ਕੀ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ? - ਸਰਵਜੀਤ ਸਿੰਘ

ਕੀ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ?

ਸਰਵਜੀਤ ਸਿੰਘ

ਹਾਂ! ਇਹ ਸੱਚ ਹੈ। ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਹੀ ਬਣੀ ਹੈ । ਕੀ ਕਿਹਾ? ਇਹ ਹੋ ਹੀ ਨਹੀ ਸਕਦਾ। ਅਸੀ ਨਹੀ ਮੰਨਦੇ !

ਭਾਈ ਤੁਹਾਡੇ ਮਂੰਨਣ ਜਾਂ ਨਾਂ ਮਂੰਨਣ ਨਾਲ ਕੀ ਫ਼ਰਕ ਪੈਂਦਾ ਹੈ । ਇਹ ਤਾਂ ਅੱਜ ਤੋ ਲੱਖਾਂ ਸਾਲ ਪਹਿਲਾ ਹੋ ਚੁੱਕਾ ਹੈ। ਜੇ ਮੇਰੇ ਤੇ ਯਕੀਨ ਨਹੀ ਤਾਂ ਆਪ ਪੜ੍ਹਨ ਦੀ ਖੇਚਲ ਕਰੋ ਜੀ।

ਦਸਮ ਗ੍ਰੰਥ ਵਿਚ ਦਰਜ ‘ਬਚਿਤ੍ਰ ਨਾਟਕ’ ਨਾਮ ਦੀ ਇਕ ਰਚਨਾ ਹੈ ਜਿਸ ਦੇ ਕੁਲ 14 ਅਧਿਆਇ ਅਤੇ 471 ਛੰਦ ਹਨ। ਇਸ ਦੇ ਦੂਜੇ ਅਧਿਆਇ ਵਿਚ (ਜਿਸ ਦੇ 36 ਛੰਦ ਹਨ) ਕਵੀ ਆਪਣੇ ਬੰਸ ਦਾ ਵਰਨਣ ‘ਸ਼ੁਭ ਬੰਸ ਬਰਨਨ’ ਕਰਦਾ ਹੈ। ਇਸ ਵਿਚ ਤਾਂ ਇਸ ਤਰਾਂ ਹੀ ਲਿਖਿਆ ਹੋਇਆ ਹੈ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ। ਇਸ ਦੇ ਲੇਖਕ ਬਾਰੇ ਤਾ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਣਾ ਹੈ। ਆਓ ਦੂਜੇ ਅਧਿਆਇ ਦੀ ਵਿਚਾਰ ਕਰੀਏ।

ਤੇਰੀ ਮਹਿਮਾ ਅਪਰ ਅਪਾਰ ਹੈ ਉਸ ਦਾ ਕੋਈ ਅੰਤ ਨਹੀ ਪਾ ਸਕਦਾ।1। ਜੇ ਕਾਲ ਦੀ ਕ੍ਰਿਪਾ ਹੋਵੇ ਤਾਂ ਗੂੰਗਾ ਸ਼ਾਸਤਰ ਉਚਾਰਨ, ਪਿੰਗਲਾ ਪਹਾੜਾਂ ਤੇ ਚਂੜ੍ਹਨ, ਅੰਨ੍ਹਾ ਵੇਖਣ ਅਤੇ ਬੋਲਾ ਸੁਣਨ ਦੇ ਸਮਰੱਥ ਹੋ ਸਕਦਾ ਹੈ।2। ਜਿਵੇ ਪੁੱਤਰ ਪਿਤਾ ਦੇ ਜਨਮ ਦਾ ਭੇਦ ਨਹੀ ਜਾਣਦਾ ਇਸ ਤਰ੍ਹਾਂ ਹੀ ਮੈ ਤੇਰੇ ਬਾਰੇ ਕੀ ਜਾਣ ਸਕਦਾ ਹਾਂ। ਤੇਰੀ ਸਮਰੱਥਾ ਦਾ ਤਾਂ ਤੈਨੂੰ ਹੀ ਗਿਆਨ ਹੋ ਸਕਦਾ ਹੈ। ਜਿਵੇ ਸ਼ੇਸ਼ਨਾਗ ਆਪਣੀਆਂ ਦੋ ਹਜਾਰ ਜੀਭਾਂ ਨਾਲ ਤੇਰਾ ਨਾਮ ਰੱਟ ਰਿਹਾ ਹੈ ਪਰ ਉਹ ਵੀ ਤੇਰਾ ਅੰਤ ਨਹੀ ਪਾ ਸਕਿਆ। 6। ਜਦੋ ਤੇਰੀ ਕ੍ਰਿਪਾ ਹੋਵੇਗੀ ਤਾਂ ਮੈ ਤੇਰੀ ਮਹਿਮਾ ਦਾ ਵਰਨਣ ਕਰਾਂਗਾ ਹੁਣ ਮੈ ਆਪਣੀ ਕਥਾ ਦਾ ਵਰਨਣ ਕਰਦਾ ਹਾ। ਜਿਸ ਤਰਾਂ ਸੋਢੀ ਬੰਸ ਪੈਦਾ ਹੋਇਆ। 8।

ਕਾਲ ਨੇ ਸ੍ਰਿਸ਼ਟੀ ਦਾ ਪਸਾਰਾ ਕੀਤਾ ਤਾਂ ਕਾਲ ਸੈਨ ਨਾਮ ਦਾ ਰਾਜਾ ਹੋਇਆ, ਕਾਲ ਕੇਤ ਦੂਜਾ, ਕੂਰਬਸਰ ਤੀਜਾ ਅਤੇ ਕਾਲ ਧੁਜ ਚੌਥਾ ਰਾਜਾ ਹੋਇਆ ਜਿਸ ਤੋ ਜਗਤ ਹੋਦ ਵਿਚ ਆਇਆ।11। ਇੱਕ ਹਜਾਰ ਅੱਖਾਂ ਅਤੇ ਹਜਾਰ ਪੈਰਾਂ ਵਾਲਾ ਇਹ ਰਾਜਾ ਜੋ ਸ਼ੇਸ਼ਨਾਗ ਦੀ ਸੇਜਾ ਤੇ ਸੌਂਦਾ ਹੈ ਨੇ ਆਪਣੇ ਇਕ ਕੰਨ ‘ਚੋ ਮੈਲ ਕੱਢੀ ਜਿਸ ਤੋਂ ਮੁਧ ਅਤੇ ਕੀਟਭ ਦੈਤ ਬਣਾਏ ਅਤੇ ਦੂਜੇ ਕੰਨ ‘ਚੋ ਮੈਲ ਕੱਢੀ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਬਣਾਈ।13।

ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ।

ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। 13।

ਕਾਲ ਨੇ ਆਪ ਹੀ ਮੁਧ ਅਤੇ ਕੀਟਭ ਦਾ ਵੱਧ ਕਰ ਦਿੱਤਾ ਤਾਂ ਉਨ੍ਹਾਂ ਦੀ ਮਿਝ (ਮੇਦ) ਸਮੁੰਦਰ ਵਿਚ ਪਈ ਤਾਂ ਉਹ ਪਾਣੀ ਤੇ ਤਰਦੀ ਰਹੀ ਤਾਂ ਹੀ ਧਰਤੀ ਨੂੰ ਮੇਧਾ ਕਿਹਾ ਜਾਣ ਲੱਗਾ। ਇਸ ਤੋ ਅੱਗੇ ਹੋਰ ਵੀ ਬੁਹਤ ਰਾਜੇ ਹੋਏ ਜੇ ਸਾਰਿਆ ਦਾ ਵਿਸਥਾਰ ਕਰਾ ਤਾਂ ਗ੍ਰੰਥ ਬਹੁਤ ਵੱਡਾ ਹੋ ਜਾਵੇਗਾ। ਉਸ ਤੋ ਅੱਗੇ ਦਕਸ਼ ਪ੍ਰਜਾਪਤੀ ਰਾਜਾ ਹੋਇਆ ਜਿਸ ਦੇ ਦਸ ਹਜਾਰ ਲੜਕੀਆਂ ਪੈਦਾ ਹੋਈਆਂ। ਤੇ ਸਾਰੀਆਂ ਹੀ ਵਿਆਹ ਦਿੱਤੀਆਂ ।17। ਕਸ਼ਯਪ ਰਿਸ਼ੀ ਨੇ ਚਾਰ ਲੜਕੀਆਂ ਨਾਲ ਵਿਆਹ ਕੀਤਾ ਅਤੇ ਕਦਰੂ ਤੋਂ ਸੱਪ, ਬਨਿਤਾ ਤੋਂ ਗਰੁੜ, ਦਿਤਿ ਤੋਂ ਦੈਤ ਅਤੇ ਅਦਿਤਿ ਤੋਂ ਦੇਵਤੇ ਪੈਦਾ ਹੋਏ। ਉਹਨਾਂ ਬੱਚਿਆ (ਦੇਵਤਿਆਂ) ‘ਚੋ ਇਕ ਨੇ ਸੁਰਜ ਦਾ ਰੂਪ ਧਾਰਨ ਕੀਤਾ (ਤਾਤੇ ਸੂਰਜ ਰੂਪ ਕੋ ਧਰਾ) ਜਿਸ ਤੋਂ ਸੁਰਜ ਬੰਸ ਚਲਿਆ। ਇਸ ਬੰਸ ਵਿਚ ‘ਰਘੂ’ ਰਾਜਾ ਹੋਇਆ ਜਿਸ ਤੋ ਰਘੂਬੰਸ ਚਲਿਆ। ਰਘੂ ਦਾ ਪੁੱਤਰ ‘ਅਜ’ ਅਤੇ ‘ਅਜ’ ਦਾ ਪੁਤਰ ‘ਦਸ਼ਰਥ’ ਹੋਇਆ ਜਿਸ ਨੇ ਤਿੰਨ ਰਾਣੀਆਂ (ਕੌਸ਼ਲਿਆ, ਕੈਕਈ ਅਤੇ ਸੁਮਿਤ੍ਰਾ) ਨਾਲ ਵਿਆਹ ਕੀਤਾ। ਜਿਸ ਦੇ ਚਾਰ ਪੁੱਤਰ (ਰਾਮ, ਭਰਤ, ਲੱਛਮਣ ਅਤੇ ਸ਼ਤਰੂਘਨ ) ਪੈਦਾ ਹੋਏ ਅਤੇ ਅੱਗੋ ਰਾਮ ਦੇ ਦੋ ਪੁੱਤਰ ਲਵ ਅਤੇ ਕੁਸ ਼ਪੈਦਾ ਹੋਏ ।23। ਉਨ੍ਹਾਂ ਨੇ ਦੋ ਨਗਰ (ਲਹੌਰ ਅਤੇ ਕਸੂਰ) ਵਸਾਏ ਜਿਨ੍ਹਾਂ ਦੀ ਸ਼ੋਭਾ ਦੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ। (ਗਿਆਨੀ ਪੂਰਨ ਸਿੰਘ ਨੇ ਸੱਚ ਬੋਲਿਆ ਸੀ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ)

ਕਿਥੋ ਤੱਕ ਰਾਜਿਆ ਦਾ ਵਰਨਣ ਕਰਾਂ ਚੌਹਾਂ ਯੁਗਾ ਦੇ ਰਾਜਿਆ ਦੀ ਗਿਣਤੀ ਨਹੀ ਹੋ ਸਕਦੀ। ਤੇਰੀ ਕ੍ਰਿਪਾ ਨਾਲ ਕਾਲ ਕੇਤੁ ਅਤੇ ਕਾਲ ਰਾਇ ਦਾ ਨਾਮ ਲੈਂਦਾ ਹਾ। 27। ਕਾਲ ਕੇਤੁ ਬੁਹਤ ਹੀ ਸ਼ਕਤੀ ਸ਼ਾਲੀ ਸੀ ਜਿਸ ਨੇ ਕਾਲ ਰਾਇ ਨੂੰ ਨਗਰ ‘ਚ ਕੱਢ ਦਿੱਤਾ। ਜਿਸ ਨੇ ਸਨੌਢ ਜਾ ਡੇਰਾ ਲਾਇਆ ਅਤੇ ਉਥੇ ਦੀ ਰਾਜਕੁਮਾਰੀ ਨਾਲ ਵਿਆਹ ਕਰ ਲਿਆ ਜਿਸ ਤੋਂ ਸੋਢ ਰਾਏ ਨੇ ਜਨਮ ਲਿਆ ਜਿਸ ਤੋ ਸੋਢੀ ਬੰਸ਼ ਚਲਿਆ।29। ਸੋਢ ਰਾਏ ਦੇ ਪੁੱਤਰ (ਸੋਢੀ) ਜਗਤ ਵਿਚ ਬੁਹਤ ਪ੍ਰਸਿੱਧ ਹੋਏ। ਉਨ੍ਹਾਂ ਨੇ ਰਾਜਸੂਯ ਅਤੇ ਅਸ਼੍ਵਮੇਧ ਯੱਗ ਕੀਤੇ ਅਤੇ ਆਪਣੇ ਰਾਜ ਦਾ ਬੁਹਤ ਹੀ ਵਿਸਥਾਰ ਕੀਤਾ। ਅੰਤ ਸੋਢੀ ਬੰਸ਼ ਵਿਚ ਆਪਸੀ ਝਗੜਾ ਬੁਹਤ ਹੀ ਵਧ ਗਿਆ ਅਤੇ ਕੋਈ ਵੀ ਉਨ੍ਹਾਂ ਦਾ ਰਾਜੀਨਾਮਾਂ ਨਾ ਕਰਵਾ ਸਕਿਆ। 33। ਧਨ ਤੇ ਧਰਤੀ ਦਾ ਪੁਰਾਣਾ ਵੈਰ ਹੈ ਜਿਸ ਨੇ ਸਾਰੇ ਜਗਤ ਨੂੰ ਜਕੜਿਆ ਹੋਇਆ ਹੈ। ਧਨ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਸ ਦਾ ਸਾਰਾ ਜਗਤ ਗੁਲਾਮ ਹੈ ਸਾਰੇ ਧਂੰਨਵਾਨਾਂ ਨੂੰ ਪ੍ਰਨਾਮ ਕਰਦੇ ਹਨ । 35। ਕਾਲ ਦਾ ਵੀ ਕੋਈ ਅੰਤ ਨਹੀ ਜਿਸ ਨੇ ਵੈਰ ਵਿਰੋਧ ਅਤੇ ਹੰਕਾਰ ਨੂੰ ਪੈਦਾ ਕੀਤਾ ਹੈ। ਜਿਸ ਦੀ ਇੱਛਾ ਕਰਕੇ ਹੀ ਸਾਰੇ ਮਰ ਰਹੇ ਹਨ। 36।

ਕਾਲ ਨ ਕੋਉ ਕਰਨ ਸੁਮਾਰਾ। ਬੈਰ ਬਾਦ ਅਹੰਕਾਰ ਪਸਾਰਾ।

ਲੋਭ ਮੂਲ ਇਹ ਜਗ ਕੋ ਹੂਆ। ਜਾ ਸੋ ਚਾਹਤ ਸਭੈ ਕੋ ਮੁਆ। 36।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਮ ਸਤੁ ਸੁਭਮ ਸਤੁ ।2।

ਇਹ ਹੈ ਉਹ ਪੂਰੀ ਵਾਰਤਾ ਜੋ ਇਹ ਸਾਬਤ ਕਰਦੀ ਹੈ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਬਣੀ ਹੈ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਆਪਣੀ ਆਤਮ ਕਥਾ ‘ਬਚਿਤ੍ਰ ਨਾਟਕ’ ਵਿਚ ਦਰਜ ਕੀਤਾ ਹੈ।

ਇਥੇ ਇਹ ਵੀ ਖਿਆਲ ਰਹੇ ਕਿ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ‘ਕਾਲ’ ਹੈ। ਮਹਾਨ ਕੋਸ਼ ਵਿਚ ਕਾਲ ਦੇ 14 ਅਰਥ ਲਿਖੇ ਹੋਏ ਹਨ। ਪਰ ਕਾਲ ਦਾ ਅਰਥ ਪ੍ਰਮਾਤਮਾ ਨਹੀਂ ਲਿਖਿਆ ਮਿਲਦਾ। ਗੁਰੁ ਗ੍ਰੰਥ ਸਾਹਿਬ ਜੀ ਵਿਚ ਵੀ ਕਾਲ ਅਤੇ ਅਕਾਲ ਵੱਖ-ਵੱਖ ਸਬਦ ਹਨ।

ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥(40)

ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥(78)

ਬਿਪਰੀ ਗ੍ਰੰਥਾਂ ਵਿਚ ਕਾਲ ਸਿਰਜਣਹਾਰ ਲਈ ਹੀ ਵਰਤਿਆ ਗਿਆ ਹੈ। ਅਕਾਲ ਇਕ ਹੈ ਇਸ ਨੂੰ ਵੰਡਿਆ ਨਹੀ ਜਾ ਸਕਦਾ । ਮਹਾਨ ਕੋਸ਼ ਦੇ 14ਵੇ ਅਰਥ ਅਨੁਸਾਰ ਕਾਲ ਦੇ ਤਿੰਨ ਭਾਗ ਹਨ । (1) ਭੂਤ (ਪੈਦਾ ਕਰਨ ਵਾਲਾ, ਬ੍ਰਹਮਾ) (2) ਵਰਤਮਾਨ (ਪਾਲਣ ਵਾਲਾ, ਵਿਸ਼ਨੂੰ) (3) ਭਵਿੱਖ (ਖੈ ਕਰਨ ਵਾਲਾ, ਸਿ਼ਵਜੀ)

ਹਿੰਦੂ ਮਿਥਿਹਾਸ ਕੋਸ਼ ਵਿਚ (ਪੰਨਾ178) ਕਾਲ ਨੂੰ ਸਾਰੇ ਸੰਸਾਰ ਦਾ ਸਿਰਜਕ ਹੀ ਲਿਖਿਆਂ ਹੋਇਆ ਹੈ

ਪ੍ਰਿਥਮ ‘ਕਾਲ’ ਜਬ ਕਰਾ ਪਸਾਰਾ ਓਅੰਕਾਰ ਤੇ ਸ੍ਰਿਸਟਿ ਉਪਾਰਾ।

ਕਾਲਸੈਣ ਪ੍ਰਥਮੈ ਭਇਓ ਭੂਪਾ। ਅਧਿਕ ਬਲਿ ਰੂਪ ਅਨੂਪਾ। (ਬਚਿਤ੍ਰ ਨਾਟਕ- ਬ ਨ 10)

ਸਭ ਤੋ ਪਹਿਲਾ ਪੈਦਾ ਹੋਣ ਵਾਲਾ ਰਾਜਾ ਕਾਲਸੈਣ (ਵਿਸਨੂੰ) ਹੈ ਅਤੇ ਦੂਜਾ ਕਾਲ ਕੇਤ (ਬ੍ਰਹਮਾ) ਤੀਜਾ ਕੂਰਬਸਰ (ਸਿ਼ਵਜੀ) ਅਤੇ ਚੌਥਾ ਕਾਲਧੁਜ (ਪ੍ਰਜਾਪਤੀ –ਵਿਸ੍ਵਕਰਮਾ) ਹੈ। ਹਿੰਦੂ ਮਿਥਹਾਸ ਮੁਤਾਬਕ ਪਹਿਲਾ ਦੇਵਤਾ ਬ੍ਰਹਮਾ ਹੈ। (ਹਿੰਦੂ ਤ੍ਰਿਮੂਰਤੀ ਦਾ ਪ੍ਰੰਥਮ ਦੇਵਤਾ। ਹਿੰਦੂ ਮਿਥਿਹਾਸ ਕੋਸ਼ ਪੰਨਾ 366) ਦੂਜਾ ਵਿਸਨੂੰ ਅਤੇ ਤੀਜਾ ਹੈ ਸਿ਼ਵਜੀ। ਇਸ ਤੋ ਇਹ ਸਪੱਸ਼ਟ ਹੁੰਦਾ ਹੈ ਕਿ ਲੇਖਕ ਨੂੰ ਨਾਂ ਤਾਂ ਹਿੰਦੂ ਮਿਥਹਾਸ ਦੀ ਜਾਣਕਾਰੀ ਹੈ ਤੇ ਨਾਹੀ ਗੁਰਬਾਣੀ ਦੀ। ਗੁਰਬਾਣੀ ਵਿਚ ਵੀ (ਜਿਥੇ ਇਨ੍ਹਾਂ ਅਖੌਤੀ ਦੇਵਤਿਆਂ ਨੂੰ ਰੱਦ ਕੀਤਾ ਗਿਆ ਹੈ) ਇਹਨਾ ਦੀ ਤਰਤੀਬ ਹਿੰਦੂ ਮਿਥਹਾਸ ਵਾਲੀ ਹੀ ਹੈ ।

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ (1035)

ਇਹ ਤਿੰਨ ਦੇਵਤਿਆਂ ਦੇ ਸਿਧਾਂਤ ਨੂੰ ਤਾਂ ਗੁਰਬਾਣੀ ਨੇ ਬਾਰ-ਬਾਰ ਰੱਦ ਕੀਤਾਂ ਹੈ

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥

ਲੋਕੀ ਇਹ ਸਮਝਦੇ ਹਨ ਕਿ ਇਕ ਮਾਈ ਸੀ ਉਸ ਨੇ ਤਿੰਨ ਚੇਲੇ ਪੈਦਾ ਕੀਤੇ। ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਪਾਲਣ ਪੋਸ਼ਣ ਵਾਲਾ ਅਤੇ ਸਿ਼ਵਜੀ ਮੌਤ ਸਮੇ ਹਿਸਾਬ-ਕਿਤਾਬ ਕਰਨ ਵਾਲਾ। ਪਰ ਨਹੀ! ਜਿਵੇ ਅਕਾਲ ਪੁਰਖ ਨੂੰ ਭਾਉਂਦਾ ਹੈ ਉਹ ਉਸ ਤਰ੍ਹਾਂ ਹੀ ਕਰਦਾ ਹੈ। ਉਸ ਦਾ ਕੋਈ ਸਲਹਾਕਾਰ ਵੀ ਨਹੀ ਹੈ।

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥

ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥

ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥4॥ (53)

ਸਾਧ ਕਰਮ ਜੇ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ।

ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰ ਹੀ।(ਬ ਨ 15)

ਜੋ ਪੁਰਸ਼ ਸਾਧਾਂ ਵਾਲੇ ਭਲੇ ਕਰਮ ਕਰਦਾ ਹੈ ਉਹ ਮਨੁੱਖ ਦੇਵਤਾ ਅਖਵਾਉਦਾ ਹੈ ਅਤੇ ਜੋ ਮੰਦੇ ਕਰਮ ਕਰਦਾ ਹੈ ਉਸ ਨੂੰ ਦੈਤ ਕਿਹਾ ਜਾਦਾ ਹੈ। ਸਪੱਸ਼ਟ ਹੈ ਕਿ ਦੇਵ ਅਤੇ ਦੈਤਾਂ ਦੀ ਕੋਈ ਵੱਖਰੀ ਜਾਤੀ ਨਹੀ ਹੁੰਦੀ ਸਗੋ ਉਨ੍ਹਾਂ ਦੇ ਕਰਮਾ ਅਨੁਸਾਰ ਹੀ ਜਾਤੀ ਬਣਦੀ ਹੈ। ਪੜੋ ਅਗਲੀਆਂ ਪੱਗਤੀਆਂ ਦੈਤ ਤਾਂ ਜਨਮ ਤੋ ਹੀ ਦੈਤ ਹਨ। ਆਪਣੇ ਲਿਖੇ ਦੀ ਆਪੇ ਖੰਡਣਾ!

ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ। (ਬ ਨ 13)

ਬਨਤਾ ਕਦ੍ਰ ਦਿਤਿ ਅਦਿਤਿ ਏ ਰਿਖ ਬਰੀ ਬਨਾਇ।

ਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਜਾਇ।( ਬ ਨ 18)

13 ਵੀਂ ਅਤੇ 18 ਵੀਂ ਚੌਪਈ ਵਿਚ ਹੀ ਦੇਵਤੇ ਅਤੇ ਦੈਤ ਵੱਖ-ਵੱਖ ਪੈਦਾ ਹੁੰਦੇ ਦੱਸਿਆ ਗਿਆ ਹੈ। ਕੀ ਨਾਂਗਾਂ ਦੀਆਂ ਲੱਗ-ਭੱਗ 2700 ਕਿਸਮਾ ਇਨਸਾਨ ਦੀ (ਕਸ਼ਯਪ ਰਿਸ਼ੀ ਅਤੇ ਉਸ ਦੀ ਪਤਨੀ ਕਦੂਰ ) ਔਲਾਦ ਹਨ?

ਇਸ ਸਾਰੇ ਪਸਾਰੇ ਦੀ ਰਚਨਾ ਬਾਰੇ ਇਲਾਹੀ ਸੱਚ ਅੰਮ੍ਰਿਤਮਈ ਬਾਣੀ ਦਾ ਪਵਿਤੱਰ ਉਪਦੇਸ਼ ਹੈ:

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (4)

ਗੁਰੂ ਨਾਨਕ ਜੀ ਦੀ ਦਸਵੀ ਜੋਤ ਗੁਰੂ ਗੋਬਿੰਦ ਸਿੰਘ ਜੀ ਇਹ ਕਿਵੇ ਲਿਖ ਸਕਦੇ ਸਨ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੋ ਅਣਜਾਣ ਸਨ? ਹਿੰਦੂ ਮਿਥਿਹਾਸ ਦੀ ਇਹ ਮਨੋਕਲਪਤ ਸਾਖੀ ਗੁਰਮਤਿ ਦੇ ਸਿਧਾਂਤ ਦੇ ਉਲਟ ਹੈ। ਇਸ ਲਈ ਇਹ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋ ਹੀ ਨਹੀ ਸਕਦਾ।