ਦਸਮ ਗਰੰਥ ਦੀ ਅਸਲੀਅਤ (ਕਿਸ਼ਤ ਨੰਬਰ 20) - ਦਲਬੀਰ ਸਿੰਘ ਐਂਮ. ਐਸ. ਸੀ.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 20)
ਦਲਬੀਰ ਸਿੰਘ ਐੱਮ. ਐੱਸ. ਸੀ.

ਦਸਮ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ-ਪੁਰਬ
ਮਨਾਉਣ ਵਾਲੀਆਂ ਸਿਖ ਸੰਗਤਾਂ/ਪ੍ਰਬੰਧਕ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ

ਗੁਰੂ ਪਿਆਰਿਓ,
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।
ਗੁਰਪੁਰਬ ਮਨਾਉਣ ਤੋਂ ਸਾਡਾ ਅਸਲ ਮਕਸਦ ਹੈ ਕਿ ਗੁਰੂ ਸਾਹਿਬ ਜੀ ਵਡਿਆਈਆਂ, ਗੁਣਾਂ, ਉਪਦੇਸ਼ਾਂ, ਕਾਰਨਾਮਿਆਂ, ਕੁਰਬਾਨੀਆਂ ਤੋਂ ਸਾਰੇ ਸੰਸਾਰ ਨੂੰ ਜਾਣੂ ਕਰਾਈਏ। ਸਭ ਹੈਰਾਨ ਹੁੰਦੇ ਹਨ ਕਿ ੪੨ ਸਾਲ ਦੀ ਸੰਸਾਰਕ ਆਯੂ ਵਿੱਚ ਜੋ ਮਹਾਨ ਕਾਰਨਾਮੇ (੧) ਨੌ ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਧਾਰਮਿਕ ਆਜ਼ਾਦੀ ਖ਼ਾਤਰ ਸ਼ਹੀਦ ਹੋਣ ਲਈ ਆਖਣਾ (੨) ਨਿਤਾਣੀ ਜਨਤਾ ਨੂੰ ਸੰਤ-ਸਿਪਾਹੀ ਬਣਾਉਣਾ (੩) ਜ਼ੁਲਮ ਦੇ ਖ਼ਿਲਾਫ਼ ਜੰਗ ਲੜਦਿਆਂ ਮਾਤਾ ਗੁਜਰੀ ਜੀ ਅਤੇ ਆਪਣੇ ਚਾਰ ਸਾਹਿਬਜ਼ਾਦੇ ਸ਼ਹੀਦ ਕਰਾਉਣਾ (੪) ਸਾਰੇ ਸੰਸਾਰਕ ਸੁਖ ਲੋਕ-ਭਲਾਈ ਖ਼ਾਤਰ ਤਿਆਗਣਾ (੫) ਪਰਲੋਕ ਪਯਾਨਾ ਕਰਨ ਤੋਂ ਪਹਿਲਾਂ ਸਬਦ-ਗੁਰੂ ਸਿਧਾਂਤ ਨੂੰ ਦ੍ਰਿੜ ਕਰਾਉਂਦਿਆਂ ਨਾਨਕ-ਸ਼ਾਹੀ ਸੰਮਤ ੨੩੯ (ਈਸਵੀ ਸੰਨ ੧੭੦੮) ਵਿੱਚ ਪੰਚਮ ਨਾਨਕ ਸਾਹਿਬ ਦੇ ਰਚੇ ਆਦਿ ਗ੍ਰੰਥ ਵਿੱਚ ਨੌਵੇਂ ਨਾਨਕ ਸਾਹਿਬ ਜੀ ਦੀ ਬਾਣੀ ਅੰਕਿਤ ਕਰਕੇ ਤਿਆਰ ਕੀਤੇ ਗ੍ਰੰਥ ਨੂੰ ਗੁਰੂ-ਪਦਵੀ ਪ੍ਰਦਾਨ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ. . ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਸੰਪੂਰਨ ਕਰਨਾ…… ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੇ, ਜਿਨ੍ਹਾਂ ਨੂੰ ਸੁਣ ਕੇ “ਸਾਹਿਬੇ ਕਮਾਲ” ਕਹਿਣਾ ਹੀ ਬਣਦਾ ਹੈ।

ਪਰ, ਆਹ! ਅਸੀ ਅਕ੍ਰਿਤਘਣ ਸਿਖ ਐਸੇ ਮਹਾਨ ਗੁਰੂ (ਜੋ ਕਿ ਸਾਨੂੰ ਹਮੇਸ਼ਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਅੰਮ੍ਰਿਤ-ਮਈ ਬਾਣੀ, ਧੁਰ ਕੀ ਬਾਣੀ, ਸੱਚੀ-ਸੁੱਚੀ ਨਿਰੰਕਾਰ ਦੀ ਬਾਣੀ ਨਾਲ ਜੋੜਦੇ ਰਹੇ) ਨੂੰ ਦੇਵੀ ਦੇਵਤਿਆਂ ਦਾ ਉਪਾਸਕ, ਗੁਰਮਤਿ ਵਿਰੋਧੀ ਅਸ਼ਲੀਲ ਗ੍ਰੰਥਾਂ (ਬਚਿਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ) ਦਾ ਰਚਨਹਾਰਾ ਮੰਨ ਕੇ ਘੋਰ ਅਪਮਾਨ ਕਰ ਰਹੇ ਹਾਂ। ਇਹਨਾਂ ਗ੍ਰੰਥਾਂ ਦੀ ਡੂੰਘੀ ਪੜਚੋਲ ਕੀਤਿਆਂ ਸਿਧ ਹੁੰਦਾ ਹੈ ਕਿ ਇਹ ਦੋਂਵੇਂ ਗ੍ਰੰਥ ਬ੍ਰਾਹਮਣੀ-ਗ੍ਰੰਥਾਂ ਮਾਰਕੰਡੇਯ ਪੁਰਾਣ (ਦੇਵੀ ਦੁਰਗਾ, ਸ਼ਿਵਾ, ਭਗਉਤੀ, ਕਾਲਕਾ, ਮਹਾਕਾਲੀ ਦਾ ਗ੍ਰੰਥ), ਸ਼ਿਵ ਪੁਰਾਣ (ਦੇਵਤਾ ਮਹਾਕਾਲ, ਸਰਬਕਾਲ, ਸਰਬਲੋਹ. . ਦਾ ਗ੍ਰੰਥ), ਸ੍ਰੀ ਮਦ ਭਾਗਵਤ ਪੁਰਾਣ (ਦੇਵਤਾ ਵਿਸ਼ਨੂੰ ਦੇ ਅਵਤਾਰਾਂ ਰਾਮ ਚੰਦ੍ਰ, ਕ੍ਰਿਸ਼ਨ ਆਦਿਕ ਦਾ ਗ੍ਰੰਥ) ਦੀ ਨਕਲ ਮਾਰ ਕੇ ਲਿਖੇ ਗਏ ਹਨ। ਇਹ ਦੋਵੇਂ ਗ੍ਰੰਥ ਦਸਮ-ਗੁਰੂ-ਰਚਿਤ ਨਹੀ ਹਨ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਦਾ ਹੁਕਮ: ਪੰਡਿਤ ਮੁਲਾ ਜੋ ਲਿਖ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। ਮੰਨ ਕੇ ਸਾਨੂੰ ਬਚਿਤ੍ਰ ਨਾਟਕ ਗ੍ਰੰਥ ਅਤੇ ਸਰਬਲੋਹ ਗ੍ਰੰਥ ਤਿਆਗ ਦੇਣੇ ਚਾਹੀਦੇ ਹਨ ਕਿਉਂਕਿ ਇਹਨਾਂ ਗੁਰਮਤਿ ਵਿਰੋਧੀ ਗ੍ਰੰਥਾਂ ਵਿੱਚ ਕਿਸੇ ਇੱਕ ਵੀ ਪੰਨੇ ਤੇ ਸੰਪੂਰਨ ਮੂਲ-ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “ ਨਹੀ ਲਿਖਿਆ ਪਰ ਦੇਵੀ-ਬੋਧਕ “ਸ੍ਰੀ ਭਗਉਤੀ ਜੀ ਸਹਾਇ। . . ਸ੍ਰੀ ਭਗੌਤੀ ਏ ਨਮਹ। . . ਅਤੇ “ਸਰਬਕਾਲ ਕੀ ਰੱਛਾ. . , ਸਰਬਲੋਹ ਕੀ ਰੱਛਾ…” ਆਦਿਕ ਮੰਗਲਾਚਰਨ ਲਿਖੇ ਮਿਲਦੇ ਹਨ, ਕਿਉਂ? ਕਿਉਂਕਿ ਇਨ੍ਹਾਂ ਗ੍ਰੰਥਾਂ ਵਿੱਚ ਇਸ਼ਟ ਦਾ ਸਰੂਪ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾਂ ੭੩ ਤੇ ਸਪਸ਼ਟ ਬਿਆਨ ਕੀਤਾ ਹੈ:
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।।
ਅਰਥਾਤ, ਦੇਵਤਾ ਸਰਬਕਾਲ ਅਥਵਾ ਮਹਾਕਾਲ ਸਾਡਾ ਪਿਤਾ ਹੈ ਤੇ ਦੇਵੀ ਕਾਲਕਾ, ਦੁਰਗਾ, ਭਗੌਤੀ, ਚੰਡੀ, ਸ਼ਿਵਾ ਸਾਡੀ ਮਾਂ ਹੈ।

ਪਰ, ਅਫ਼ਸੋਸ! ਕਿ ਅਸੀ ਇਨ੍ਹਾਂ ਗੁਰਮਤਿ-ਵਿਰੋਧੀ ਗ੍ਰੰਥਾਂ ਦੀਆਂ ਕੱਚੀਆਂ ਬਾਣੀਆਂ, ਦੇਹਿ ਸ਼ਿਵਾ ਬਰ ਮੋਹਿ ਇਹੈ…… ਹੇਮਕੁੰਟ ਪਰਬਤ ਹੈ ਜਹਾਂ… ਮਹਾਕਾਲ ਕਾਲਕਾ ਆਰਾਧੀ… ਹੇ ਰਵਿ ਹੇ ਸਸਿ ਹੇ ਕਰੁਣਾਨਿਧਿ… ਕ੍ਰਿਪਾ ਕਰਿ ਸ਼ਯਾਮ ਏਹੈ ਬਰ ਦੀਜੈ। . . ਯਾ ਤੇ ਪ੍ਰਸੰਨ ਭਏ ਹੈ ਮਹਾ ਮੁਨਿ… ਸ਼ੰਖਨ ਕੀ ਧੁਨਿ ਘੰਟਨ ਕੀ ਕਰ ਫੂਲਨ ਕੀ ਬਰਖਾ… ਪ੍ਰਿਥਮ ਭਗੌਤੀ ਸਿਮਰ ਕੇ… ਹਮਰੀ ਕਰੋ ਹਾਥ ਦੈ ਰਛਾ… (ਕਵੀਆਂ ਦੀਆਂ ਰਚਨਾਂਵਾਂ) ਦਾ ਪਾਠ/ਕੀਰਤਨ ਕਰੀ ਜਾ ਰਹੇ ਹਾਂ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ (ਅਨੰਦੁ ਬਾਣੀ):
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ।। ……ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ। . . (ਅੰਗ ੯੨੦)
ਰਾਮਕਲੀ ਮਹਲਾ ੩, ਅਨੰਦੁ ਬਾਣੀ ਦੇ ਹੁਕਮ ਨ ਮੰਨ ਕੇ ਅਸੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹੋ ਰਹੇ ਹਾਂ। ਕੀ ਇਸ ਤਰ੍ਹਾਂ ਅਸੀ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਦੇ ਪਾਤਰ ਬਣ ਸਕਦੇ ਹਾਂ? ਅਸੀ ਫਿਰ ਚੇਤੇ ਕਰੀਏ, ਵਾਰ ਆਸਾ ਮ: ੧,
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ। . . ।। ਤਾ ਦਰਗਹ ਪੈਧਾ ਜਾਇਸੀ।। (ਅੰ: ੪੭੧)

ਗੁਰੂ ਪਿਆਰਿਓ! ਦੋਵੇਂ ਹਥ ਜੋੜ ਕੇ ਬੇਨਤੀ ਹੈ ਕਿ ਸਾਹਿਬੇ ਕਮਾਲ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਦੇਵਤਿਆਂ ਦਾ ਉਪਾਸ਼ਕ ਸਿਧ ਕਰਣ ਵਾਲੀਆਂ ਰਚਨਾਂਵਾਂ ਦਾ ਰਚਨਹਾਰਾ ਦਰਸਾ ਕੇ ਬਦਨਾਮ ਨ ਕਰੋ ਜੀ। ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਧੁਰ ਕੀ ਪਾਵਨ ਬਾਣੀ ਦਾ ਪਾਠ, ਕੀਰਤਨ. ਕਥਾ, ਵੀਚਾਰ, ਕਮਾਈ, ਪ੍ਰਚਾਰ ਕਰਕੇ ਆਪਣਾ ਮਨੁਖਾ ਜਨਮ ਸਫ਼ਲਾ ਕਰੋ ਜੀ।