹੋਈ ਹੈ ਤਾਂ ਇਹ ਕੱਚੀ ਦਲੀਲ ਹੋਵੇਗੀ। ਦਸਮ ਗ੍ਰੰਥ ਪੜ੍ਹਨ ਜਾਂ ਨਾ ਪੜ੍ਹਨ ਕਰਕੇ ਸਿਖਾਂ ਵਿੱਚ ਸਿਦਕ ਦਾ ਹੋਣਾ ਨਹੀਂ ਹੈ, ਜੇਕਰ “ਅਮਰ” ਜੀ ਦੀ ਗੱਲ ਮੰਨ ਵੀ ਲਈ ਜਾਵੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਹੈ ਤੇ ਸਿਰਫ ਇਸ ਕਰਕੇ ਸਿੱਖਾਂ ਵਿੱਚ ਸ਼ਹੀਦੀ ਪਾਉਣ ਦਾ ਸਿਦਕ ਆਉਂਦਾ ਹੈ ਤਾਂ ਨੌਵੇਂ  ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਤਾਂ ਇਹ ਗ੍ਰੰਥ ਨਹੀਂ ਸੀ , ਫਿਰ ਉਹਨਾਂ ਤੱਕ ਸ਼ਹੀਦੀ ਪਾਉਣ ਵਾਲਿਆਂ ਨੇ ਸ਼ਹੀਦੀ ਪਾਉਣ ਦਾ ਵੱਲ ਕਿਥੋਂ ਸਿੱਖਿਆ। ਅਮਰੀਕਾ ਵਿੱਚ 9/11 ਦਾ ਕਾਂਡ ਕਰਨ ਵਾਲੇ ਜਿਨ੍ਹਾਂ ਨੂੰ ਉਹਨਾਂ ਦੇ ਵਿਚਾਰ ਵਾਲੇ ਵੀ ਸ਼ਹੀਦ ਮੰਨਦੇ ਹੋਣਗੇ ਉਹ ਕਿਸ ‘ਸ਼ਬਦ’ ਦਾ ਰਟਨ ਕਰਦੇ ਹੋਣਗੇ ਸ਼ਾਇਦ ਤੁਸੀਂ ਜਾਣਦੇ ਹੋਵੋ।

ਹੁਣ ਇੱਕ ‘ਅਮਰ’ ਜੀ ਦੀ ਆਪਣੀ  ਹੀ ਲਿਖਤ ਦਾ ਹਵਾਲਾ ਹੈ.. ਆਪ ਦੇ ਨਾਵਲ ‘ਖੇਤੁ ਜੁ ਮਾਂਡਿਓ ਸੂਰਮਾ’ ਦੇ ਪੰਨਾ ਨੰਬਰ 164 ਦਾ ਇੱਕ ਨਮੂਨਾ ਹੀ ਪੇਸ਼ ਕਰਾਗਾਂ.. ਦੂਜੇ ਪੈਰੇ ਵਿੱਚ ‘ਅਮਰ’ਜੀ ਇਸ ਤਰਾਂ ਲਿਖਦੇ ਹਨ


ਬੇਬੀ ਗਿੱਟ ਅੱਪਉੱਠ ਕੇ ਨਹਾ ਧੋ ਲੈ….” ਉਸਨੇ ਦਲਜੀਤ ਨੂੰ ਹਲੂਣਿਆ। ਦਲਜੀਤ ਨੇ ਚੂਰ –ਚੂਰ ਹੋਏ ਹੱਡਾਂ ਨੂੰ ਇੱਕੱਠੇ ਕੀਤਾ ਤੇ ਬਾਥਰੂਮ ਵਿੱਚ ਵੜ ਗਈ। ਜਦੋਂ ਉਹ ਨਹਾ ਧੋ ਕੇ ਡਰੈੱਸ ਬਦਲਕੇ ਬਾਹਰ ਨਿਕਲੀ ਤਾਂ ਵੱਡਾ ਸਾਬ੍ਹ ਪਾਠ ਕਰਨ ਵਿੱਚ ਮਸ਼ਰੂਫ ਸੀ। ਹਰ ਰੋਜ਼ ਗਿਆਰਾਂ ਪਾਠ ਜਪੁਜੀ ਸਾਹਿਬ ਦੇ ਅਤੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨ ਦਾ ਵੱਡੇ ਸਾਬ੍ਹ ਦਾ ਨਿੱਤ - ਕਰਮ ਸੀ”…..( ਨਾਵਲ ‘ਖੇਤੁ ਜੁ ਮਾਂਡਿਓ ਸੂਰਮਾ’ ਪੰਨਾ ਨੰਬਰ 164 )

ਵੀਰ ਜੀਓ ਤੁਸੀਂ ਵਿਚਾਰ ਦਿੱਤਾ ਹੈ ਕਿ ‘ਗੁਰਬਾਣੀ ਦੇ ਦੁਹਰਾਓ ਨੂੰ ਇਹ ਮਨਮੱਤ ਕਹਿੰਦੇ ਨਹੀਂ ਥੱਕਦੇ, ਤੁਸੀਂ ਇਥੇ ਵੱਡੇ ਸਾਬ੍ਹ ਨੂੰ ਆਪ ਗੁਰਬਾਣੀ ਦੇ ਕਈ ਪਾਠ ਕਰਦੇ ਤੇ ਦੁਹਰਾਓ ਕਰਦੇ ਲਿਖਿਆ ਹੈ ਤੇ ਨਾਲ ਸਾਬ੍ਹ ਦੀਆਂ ਕਾਲੀਆਂ ਕਰਤੂਤਾਂ ਵੀ ਲਿਖੀਆਂ ਹਨ। ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਣ ਵਾਲੇ , ਬੀਬੀਆਂ ਦੀ ਪੱਤ ਨਾਲ ਖੇਡਣ ਵਾਲੇ ਤੁਹਾਡੇ ਲਿਖੇ ਇਸ ਵੱਡੇ ਸਾਬ੍ਹ ਨੂੰ ਜਪੁਜੀ ਸਾਹਿਬ ਦੇ 11 ਅਤੇ ਸੁਖਮਨੀ ਸਾਹਿਬ ਦਾ ਇੱਕ ਪਾਠ ਕਿਉਂ ‘ਗੁਰਸਿੱਖ’ ਨਹੀਂ ਬਣਾ ਸਕਿਆ ? ਕਿ ਗੁਰਬਾਣੀ ਦਸਮ ਗ੍ਰੰਥ ਨਾਲੋਂ ਘੱਟ ਸ਼ਕਤੀ ਰੱਖਦੀ ਹੈ ?  ਅਫ਼ਸੋਸ ‘ਅਮਰ’ ਜੀ ਤੁਹਾਡੇ ਆਪਣੇ ਵਿਚਾਰਾਂ ਤੇ ਤੁਹਾਡੀ ਆਪਣੀ ਹੀ ਲੇਖਣੀ ਨੇ ਹੀ ਪਾਣੀ ਫੇਰ ਦਿੱਤਾ ਹੈ ਕਿਉਂਕਿ ਤੁਹਾਡੇ ਲਿਖੇ ਇਸ ਵੱਡੇ ਸਾਬ੍ਹ ਦੇ ਇਸ ਤੋਤਾ ਰਟਨਮੂੰਹੋਂ ਰਾਮ-ਰਾਮ ਬਗਲ ਵਿੱਚ ਛੁਰੀ ਨੂੰ ਹੀ ਮਨਮੱਤ ਕਿਹਾ ਜਾਦਾ ਹੈ ।  ਕਿਉਂਕਿ ਗੁਰ ਫੁਰਮਾਨ ਹੈ:- ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}

ਸਾਧ ਮਾਨ ਸਿੰਘ ਪਿਹੋਵਾ ਜਿਸਦਾ ਵਿਰੋਧ ਇੰਡੀਆਨਾ ਵਿੱਚ ਤੁਸੀਂ ਵੀ ਡਟਕੇ ਕੀਤਾ ਸੀ, ਉਹ ਸਾਧ ਵੀ ਸਟੇਜ ਤੇ ‘ਕਹੋ ਵਾਹਿਗੁਰੂ’ , ‘ਬੋਲੋ ਵਾਹਿਗੁਰੂ’ ਹੁਣ ਬੋਲਦੇ ਨਹੀਂ , ਕਹਿ –ਕਹਿ ਕੇ ਧੱਕੇ ਨਾਲ ਸਭ ਤੋਂ ‘ਵਾਹਿਗੁਰੂ’ ਕਹਾਉਂਦਾ ਹੈ। ਫਿਰ ਤੁਸੀਂ ਕਿਉਂ ਉਸ ‘ਵਾਹਿਗੁਰੂ’ ਦਾ ਜਾਪ ਕਰਵਾਉਣ ਵਾਲੇ ਦਾ ਵਿਰੋਧ ਕੀਤਾ , ਸਮਝ ਨਹੀਂ ਆ ਰਹੀ ਕਿ ਏਨਾ ਨਾਮ ਜਪਾਉਣ ਵਾਲੇ ਨੂੰ ਕਿਉਂ ਸਿੱਖਾਂ ਦਾ ਵਿਰੋਧ ਸਹਿਣਾ ਪਿਆ।
 ਸਿਰਫ ਪੜ੍ਹਨ ਨਾਲ , ਰਟਨ ਨਾਲ ,ਅਖੰਡ-ਪਾਠਾਂ ਦੀਆਂ ਲੜੀਆਂ ਚਲਾਉਣ ਨਾਲ ਸਮਾਜ ਵਿੱਚ ਤਬਦੀਲੀ ਨਹੀਂ ਆਉਂਦੀ। ਗੁਰਬਾਣੀ ਨੂੰ ਸਮਝਣਾ ਤੇ ਜੀਵਣਾ ਹੀ ਧਰਮ ਅਖਵਾਉਂਦਾ ਹੈ ਤੇ ਸੁਚੱਜੇ ਇਨਸਾਨੀਅਤ ਵਾਲੇ ਗੁਣਾਂ ਨਾਲ ਭਰਪੂਰ ਸਮਾਜ ਦੀ ਸਿਰਜਣਾ ਹੀ ਗੁਰੂ ਸਾਹਿਬਾਨ ਦਾ ਉਦੇਸ਼ ਸੀ ਤੇ ਇਸੇ ਪੰਧ ਤੇ ਸਿੱਖ ਵੀ ਚਲਦਾ ਹੈ।


ਗੁਰਬਾਣੀ ਵਿੱਚ ਰਟਨ ਕਰਨ ਤੇ ਹੋਰ ਇਹੋ ਜਿਹੇ  ਪਾਖੰਡਾਂ ਦਾ ਖੰਡਨ ਹੈ:-

ਸਲੋਕ ਮਃ ੩ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥ {ਪੰਨਾ 1246}
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ {ਪੰਨਾ 467}
ਸਲੋਕ ਮਃ ੧ ॥ ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ {ਪੰਨਾ 1241}
ਜਿਊਣੇ’ ਮਰਾਸੀ ਦੀ ਕਹਾਣੀ ਲਿਖ ਕੇ ‘ਅਮਰ’ ਜੀ ਨੇ ਬਹੁਤ ਹੀ ਨੀਵੇਂ ਪੱਧਰ ਦੀ ਮਾਨਸਿਕਤਾ ਜ਼ਾਹਿਰ ਕਰ ਦਿੱਤੀ ਹੈ ਜੇਕਰ ਗੁਰਬਾਣੀ ਦੇ ਆਧਾਰ ਤੇ ਗੱਲ ਕਰਦੇ ਤਾਂ ਬਹੁਤ ਚੰਗੀ ਗੱਲ ਸੀ।  ਬਾਕੀ ਰਹੀ ਤੁਹਾਡੇ “ਖਾੜਕੂ” ਲੇਖਕ ਦੀ ਗੱਲ ਉਹ ਵੀਰ ਜੀ ਕਦੇ ਸੇਰ ਤੇ ਕਦੇ ਸਵਾ ਸੇਰ ਬਣ ਜਾਂਦੇ ਹਨ , ਪਹਿਲਾਂ ਦੂਜਿਆਂ ਤੇ ਬਿਨਾਂ ਜਾਣਕਾਰੀ ਤੋਂ ਉਗਲਾਂ ਉਠਾਉਂਦੇ ਹਨ, ਮਾੜੀ ਸ਼ਬਦਾਵਲੀ ਦੀਆਂ ਊਝਾਂ ਲਾਉਂਦੇ ਅਤੇ ਧਮਕੀਆਂ ਦਿੰਦੇ ਨੇ , ਫਿਰ ਆਪਣੀ ਸ਼ਬਦਾਵਲੀ ਇੰਨੀ ਘਟੀਆ ਵਰਤਦੇ ਹਨ ਕਿ ਅਨਪੜ੍ਹ- ਗਵਾਰ ਬੰਦਾ ਵੀ ਸ਼ਰਮ ਖਾ ਜਾਏ।

ਭਗਤ ਕਬੀਰ ਜੀ ਦਾ ਕਥਨ ਹੈ ਜਿਸਨੂੰ ਕੇਵਲ ਪੜ੍ਹਨਾ ਨਹੀਂ, ਵਿਚਾਰਨਾ ਵੀ ਜ਼ਰੂਰ ਚਾਹੀਦਾ ਹੈ:-
ਗਉੜੀ ਚੇਤੀ    ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥॥ ਐਸੇ ਲੋਗਨ ਸਿਉ ਕਿਆ ਕਹੀਐਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥ {ਪੰਨਾ 332}

ਮਨਦੀਪ ਸਿੰਘ ‘ਵਰਨਨ’